ਮੀਂਹ ’ਚ ਫ਼ੋਨ ਦੇ ਕੈਮਰੇ ਅੰਦਰ ਚਲੀ ਗਈ ਨਮੀ? ਇਨ੍ਹਾਂ ਆਸਾਨ ਤਰੀਕਿਆਂ ਨਾਲ ਕਰੋ ਠੀਕ
ਬਰਸਾਤ ਦੇ ਮੌਸਮ ’ਚ ਸਮਾਰਟਫ਼ੋਨ ਦੇ ਕੈਮਰੇ ਦੇ ਲੈਂਸ ਅੰਦਰ ਨਮੀ ਆਉਣ ਦੀ ਸਮੱਸਿਆ ਆਮ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਫ਼ੋਨ ਨੂੰ ਸੁਕਾਉਣ ਤੇ ਕੁਝ ਗ਼ਲਤੀਆਂ ਤੋਂ ਬਚਣ ਦੇ ਆਸਾਨ ਤਰੀਕੇ ਦੱਸੇ ਗਏ ਹਨ।
Publish Date: Tue, 13 Oct 2026 10:55 AM (IST)
Updated Date: Tue, 13 Oct 2026 10:57 AM (IST)
ਟੈਕਨੋਲੋਜੀ ਡੈਸਕ, ਨਵੀਂ ਦਿੱਲੀ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਅਜਿਹੇ ’ਚ ਇਸ ਮੌਸਮ ਦੌਰਾਨ ਸਮਾਰਟਫ਼ੋਨ ਦੀ ਵਰਤੋਂ ਕਰਦੇ ਸਮੇਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਫ਼ੋਨ ਦੇ ਕੈਮਰੇ ਦੇ ਲੈਂਸ ਅੰਦਰ ਨਮੀ ਚਲੀ ਜਾਣਾ ਹੈ। ਕਈ ਵਾਰ ਮੀਂਹ ’ਚ ਭਿੱਜਣ ਜਾਂ ਜ਼ਿਆਦਾ ਨਮੀ ਵਾਲੇ ਮਾਹੌਲ ’ਚ ਰਹਿਣ ਕਾਰਨ ਕੈਮਰੇ ਦੇ ਲੈਂਸ ’ਤੇ ਧੁੰਦ ਦਿਖਾਈ ਦੇਣ ਲੱਗਦੀ ਹੈ।
ਇਸ ਕਾਰਨ ਫ਼ੋਟੋਆਂ ਵੀ ਧੁੰਦਲੀਆਂ ਆਉਂਦੀਆਂ ਹਨ ਤੇ ਕੈਮਰੇ ਦੀ ਕੁਆਲਿਟੀ ਖ਼ਰਾਬ ਹੋ ਸਕਦੀ ਹੈ। ਅਜਿਹੇ ’ਚ ਜੇਕਰ ਤੁਹਾਡੇ ਫ਼ੋਨ ਦੇ ਕੈਮਰੇ ’ਚ ਵੀ ਨਮੀ ਚਲੀ ਗਈ ਹੈ, ਤਾਂ ਆਓ ਜਾਣਦੇ ਹਾਂ ਕਿ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ।
ਕੈਮਰੇ ’ਚ ਨਮੀ ਆਉਣ ’ਤੇ ਕੀ ਕਰੀਏ?
