- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਆਂਟਮ ਕੰਪਿਊਟਿੰਗ ’ਚ ਵਿਗਿਆਨੀਆਂ ਨੇ ਇੱਕ ਨਵੀਂ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਭਵਿੱਖ ’ਚ ਕੁਆਂਟਮ ਕੰਪਿਊਟਰਾਂ ਦੇ ਨਾਜ਼ੁਕ ਡਾਟਾ ਨੂੰ ਸੁਰੱਖਿਅਤ ਰੱਖਣ ’ਚ ਮਦਦ ਮਿਲ ਸਕਦੀ ਹੈ। ਰਮਨ ਰਿਸਰਚ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਪਾਇਆ ਹੈ ਕਿ ਸਹੀ ਸਮੇਂ ’ਤੇ ਫੋਟੋਨ ਦੀ ਕੁਆਂਟਮ ਅਵਸਥਾ ਨੂੰ ‘ਫਲਿਪ’ ਕਰਨ ਨਾਲ ਕੁਆਂਟਮ ਐਂਟੈਂਗਲਮੈਂਟ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕਦਾ ਹੈ।

ਟੈਕਨੋਲੋਜੀ ਡੈਸਕ, ਨਵੀਂ ਦਿੱਲੀ। ਕੁਆਂਟਮ ਕੰਪਿਊਟਿੰਗ ਦੀ ਦੁਨੀਆ ’ਚ ਵਿਗਿਆਨੀਆਂ ਨੇ ਇੱਕ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ, ਜੋ ਭਵਿੱਖ ’ਚ ਕੁਆਂਟਮ ਕੰਪਿਊਟਰਾਂ ’ਚ ਵਰਤੀ ਜਾਣ ਵਾਲੀ ਨਾਜ਼ੁਕ ਕੁਆਂਟਮ ਜਾਣਕਾਰੀ ਨੂੰ ਸੁਰੱਖਿਅਤ ਰੱਖਣ ’ਚ ਮਦਦ ਕਰ ਸਕਦੀ ਹੈ। ਰਮਨ ਰਿਸਰਚ ਇੰਸਟੀਚਿਊਟ (RRI) ਦੇ ਵਿਗਿਆਨੀਆਂ ਨੇ ਪਾਇਆ ਕਿ ਕਿਸੇ ਫੋਟੋਨ ਦੀ ਕੁਆਂਟਮ ਅਵਸਥਾ ਨੂੰ ਸਹੀ ਸਮੇਂ ’ਤੇ ਸਿਰਫ਼ ਇੱਕ ਵਾਰ ‘ਫਲਿਪ’ ਕਰਨ ਨਾਲ ਦੋ ਫੋਟੋਨਾਂ ਵਿਚਕਾਰ ਮੌਜੂਦ ਕੁਆਂਟਮ ਐਂਟੈਂਗਲਮੈਂਟ ਨੂੰ ਤੁਰੰਤ ਖਤਮ ਹੋਣ ਤੋਂ ਰੋਕਿਆ ਜਾ ਸਕਦਾ ਹੈ ਜਾਂ ਇਸ ਦੀ ਮਿਆਦ ਵਧਾਈ ਜਾ ਸਕਦੀ ਹੈ।
ਇਹ ਖੋਜ RRI ਦੀ ਕੁਆਂਟਮ ਇਨਫਰਮੇਸ਼ਨ ਐਂਡ ਕੰਪਿਊਟਿੰਗ (QuIC) ਲੈਬ ਨੇ ਯੂਨੀਵਰਸਿਟੀ ਆਫ ਕੈਲਗਰੀ ਤੇ ਲੁਈਜ਼ਿਆਨਾ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨਾਲ ਮਿਲ ਕੇ ਕੀਤੀ ਹੈ। ਇਹ ਅਧਿਐਨ Physical Review A ’ਚ ਪ੍ਰਕਾਸ਼ਿਤ ਹੋਇਆ ਹੈ ਤੇ ਇਸ ਨੂੰ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਦੇ National Quantum Mission ਤਹਿਤ ਫੰਡਿੰਗ ਮਿਲੀ ਹੈ।
ਪਹਿਲਾਂ ਸਮਝੋ, ਕੀ ਹੈ ਕੁਆਂਟਮ ਐਂਟੈਂਗਲਮੈਂਟ?
