ਭਾਰਤ ’ਚ ਇਸੇ ਮਹੀਨੇ ਲਾਂਚ ਹੋਵੇਗਾ ਇਹ ਨਵਾਂ 5G ਫ਼ੋਨ, ਮਿਲ ਸਕਦੀ ਹੈ 6,500mAh ਦੀ ਵੱਡੀ ਬੈਟਰੀ ਤੇ 144Hz ਡਿਸਪਲੇਅ Infinix ਭਾਰਤ ’ਚ ਆਪਣੀ GT ਸੀਰੀਜ਼ ਦਾ ਨਵਾਂ ਫ਼ੋਨ Infinix GT 50 Pro ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਸਮਾਰਟਫ਼ੋਨ ਇਸੇ ਮਹੀਨੇ ਅਕਤੂਬਰ ’ਚ ਭਾਰਤ ’ਚ ਪੇਸ਼ ਕੀਤਾ ਜਾਵੇਗਾ।
Publish Date: Fri, 09 Oct 2026 12:08 PM (IST)
Updated Date: Fri, 09 Oct 2026 12:10 PM (IST)
ਟੈਕਨਾਲੋਜੀ ਡੈਸਕ, ਨਵੀਂ ਦਿੱਲੀ: Infinix ਭਾਰਤ ’ਚ ਆਪਣੀ GT ਗੇਮਿੰਗ ਸਮਾਰਟਫ਼ੋਨ ਸੀਰੀਜ਼ ਨੂੰ ਅੱਗੇ ਵਧਾਉਂਦੇ ਹੋਏ ਨਵਾਂ Infinix GT 50 Pro ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਹੁਣ ਆਪਣੇ ਆਉਣ ਵਾਲੇ ਇਸ ਫ਼ੋਨ ਦੀ ਲਾਂਚ ਸਮਾਂ-ਸੀਮਾ ਦਾ ਖੁਲਾਸਾ ਕਰ ਦਿੱਤਾ ਹੈ। ਪਿਛਲੇ ਮਾਡਲ ਵਾਂਗ GT 50 Pro ’ਚ ਵੀ ਹਾਈ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ, ਬਿਹਤਰ ਕੂਲਿੰਗ ਸਿਸਟਮ ਤੇ ਗੇਮਿੰਗ ’ਤੇ ਕੇਂਦਰਿਤ ਹਾਰਡਵੇਅਰ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, Infinix ਨੇ ਇਸ ਫ਼ੋਨ ਦੇ ਨਾਲ ਇੱਕ ਪੂਰੇ ਗੇਮਿੰਗ ਈਕੋਸਿਸਟਮ ਦਾ ਵੀ ਸੰਕੇਤ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਫ਼ੋਨ ਦੇ ਨਾਲ ਖ਼ਾਸ ਗੇਮਿੰਗ ਐਕਸੈਸਰੀਜ਼ ਵੀ ਪੇਸ਼ ਕੀਤੀਆਂ ਜਾ ਸਕਦੀਆਂ ਹਨ।
Infinix GT 50 Pro ਦੀ ਭਾਰਤ ’ਚ ਲਾਂਚ ਟਾਈਮਲਾਈਨ Infinix ਨੇ ਪੁਸ਼ਟੀ ਕੀਤੀ ਹੈ ਕਿ GT 50 Pro ਇਸੇ ਮਹੀਨੇ ਅਕਤੂਬਰ ’ਚ ਭਾਰਤ ’ਚ ਲਾਂਚ ਹੋਵੇਗਾ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਲਾਂਚ ਦੀ ਸਹੀ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਹੈ। ਤਾਰੀਖ ਦਾ ਐਲਾਨ ਕਰਨ ਲਈ ਕੰਪਨੀ ਵੱਲੋਂ ਇੱਕ ਕਮਿਊਨਿਟੀ-ਆਧਾਰਿਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਯੂਜ਼ਰਜ਼ Infinix ਦੀ ਵੈੱਬਸਾਈਟ ’ਤੇ GT 50 Pro ਦੇ ਲਾਂਚ ਪੇਜ ’ਤੇ ਜਾ ਕੇ ਕਲਿੱਕ ਕਰ ਸਕਦੇ ਹਨ, ਜਿਸ ਨਾਲ ਇੱਕ ਸਾਂਝਾ ਰਿਵੀਲ ਮੀਟਰ ਅੱਗੇ ਵਧਦਾ ਹੈ। ਹਰ ਕਲਿੱਕ ਨੂੰ ਇਸ ਕੁੱਲ ਗਿਣਤੀ ’ਚ ਜੋੜਿਆ ਜਾਂਦਾ ਹੈ। Infinix ਦਾ ਕਹਿਣਾ ਹੈ ਕਿ ਜਿਵੇਂ ਹੀ ਕਮਿਊਨਿਟੀ ਤੈਅ ਕੀਤੇ ਟੀਚੇ ਤੱਕ ਪਹੁੰਚੇਗੀ, GT 50 Pro ਦੀ ਅਧਿਕਾਰਤ ਲਾਂਚ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਹੈਂਡਸੈੱਟ ਕੁਝ ਗਲੋਬਲ ਬਾਜ਼ਾਰਾਂ ’ਚ ਪਹਿਲਾਂ ਹੀ ਪੇਸ਼ ਕੀਤਾ ਜਾ ਚੁੱਕਾ ਹੈ, ਜਿੱਥੇ ਇਸ ਨੇ ਇਸੇ ਸਾਲ ਅਪ੍ਰੈਲ ’ਚ ਐਂਟਰੀ ਕੀਤੀ ਸੀ।
