- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Engine Seize Reasons: ਅਕਸਰ ਲੋਕਾਂ ਦੀਆਂ ਕੁਝ ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਬਾਈਕ ਜਾਂ ਕਾਰ ਦਾ ਇੰਜਣ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤੇ ਸੀਜ਼ ਹੋ ਜਾਂਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਜਦੋਂ ਕਿਸੇ ਕਾਰ ਜਾਂ ਬਾਈਕ ਦਾ ਇੰਜਣ ਅਚਾਨਕ ਕੰਮ ਕਰਨਾ ਬੰਦ ਕਰ ਦੇਵੇ ਤੇ ਇਸ ਦੇ ਅੰਦਰੂਨੀ ਪੁਰਜ਼ੇ ਆਪਸ ’ਚ ਰਗੜ ਖਾਣ ਕਾਰਨ ਪੂਰੀ ਤਰ੍ਹਾਂ ਜਾਮ ਹੋ ਜਾਣ, ਤਾਂ ਇਸ ਨੂੰ ਇੰਜਣ ਸੀਜ਼ ਹੋਣਾ ਕਿਹਾ ਜਾਂਦਾ ਹੈ। ਇੰਜਣ ਸੀਜ਼ ਹੋਣ ਕਾਰਨ ਗੱਡੀ ਰਸਤੇ ’ਚ ਹੀ ਬੰਦ ਹੋ ਸਕਦੀ ਹੈ ਤੇ ਇਸ ਨੂੰ ਠੀਕ ਕਰਵਾਉਣ ’ਤੇ ਹਜ਼ਾਰਾਂ ਰੁਪਏ ਦਾ ਖ਼ਰਚਾ ਆ ਸਕਦਾ ਹੈ।
ਆਓ ਜਾਣਦੇ ਹਾਂ ਕਿ ਇੰਜਣ ਨੂੰ ਸੀਜ਼ ਹੋਣ ਤੋਂ ਬਚਾਉਣ ਲਈ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ।
ਇੰਜਣ ਆਇਲ ਗੱਡੀ ਦੇ ਅੰਦਰੂਨੀ ਪੁਰਜ਼ਿਆਂ ਨੂੰ ਲੁਬਰੀਕੇਸ਼ਨ ਦਿੰਦਾ ਹੈ, ਜਿਸ ਨਾਲ ਉਹ ਘੱਟ ਰਗੜ ਨਾਲ ਆਸਾਨੀ ਨਾਲ ਕੰਮ ਕਰ ਸਕਦੇ ਹਨ। ਲੰਬੇ ਸਮੇਂ ਤੱਕ ਇੰਜਣ ਆਇਲ ਨਾ ਬਦਲਣ ਕਾਰਨ ਇਹ ਕਾਲਾ ਤੇ ਗਾੜ੍ਹਾ ਹੋ ਜਾਂਦਾ ਹੈ। ਜੇਕਰ ਆਇਲ ਦਾ ਪੱਧਰ ਬਹੁਤ ਘੱਟ ਹੋ ਜਾਵੇ ਜਾਂ ਆਇਲ ਖ਼ਤਮ ਹੋ ਜਾਵੇ, ਤਾਂ ਧਾਤ ਦੇ ਪੁਰਜ਼ੇ ਆਪਸ ’ਚ ਰਗੜ ਖਾਣ ਲੱਗਦੇ ਹਨ। ਇਸ ਨਾਲ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ ਤੇ ਇੰਜਣ ਦੇ ਪੁਰਜ਼ੇ ਨੁਕਸਾਨੇ ਜਾਣ ਕਾਰਨ ਇੰਜਣ ਸੀਜ਼ ਹੋ ਸਕਦਾ ਹੈ।
ਬਚਾਅ ਲਈ: ਇੰਜਣ ਆਇਲ ਦਾ ਪੱਧਰ ਸਮੇਂ-ਸਮੇਂ ’ਤੇ ਚੈੱਕ ਕਰਦੇ ਰਹੋ ਤੇ ਕੰਪਨੀ ਵੱਲੋਂ ਦੱਸੇ ਗਏ ਸਮੇਂ ਅਨੁਸਾਰ ਆਇਲ ਬਦਲਵਾਓ।
ਇੰਜਣ ਚੱਲਦੇ ਸਮੇਂ ਬਹੁਤ ਗਰਮ ਹੋ ਜਾਂਦਾ ਹੈ ਤੇ ਇਸ ਨੂੰ ਠੰਢਾ ਰੱਖਣ ਦਾ ਕੰਮ ਕੂਲੈਂਟ ਕਰਦਾ ਹੈ। ਜੇਕਰ ਰੇਡੀਏਟਰ ’ਚ ਕੂਲੈਂਟ ਖ਼ਤਮ ਹੋ ਜਾਵੇ ਜਾਂ ਪਾਈਪ ਵਿੱਚੋਂ ਲੀਕ ਹੋਣ ਲੱਗੇ, ਤਾਂ ਇੰਜਣ ਦਾ ਤਾਪਮਾਨ ਤੇਜ਼ੀ ਨਾਲ ਵਧ ਸਕਦਾ ਹੈ। ਡੈਸ਼ਬੋਰਡ ’ਤੇ ਤਾਪਮਾਨ ਵਧਣ ਦੀ ਚੇਤਾਵਨੀ ਆਉਣ ਦੇ ਬਾਵਜੂਦ ਗੱਡੀ ਚਲਾਉਂਦੇ ਰਹਿਣ ਨਾਲ ਇੰਜਣ ਸੀਜ਼ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਬਚਾਅ ਲਈ: ਕੂਲੈਂਟ ਦਾ ਪੱਧਰ ਨਿਯਮਿਤ ਤੌਰ ’ਤੇ ਚੈੱਕ ਕਰੋ ਤੇ ਡੈਸ਼ਬੋਰਡ ’ਤੇ ਆਉਣ ਵਾਲੀ ਓਵਰਹੀਟਿੰਗ ਦੀ ਚੇਤਾਵਨੀ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
ਬਰਸਾਤ ਦੇ ਮੌਸਮ ’ਚ ਪਾਣੀ ਨਾਲ ਭਰੀਆਂ ਸੜਕਾਂ ’ਤੇ ਗੱਡੀ ਚਲਾਉਣਾ ਇੰਜਣ ਲਈ ਖ਼ਤਰਨਾਕ ਹੋ ਸਕਦਾ ਹੈ। ਜਦੋਂ ਪਾਣੀ ਏਅਰ ਫਿਲਟਰ ਰਾਹੀਂ ਇੰਜਣ ਦੇ ਸਿਲੰਡਰ ’ਚ ਦਾਖ਼ਲ ਹੋ ਜਾਂਦਾ ਹੈ, ਤਾਂ ਪਿਸਟਨ ਇਸ ਨੂੰ ਹਵਾ ਵਾਂਗ ਕੰਪ੍ਰੈੱਸ ਨਹੀਂ ਕਰ ਸਕਦਾ। ਇਸ ਸਥਿਤੀ ਨੂੰ ਹਾਈਡਰੋ-ਲਾਕਿੰਗ ਕਿਹਾ ਜਾਂਦਾ ਹੈ। ਅਜਿਹੀ ਹਾਲਤ ’ਚ ਜੇਕਰ ਤੁਸੀਂ ਵਾਰ-ਵਾਰ ਸੈਲਫ਼ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਇੰਜਣ ਦੇ ਅੰਦਰੂਨੀ ਪੁਰਜ਼ਿਆਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ ਤੇ ਇੰਜਣ ਸੀਜ਼ ਵੀ ਹੋ ਸਕਦਾ ਹੈ।
ਬਚਾਅ ਲਈ: ਜੇਕਰ ਪਾਣੀ ਭਰੀ ਸੜਕ ’ਤੇ ਗੱਡੀ ਬੰਦ ਹੋ ਜਾਵੇ, ਤਾਂ ਵਾਰ-ਵਾਰ ਸੈਲਫ਼ ਸਟਾਰਟ ਨਾ ਕਰੋ। ਗੱਡੀ ਨੂੰ ਮਕੈਨਿਕ ਕੋਲ ਲੈ ਜਾ ਕੇ ਚੈੱਕ ਕਰਵਾਓ।
ਸਸਤੇ ਜਾਂ ਮਿਲਾਵਟੀ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਕਰਨ ਨਾਲ ਇੰਜਣ ’ਚ ਗੰਦਗੀ ਜਮ੍ਹਾਂ ਹੋ ਸਕਦੀ ਹੈ। ਇਸ ਨਾਲ ਫਿਊਲ ਇੰਜੈਕਟਰ ਤੇ ਇੰਜਣ ਦੇ ਹੋਰ ਪੁਰਜ਼ੇ ਖ਼ਰਾਬ ਹੋ ਸਕਦੇ ਹਨ, ਜਿਸ ਕਾਰਨ ਇੰਜਣ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ ਤੇ ਗੰਭੀਰ ਨੁਕਸਾਨ ਦਾ ਖ਼ਤਰਾ ਵਧ ਜਾਂਦਾ ਹੈ।
ਬਚਾਅ ਲਈ : ਹਮੇਸ਼ਾ ਭਰੋਸੇਯੋਗ ਪੈਟਰੋਲ ਪੰਪ ਤੋਂ ਈਂਧਨ ਭਰਵਾਓ ਤੇ ਗੱਡੀ ਦੀ ਸਮੇਂ ਸਿਰ ਸਰਵਿਸਿੰਗ ਕਰਵਾਓ। ਇੰਜਣ ਨੂੰ ਸੀਜ਼ ਹੋਣ ਤੋਂ ਬਚਾਉਣ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਸਮੇਂ ਸਿਰ ਸਰਵਿਸਿੰਗ ਕਰਵਾਈ ਜਾਵੇ। ਇੰਜਣ ਆਇਲ, ਕੂਲੈਂਟ ਤੇ ਲੀਕੇਜ ਦੀ ਜਾਂਚ ਦਾ ਧਿਆਨ ਰੱਖ ਕੇ ਤੁਸੀਂ ਆਪਣੀ ਗੱਡੀ ਦੇ ਇੰਜਣ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖ ਸਕਦੇ ਹੋ।