ਦਰਅਸਲ, ਕੁਆਂਟਮ ਕੰਪਿਊਟਰ ਆਮ ਕੰਪਿਊਟਰਾਂ ਤੋਂ ਵੱਖਰੇ ਤਰੀਕੇ ਨਾਲ ਡਾਟਾ ਪ੍ਰੋਸੈਸ ਕਰਦੇ ਹਨ। ਇਨ੍ਹਾਂ ਦੀ ਸਮਰੱਥਾ ਕੁਆਂਟਮ ਅਵਸਥਾ ਤੇ ਖਾਸ ਤੌਰ ’ਤੇ ਐਂਟੈਂਗਲਮੈਂਟ ਵਰਗੀਆਂ ਵਿਸ਼ੇਸ਼ਤਾਵਾਂ ’ਤੇ ਨਿਰਭਰ ਕਰਦੀ ਹੈ। ਐਂਟੈਂਗਲਮੈਂਟ ’ਚ ਦੋ ਕਣਾਂ ਦੇ ਗੁਣ ਇਸ ਤਰ੍ਹਾਂ ਆਪਸ ’ਚ ਜੁੜ ਜਾਂਦੇ ਹਨ ਕਿ ਉਨ੍ਹਾਂ ਵਿਚਕਾਰ ਦੂਰੀ ਹੋਣ ਦੇ ਬਾਵਜੂਦ ਵੀ ਇੱਕ ਮਜ਼ਬੂਤ ਕੁਆਂਟਮ ਕਨੈਕਸ਼ਨ ਬਣਿਆ ਰਹਿੰਦਾ ਹੈ।
ਇਸ ਨੂੰ ਇੱਕ ਉਦਾਹਰਨ ਨਾਲ ਸਮਝੋ। ਮੰਨ ਲਓ ਕਿ ਦੋ ਲੋਕ ਫੋਨ ’ਤੇ ਇੱਕ-ਦੂਜੇ ਨਾਲ ਜੁੜੇ ਹੋਏ ਹਨ, ਪਰ ਨੈੱਟਵਰਕ ਬਹੁਤ ਖਰਾਬ ਹੈ ਤੇ ਕੁਝ ਸਮੇਂ ਬਾਅਦ ਕਾਲ ਕੱਟਣ ਵਾਲੀ ਹੈ। ਵਿਗਿਆਨੀਆਂ ਨੇ ਪਾਇਆ ਕਿ ਸਹੀ ਸਮੇਂ ’ਤੇ ਕੀਤਾ ਗਿਆ ਇੱਕ ਛੋਟਾ ਜਿਹਾ ਦਖ਼ਲ ਇਸ ਕਨੈਕਸ਼ਨ ਨੂੰ ਕੁਝ ਸਮੇਂ ਲਈ ਟੁੱਟਣ ਤੋਂ ਬਚਾ ਸਕਦਾ ਹੈ। ਇੱਥੇ ਫੋਨ ਕਾਲ ਦੀ ਥਾਂ ਦੋ ਫੋਟੋਨਾਂ ਵਿਚਕਾਰ ਕੁਆਂਟਮ ਕਨੈਕਸ਼ਨ ਹੈ।
ਇਹ ਕੁਆਂਟਮ ਅਵਸਥਾਵਾਂ ਵਾਤਾਵਰਣ ਪ੍ਰਤੀ ਕਾਫ਼ੀ ਸੰਵੇਦਨਸ਼ੀਲ ਹੁੰਦੀਆਂ ਹਨ। ਵਾਤਾਵਰਣ ਦੇ ਸੰਪਰਕ ’ਚ ਆਉਣ ਨਾਲ ਕੁਆਂਟਮ ਗੁਣ ਕਮਜ਼ੋਰ ਹੋ ਸਕਦੇ ਹਨ ਤੇ
ਐਂਟੈਂਗਲਮੈਂਟ ਖਤਮ ਹੋ ਸਕਦਾ ਹੈ। ਕੁਝ ਹਾਲਾਤਾਂ ’ਚ ਇਹ ਐਂਟੈਂਗਲਮੈਂਟ ਇੱਕ ਨਿਸ਼ਚਿਤ ਸਮੇਂ ’ਤੇ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ, ਜਿਸ ਨੂੰ ‘Entanglement Sudden Death’ ਕਿਹਾ ਜਾਂਦਾ ਹੈ।
ਇੱਕ ਫਲਿਪ ਬਦਲ ਸਕਦਾ ਹੈ ਨਤੀਜਾ
RRI ਦੇ ਵਿਗਿਆਨੀਆਂ ਨੇ ਇਸ ਪ੍ਰਕਿਰਿਆ ਨੂੰ ਸਮਝਣ ਲਈ ਰੌਸ਼ਨੀ ਦੇ ਕਣਾਂ, ਯਾਨੀ ਫੋਟੋਨਾਂ ਦੀ ਇੱਕ ਜੋੜੀ ਦੀ ਵਰਤੋਂ ਕੀਤੀ। ਫੋਟੋਨਾਂ ਦੀਆਂ ਅਵਸਥਾਵਾਂ ਉਨ੍ਹਾਂ ਦੇ ਪੋਲਰਾਈਜ਼ੇਸ਼ਨ ਦੇ ਆਧਾਰ ’ਤੇ ਨਿਰਧਾਰਤ ਕੀਤੀਆਂ ਗਈਆਂ। ਟੈਸਟਿੰਗ ਦੌਰਾਨ ਇੱਕ ਵੇਵਪਲੇਟ ਦੀ ਮਦਦ ਨਾਲ ਫੋਟੋਨ ਦੀ ਅਵਸਥਾ ਨੂੰ ਇੱਕ ਵਾਰ ਫਲਿਪ ਕੀਤਾ ਗਿਆ।
ਖੋਜ ’ਚ ਸਾਹਮਣੇ ਆਇਆ ਕਿ ਇਸ ਫਲਿਪ ਦਾ ਸਮਾਂ ਬਹੁਤ ਮਹੱਤਵਪੂਰਨ ਹੈ। ਗਲਤ ਸਮੇਂ ’ਤੇ ਕੀਤਾ ਗਿਆ ਫਲਿਪ ਐਂਟੈਂਗਲਮੈਂਟ ਦੇ ਖਤਮ ਹੋਣ ਦੀ ਪ੍ਰਕਿਰਿਆ ਨੂੰ ਹੋਰ ਤੇਜ਼ ਕਰ ਸਕਦਾ ਹੈ, ਜਦਕਿ ਸਹੀ ਸਮੇਂ ’ਤੇ ਕੀਤਾ ਗਿਆ ਫਲਿਪ ਇਸ ਦੇ ਖਤਮ ਹੋਣ ਨੂੰ ਕੁਝ ਸਮੇਂ ਲਈ ਟਾਲ ਸਕਦਾ ਹੈ।