Infinix GT 50 Pro ਦੇ ਫੀਚਰਜ਼ ਤੇ ਸਪੈਸੀਫਿਕੇਸ਼ਨਜ਼ ਗਲੋਬਲ ਮਾਡਲ Infinix GT 50 Pro ਡਿਊਲ ਸਿਮ (ਨੈਨੋ + ਨੈਨੋ) ਸਪੋਰਟ ਦੇ ਨਾਲ ਆਉਂਦਾ ਹੈ। ਇਹ Android 16 ’ਤੇ ਆਧਾਰਿਤ XOS 16 ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। ਫ਼ੋਨ ’ਚ 144Hz ਰਿਫ੍ਰੈਸ਼ ਰੇਟ ਵਾਲੀ 6.78 ਇੰਚ ਦੀ AMOLED LTPS 1.5K ਡਿਸਪਲੇਅ ਦਿੱਤੀ ਗਈ ਹੈ, ਜਿਸ ਦਾ ਰੈਜ਼ੋਲਿਊਸ਼ਨ 1,208 x 2,644 ਪਿਕਸਲ ਹੈ। ਸਕ੍ਰੀਨ 330Hz ਤੱਕ ਦੀ ਟੱਚ ਸੈਂਪਲਿੰਗ ਰੇਟ, 2800Hz ਇੰਸਟੈਂਟ ਟੱਚ ਸੈਂਪਲਿੰਗ ਤੇ 4500 ਨਿਟਸ ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ।
ਪਰਫਾਰਮੈਂਸ ਦੀ ਗੱਲ ਕਰੀਏ ਤਾਂ ਫ਼ੋਨ ’ਚ MediaTek Dimensity 8400 Ultimate ਚਿਪਸੈੱਟ ਦਿੱਤਾ ਗਿਆ ਹੈ। ਇਸ ਨੂੰ Mali-G720 MC7 GPU, 12GB LPDDR5x ਰੈਮ ਤੇ 512GB ਤੱਕ ਦੀ UFS 4.1 ਸਟੋਰੇਜ ਨਾਲ ਜੋੜਿਆ ਗਿਆ ਹੈ।
ਕੈਮਰਾ ਸੈੱਟਅੱਪ ਕਿਹੋ ਜਿਹਾ ਹੈ?
Infinix GT 50 Pro ’ਚ ਡਿਊਲ ਰੀਅਰ ਕੈਮਰਾ ਸੈੱਟਅੱਪ ਮਿਲਦਾ ਹੈ। ਇਸ ’ਚ f/1.59 ਅਪਰਚਰ ਤੇ OIS ਸਪੋਰਟ ਵਾਲਾ 50 ਮੈਗਾਪਿਕਸਲ ਦਾ ਮੁੱਖ ਸੈਂਸਰ ਤੇ f/2.2 ਅਪਰਚਰ ਵਾਲਾ 8 ਮੈਗਾਪਿਕਸਲ ਦਾ ਅਲਟਰਾ-ਵਾਈਡ-ਐਂਗਲ ਕੈਮਰਾ ਸ਼ਾਮਲ ਹੈ। ਉੱਥੇ ਹੀ, ਸੈਲਫ਼ੀ ਤੇ ਵੀਡੀਓ ਚੈਟ ਲਈ ਫ਼ੋਨ ਦੇ ਫਰੰਟ ’ਤੇ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਗਲੋਬਲ ਮਾਡਲ ’ਚ ਕਨੈਕਟੀਵਿਟੀ ਲਈ Wi-Fi 6, Bluetooth 5.4, OTG, NFC, FM ਰੇਡੀਓ ਤੇ USB Type-C ਪੋਰਟ ਵਰਗੇ ਫੀਚਰਜ਼ ਮਿਲਦੇ ਹਨ। Infinix GT 50 Pro ’ਚ 6,500mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ 45W ਵਾਇਰਡ ਫਾਸਟ ਚਾਰਜਿੰਗ ਤੇ 10W ਰਿਵਰਸ ਵਾਇਰਡ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫ਼ੋਨ ਦਾ ਆਕਾਰ 162.44 x 77.23 x 8.15 ਮਿਲੀਮੀਟਰ ਹੈ ਤੇ ਇਸ ਦਾ ਭਾਰ 198 ਗ੍ਰਾਮ ਹੈ।