ਸਕੈਮ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ: Google ਲਿਆ ਰਿਹਾ ਹੈ ਐਂਟੀ-ਸਕੈਮ ਫੀਚਰ, ਫਰਜ਼ੀ ਕਾਲਾਂ ਆਪਣੇ ਆਪ ਕੱਟਣਗੀਆਂ ਤੇ ਹੋਣਗੀਆਂ ਬਲਾਕ
Google ਨੇ ਐਂਡਰਾਇਡ ਯੂਜ਼ਰਾਂ ਨੂੰ ਆਨਲਾਈਨ ਧੋਖਾਧੜੀ ਤੇ ਕਾਲਿੰਗ ਸਕੈਮ ਤੋਂ ਬਚਾਉਣ ਲਈ ਕਈ ਨਵੇਂ ਐਂਟੀ-ਸਕੈਮ ਫੀਚਰਾਂ ਦਾ ਐਲਾਨ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਬਾਰੇ।
Publish Date: Fri, 16 Oct 2026 12:31 PM (IST)
Updated Date: Fri, 16 Oct 2026 12:33 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ। Google ਨੇ ਐਂਡਰਾਇਡ ਡਿਵਾਈਸਾਂ ’ਤੇ ਮੈਸੇਜ ਤੇ ਕਾਲਾਂ ਨਾਲ ਕੰਮ ਕਰਨ ਵਾਲੇ ਕਈ ਨਵੇਂ ਐਂਟੀ-ਸਕੈਮ ਫੀਚਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ Google Messages ਦਾ ਨਵਾਂ ‘Enhanced Protection’ ਮੋਡ ਵੀ ਸ਼ਾਮਲ ਹੈ। ਇਹ ਫੀਚਰ ਸਹੀ ਸਮੇਂ ’ਤੇ ਅਲਰਟ ਦੇ ਕੇ ਤੇ ਇੱਥੋਂ ਤੱਕ ਕਿ ਸਕੈਮ ਕਾਲਾਂ ਨੂੰ ਕੱਟ ਕੇ ਤੇ ਬਲਾਕ ਕਰਕੇ ਮੋਬਾਈਲ ਧੋਖਾਧੜੀ ਨੂੰ ਰੋਕਣ ’ਚ ਮਦਦ ਕਰਨਗੇ।
Google ਮੁਤਾਬਕ, ਇਨ੍ਹਾਂ ਨਵੇਂ ਫੀਚਰਾਂ ’ਚ ਯੂਜ਼ਰਾਂ ਦੀ ਪ੍ਰਾਈਵੇਸੀ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ। ਇਹ ਫੀਚਰ ਆਨ-ਡਿਵਾਈਸ Gemini Nano ਮਾਡਲਾਂ ’ਤੇ ਕੰਮ ਕਰਨਗੇ, ਜਿਨ੍ਹਾਂ ਨੂੰ Private AI Compute ਰਾਹੀਂ ਕਲਾਊਡ ਤੋਂ ਕੁਝ ਵਾਧੂ ਮਦਦ ਮਿਲੇਗੀ। Google ਦਾ ਦਾਅਵਾ ਹੈ ਕਿ Private AI Compute ਜਿਸ ਜਾਣਕਾਰੀ ਨੂੰ ਪ੍ਰੋਸੈੱਸ ਕਰੇਗਾ, ਉਹ ਕਿਸੇ ਲਈ ਵੀ ਉਪਲਬਧ ਨਹੀਂ ਹੋਵੇਗੀ, ਇੱਥੋਂ ਤੱਕ ਕਿ ਖ਼ੁਦ Google ਲਈ ਵੀ ਨਹੀਂ।