ਜੇਕਰ ਤੁਹਾਡੇ ਫ਼ੋਨ ਦੇ ਕੈਮਰੇ ’ਤੇ ਵੀ ਧੁੰਦ ਦਿਖਾਈ ਦੇ ਰਹੀ ਹੈ, ਤਾਂ ਸਭ ਤੋਂ ਪਹਿਲਾਂ ਫ਼ੋਨ ਨੂੰ ਮੀਂਹ ਤੇ ਪਾਣੀ ਤੋਂ ਦੂਰ ਰੱਖੋ। ਜੇਕਰ ਫ਼ੋਨ ਗਿੱਲਾ ਹੈ, ਤਾਂ ਉਸ ਨੂੰ ਤੁਰੰਤ ਬੰਦ ਕਰ ਦਿਓ ਤੇ ਗ਼ਲਤੀ ਨਾਲ ਵੀ ਚਾਰਜਿੰਗ ’ਤੇ ਨਾ ਲਗਾਓ। ਫ਼ੋਨ ਦੇ ਬਾਹਰੀ ਹਿੱਸੇ ਨੂੰ ਸੁਕਾ ਲਓ। ਇਸ ਤੋਂ ਬਾਅਦ ਨਰਮ ਕੱਪੜੇ ਨਾਲ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਹੁਣ ਫ਼ੋਨ ਨੂੰ ਕੁਝ ਸਮੇਂ ਲਈ ਕਿਸੇ ਸੁੱਕੀ ਤੇ ਹਵਾਦਾਰ ਥਾਂ ’ਤੇ ਰੱਖ ਦਿਓ, ਤਾਂ ਜੋ ਨਮੀ ਹੌਲੀ-ਹੌਲੀ ਬਾਹਰ ਨਿਕਲ ਸਕੇ।
ਜੇਕਰ ਨਮੀ ਕੈਮਰੇ ਦੇ ਅੰਦਰ ਤੱਕ ਪਹੁੰਚ ਗਈ ਹੈ, ਤਾਂ ਸਿਰਫ਼ ਬਾਹਰੀ ਲੈਂਸ ਨੂੰ ਸਾਫ਼ ਕਰਨ ਨਾਲ ਸਮੱਸਿਆ ਦੂਰ ਨਹੀਂ ਹੋਵੇਗੀ। ਅਜਿਹੀ ਸਥਿਤੀ ’ਚ ਫ਼ੋਨ ਨੂੰ ਸੁੱਕਣ ਲਈ ਕੁਝ ਸਮਾਂ ਦਿਓ। ਅਕਸਰ ਫ਼ੋਨ ’ਚ ਪਾਣੀ ਜਾਣ ’ਤੇ ਉਸ ਨੂੰ ਚੌਲਾਂ ਦੇ ਡੱਬੇ ’ਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਇਹ ਤਰੀਕਾ ਭਰੋਸੇਯੋਗ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਚੌਲਾਂ ਦੇ ਛੋਟੇ ਕਣ ਤੇ ਧੂੜ ਫ਼ੋਨ ਦੇ ਪੋਰਟ ’ਚ ਫਸ ਸਕਦੇ ਹਨ। ਇਸ ਦੀ ਬਜਾਏ ਸਿਲਿਕਾ ਜੈੱਲ ਦੇ ਪੈਕੇਟ ਵਰਤਣ ਨਾਲ ਨਮੀ ਨੂੰ ਦੂਰ ਕਰਨ ’ਚ ਮਦਦ ਮਿਲ ਸਕਦੀ ਹੈ। ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
ਕੈਮਰੇ ’ਚ ਨਮੀ ਆਉਣ ’ਤੇ ਮੋਬਾਈਲ ਨੂੰ ਕਦੇ ਵੀ ਹੇਅਰ ਡਰਾਇਰ, ਹੀਟਰ ਜਾਂ ਤੇਜ਼ ਧੁੱਪ ਨਾਲ ਸੁਕਾਉਣ ਦੀ ਗ਼ਲਤੀ ਨਾ ਕਰੋ। ਜ਼ਿਆਦਾ ਗਰਮੀ ਕਾਰਨ ਫ਼ੋਨ ਦੀ ਸਕ੍ਰੀਨ, ਬੈਟਰੀ ਤੇ ਹੋਰ ਅੰਦਰੂਨੀ ਹਿੱਸੇ ਖ਼ਰਾਬ ਹੋ ਸਕਦੇ ਹਨ। ਫ਼ੋਨ ਨੂੰ ਜ਼ੋਰ ਨਾਲ ਨਾ ਝਟਕੋ ਤੇ ਨਾ ਹੀ ਕੈਮਰੇ ਦੇ ਲੈਂਸ ਨੂੰ ਖੋਲ੍ਹ ਕੇ ਖ਼ੁਦ ਸਾਫ਼ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਨਮੀ ਦੂਰ ਨਹੀਂ ਹੁੰਦੀ ਜਾਂ ਕੈਮਰੇ ਦੀਆਂ ਤਸਵੀਰਾਂ ਲਗਾਤਾਰ ਧੁੰਦਲੀਆਂ ਆਉਂਦੀਆਂ ਹਨ, ਤਾਂ ਫ਼ੋਨ ਨੂੰ ਅਧਿਕਾਰਤ ਸਰਵਿਸ ਸੈਂਟਰ ’ਤੇ ਦਿਖਾਓ।