Google ਨੇ ਐਂਡਰਾਇਡ ਯੂਜ਼ਰਾਂ ਲਈ ਪੇਸ਼ ਕੀਤੇ ਨਵੇਂ ਐਂਟੀ-ਸਕੈਮ ਫੀਚਰ
ਮੋਬਾਈਲ ਸਕੈਮ ਕਰਨ ਦੇ ਤਰੀਕੇ ਲਗਾਤਾਰ ਬਦਲ ਰਹੇ ਹਨ। ਇਸ ਕਾਰਨ ਰਵਾਇਤੀ AI ਤਕਨੀਕਾਂ ਰਾਹੀਂ ਇਨ੍ਹਾਂ ਨੂੰ ਫੜਨਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। Google ਨੇ ਹਾਲ ਹੀ ’ਚ ਇੱਕ Pixel Drop ਅਪਡੇਟ ਰਾਹੀਂ Google Messages ’ਚ ਸਕੈਮ ਡਿਟੈਕਸ਼ਨ ਫੀਚਰ ਪੇਸ਼ ਕੀਤਾ ਸੀ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਸਕੈਮਰ ਹੁਣ ਇਨ੍ਹਾਂ ਆਮ ਫਿਲਟਰਾਂ ਨੂੰ ਚਕਮਾ ਦੇਣ ਲਈ ਵਧੇਰੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰ ਰਹੇ ਹਨ।
ਇਸੇ ਗੱਲ ਨੂੰ ਧਿਆਨ ’ਚ ਰੱਖਦਿਆਂ Google ਹੁਣ Google Messages ’ਚ ‘Enhanced Protection’ ਮੋਡ ਲਿਆ ਰਿਹਾ ਹੈ। ਇਹ ਇੱਕ ਆਪਟ-ਇਨ ਫੀਚਰ ਹੈ, ਜਿਸ ਨੂੰ ਯੂਜ਼ਰ ਆਪਣੀ ਮਰਜ਼ੀ ਨਾਲ ਚਾਲੂ ਕਰ ਸਕਣਗੇ। Google ਮੁਤਾਬਕ, ਇਸ ਨੂੰ ਸਕੈਮ ਦੀ ਪਛਾਣ ਕਰਨ ਲਈ ਬਿਹਤਰ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।
ਇਹ ਫੀਚਰ ਮੈਸੇਜ ਤੇ ਸਾਹਮਣੇ ਵਾਲੇ ਵਿਅਕਤੀ ਦੇ ਇਰਾਦੇ ਨੂੰ ਸਮਝਣ ਲਈ Gemini ਮਾਡਲਾਂ ਦੀ ਵਰਤੋਂ ਕਰਦਾ ਹੈ। ਇਸ ’ਚ ਸਭ ਤੋਂ ਅਹਿਮ ਗੱਲ ਇਸ ਦੀ ਤੇਜ਼ ਪ੍ਰਤੀਕਿਰਿਆ ਹੈ। Google ਦਾ ਦਾਅਵਾ ਹੈ ਕਿ ਇਹ ਸਿਸਟਮ ਤੁਰੰਤ ਸਪੱਸ਼ਟ ਚਿਤਾਵਨੀਆਂ ਦਿਖਾਏਗਾ ਕਿ ਦੂਜੇ ਪਾਸੇ ਮੌਜੂਦ ਵਿਅਕਤੀ ਸਕੈਮਰ ਹੋ ਸਕਦਾ ਹੈ। ਇਸ ਦੇ ਨਾਲ ਹੀ ਯੂਜ਼ਰ ਨੂੰ ਗੱਲਬਾਤ ਜਾਰੀ ਰੱਖਣ ਜਾਂ ‘Report & Block’ ਕਰਨ ਦਾ ਵਿਕਲਪ ਵੀ ਮਿਲੇਗਾ।
ਖ਼ਤਰਨਾਕ ਲਿੰਕ ’ਤੇ ਕਲਿੱਕ ਕਰਨ ਤੋਂ ਪਹਿਲਾਂ ਮਿਲੇਗੀ ਚਿਤਾਵਨੀ
Google Messages ਪਹਿਲਾਂ ਹੀ ਯੂਜ਼ਰਾਂ ਨੂੰ ਖ਼ਤਰਨਾਕ ਤੇ ਫਿਸ਼ਿੰਗ ਵੈੱਬਸਾਈਟਾਂ ਦੇ ਲਿੰਕਾਂ ਬਾਰੇ ਅਲਰਟ ਕਰਦਾ ਹੈ। ਪਰ ਨਵਾਂ ਸਿਸਟਮ ਅਜਿਹੀਆਂ ਨਵੀਆਂ ਵੈੱਬਸਾਈਟਾਂ ਦੀ ਵੀ ਪਛਾਣ ਕਰ ਸਕੇਗਾ, ਜਿਨ੍ਹਾਂ ਨੂੰ ਹਾਲੇ ਤੱਕ ਕਿਸੇ ਸੂਚੀ ’ਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਸਿਸਟਮ ਯੂਜ਼ਰ ਵੱਲੋਂ ਕਲਿੱਕ ਕਰਨ ਤੋਂ ਪਹਿਲਾਂ ਨਵੇਂ ਤੇ ਅਣਜਾਣ ਲਿੰਕਾਂ ਦੀ ਜਾਂਚ ਕਰਨ ਲਈ ਰੀਅਲ-ਟਾਈਮ ਵੈੱਬ ਸਿਗਨਲਾਂ ਦੀ ਵਰਤੋਂ ਕਰੇਗਾ। Google ਯੂਜ਼ਰਾਂ ਦਾ ਧਿਆਨ ਖਿੱਚਣ ਤੇ ਗਲਤੀ ਨਾਲ ਹੋਣ ਵਾਲੇ ਕਲਿੱਕਾਂ ਨੂੰ ਰੋਕਣ ਲਈ ਨਵੇਂ ਤੇ ਮੁੜ ਡਿਜ਼ਾਈਨ ਕੀਤੇ ਗਏ ਚਿਤਾਵਨੀ ਅਲਰਟ ਵੀ ਸ਼ਾਮਲ ਕਰ ਰਿਹਾ ਹੈ। ਅਜਿਹੇ ਗਲਤ ਕਲਿੱਕ ਅਕਸਰ ਮਾਲਵੇਅਰ ਇੰਸਟਾਲ ਹੋਣ ਦਾ ਕਾਰਨ ਬਣਦੇ ਹਨ।
ਕਿਉਂਕਿ ਫਿਲਹਾਲ ਇਹ ਫੀਚਰ ਸਿਰਫ਼ Messages ਐਪ ਤੱਕ ਸੀਮਤ ਹਨ, ਇਸ ਲਈ Google ਇਸ ਸਾਲ ਦੇ ਅੰਤ ਤੱਕ ਹੋਰ ਵਰਤੋਂ ਲਈ ਵੀ ਡਿਵਾਈਸ ’ਤੇ ਹੀ ਕੰਮ ਕਰਨ ਵਾਲੀ ਸੁਰੱਖਿਆ ਪ੍ਰਦਾਨ ਕਰਨ ਵਾਸਤੇ ਐਂਡਰਾਇਡ ਡਿਵਾਈਸ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।
ਸਕ੍ਰੀਨ ਸ਼ੇਅਰਿੰਗ ਤੇ ਕਾਲ ਫਾਰਵਰਡਿੰਗ ’ਤੇ ਵੀ ਨਜ਼ਰ
Google ਸਕ੍ਰੀਨ ਸ਼ੇਅਰਿੰਗ ਤੇ ਕਾਲ ਫਾਰਵਰਡਿੰਗ ਲਈ ਵੀ ਸਪੱਸ਼ਟ ਚਿਤਾਵਨੀਆਂ ਸ਼ਾਮਲ ਕਰ ਰਿਹਾ ਹੈ, ਕਿਉਂਕਿ ਸਕੈਮਰ ਅਕਸਰ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰਦੇ ਹਨ। ਐਂਡਰਾਇਡ ਪਹਿਲਾਂ ਹੀ ਸਕ੍ਰੀਨ ਸ਼ੇਅਰਿੰਗ ਦੌਰਾਨ ਐਪਸ ’ਚ ਸੰਵੇਦਨਸ਼ੀਲ ਜਾਣਕਾਰੀ ਨੂੰ ਲੁਕਾ ਦਿੰਦਾ ਹੈ। ਹੁਣ Google Chrome ਤੇ Android WebView ’ਚ ਵੀ ਅਜਿਹੀ ਸੁਰੱਖਿਆ ਲਾਗੂ ਕਰੇਗਾ।
ਇਸ ਤੋਂ ਇਲਾਵਾ, ਐਂਡਰਾਇਡ ਹੁਣ ਐਪਸ ਨੂੰ ਚੁੱਪਚਾਪ ਕਾਲ ਫਾਰਵਰਡਿੰਗ ਚਾਲੂ ਕਰਨ ਤੋਂ ਵੀ ਰੋਕੇਗਾ। ਜਿਹੜੇ ਸਿੱਧੇ-ਸਾਦੇ ਯੂਜ਼ਰਾਂ ਨੂੰ ਡਾਇਲ ਪੈਡ ’ਤੇ MMI ਕੋਡ ਟਾਈਪ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਧੋਖੇ ਨਾਲ ਰਾਜ਼ੀ ਕਰ ਲਿਆ ਜਾਂਦਾ ਹੈ, ਉਨ੍ਹਾਂ ਨੂੰ ਵੀ ਨਵੀਂ ਸੈਟਿੰਗ ਲਾਗੂ ਹੋਣ ਤੋਂ ਪਹਿਲਾਂ ਸਪੱਸ਼ਟ ਚਿਤਾਵਨੀ ਮਿਲੇਗੀ।
ਬੈਂਕ ਦੇ ਨਾਂ ’ਤੇ ਆਉਣ ਵਾਲੀਆਂ ਫਰਜ਼ੀ ਕਾਲਾਂ ਦੀ ਵੀ ਹੋਵੇਗੀ ਜਾਂਚ
ਅੰਤ ’ਚ, Google ਬੈਂਕਾਂ ਦੇ ਨਾਲ ਮਿਲ ਕੇ ਕਾਲਰ ID ਸਪੂਫਿੰਗ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ। ਇਸ ਧੋਖਾਧੜੀ ’ਚ ਸਕੈਮਰ ਆਪਣਾ ਇਨਕਮਿੰਗ ਫ਼ੋਨ ਨੰਬਰ ਬਦਲ ਕੇ ਉਸ ਨੂੰ ਕਿਸੇ ਅਧਿਕਾਰਤ ਸੰਸਥਾ ਜਾਂ ਬੈਂਕ ਦੇ ਨੰਬਰ ਵਰਗਾ ਦਿਖਾਉਂਦੇ ਹਨ। ਐਂਡਰਾਇਡ ਬੈਂਕ ਨਾਲ ਰੀਅਲ ਟਾਈਮ ’ਚ ਆਉਣ ਵਾਲੀਆਂ ਕਾਲਾਂ ਦੀ ਜਾਂਚ ਕਰੇਗਾ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਅਸਲ ’ਚ ਤੁਹਾਡੇ ਬੈਂਕ ਵੱਲੋਂ ਹੀ ਕਾਲ ਕੀਤੀ ਜਾ ਰਹੀ ਹੈ ਜਾਂ ਨਹੀਂ। Google ਇਸ ਫੀਚਰ ਨੂੰ ਹੋਰ ਦੇਸ਼ਾਂ ’ਚ ਵੱਡੇ ਪੱਧਰ ’ਤੇ ਲਾਗੂ ਕਰਨ ਲਈ ਵਧੇਰੇ ਬੈਂਕਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।