- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਮਨ ਕਾਜ਼ ਤੇ ਲੋਕਨੀਤੀ-ਸੀਐਸਡੀਐਸ ਦੀ ਹਾਲੀਆ ਰਿਪੋਰਟ ’ਚ ਭਾਰਤ ’ਚ ਸਾਈਬਰ ਅਪਰਾਧ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਾਈਬਰ ਅਪਰਾਧ ਦੇ ਵੱਧ ਰਹੇ ਮਾਮਲਿਆਂ ਦਰਮਿਆਨ ਠੱਗੀ ਤੋਂ ਬਚਾਅ, ਸ਼ਿਕਾਇਤ ਦਰਜ ਕਰਾਉਣ ਤੇ ਪੈਸਾ ਵਾਪਸ ਹਾਸਲ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਲੋਕਾਂ ਦੇ ਤਜਰਬੇ ਮਿਲੇ-ਜੁਲੇ ਰਹੇ ਹਨ। ਕਾਮਨ ਕਾਜ਼ ਤੇ ਲੋਕਨੀਤੀ-ਸੀਐਸਡੀਐਸ ਦੀ ਸਟੇਟਸ ਆਫ਼ ਪੁਲਿਸਿੰਗ ਇਨ ਇੰਡੀਆ ਰਿਪੋਰਟ (SPIR) 2026 ਮੁਤਾਬਕ, ਆਨਲਾਈਨ ਭੁਗਤਾਨ ਦਾ ਜ਼ਿਆਦਾ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਧੋਖਾਧੜੀ ਵਾਲੀਆਂ ਕਾਲਾਂ ਆਉਣ ਦੀ ਸੰਭਾਵਨਾ ਵੱਧ ਰਹਿੰਦੀ ਹੈ। ਰਿਪੋਰਟ ਮੁਤਾਬਕ, ਕਰੀਬ ਇੱਕ-ਤਿਹਾਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਨਕਲੀ ਡਿਲਿਵਰੀ ਜਾਂ ਵੱਧ ਰਿਟਰਨ ਵਾਲੇ ਨਿਵੇਸ਼ ਦੇ ਨਾਂ ’ਤੇ ਠੱਗੀ ਵਾਲੀਆਂ ਕਾਲਾਂ ਆਉਂਦੀਆਂ ਹਨ। ਹਾਲਾਂਕਿ, ਕਰੀਬ 75 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਤਿਆਰ ਹੈ। ਰਿਪੋਰਟ ਤਿਆਰ ਕਰਨ ਲਈ 16 ਸੂਬਿਆਂ ’ਚ 8,306 ਲੋਕਾਂ ਦਾ ਸਰਵੇ ਕੀਤਾ ਗਿਆ ਤੇ 37 ਲੋਕਾਂ ਨਾਲ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਇਨ੍ਹਾਂ ’ਚ ਸਾਈਬਰ ਅਪਰਾਧ ਦੇ ਪੀੜਤ, ਮਾਹਿਰ, ਪੀੜਤਾਂ ਦੀ ਮਦਦ ਕਰਨ ਵਾਲੇ ਲੋਕ ਤੇ ਮੁਲਜ਼ਮਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।ਇਸ ਦੇ ਬਾਵਜੂਦ ਸ਼ਿਕਾਇਤ ਦਰਜ ਕਰਾਉਣ ਤੇ ਪੈਸਾ ਵਾਪਸ ਹਾਸਲ ਕਰਨ ’ਚ ਕਈ ਮੁਸ਼ਕਲਾਂ ਸਾਹਮਣੇ ਆਈਆਂ। ਸਰਵੇ ਦੇ ਨਤੀਜਿਆਂ ਮੁਤਾਬਕ, 48 ਫ਼ੀਸਦੀ ਲੋਕਾਂ ਨੇ ਕਿਹਾ ਕਿ ਭਵਿੱਖ ’ਚ ਸਾਈਬਰ ਅਪਰਾਧ ਦਾ ਸ਼ਿਕਾਰ ਹੋਣ ’ਤੇ ਉਹ ਪੁਲਿਸ ’ਚ ਜ਼ਰੂਰ ਸ਼ਿਕਾਇਤ ਕਰਨਗੇ। 51 ਫ਼ੀਸਦੀ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਜਦਕਿ 11 ਫ਼ੀਸਦੀ ਨੇ ਪੁਲਿਸ ਨਾਲ ਸੰਪਰਕ ਤਾਂ ਕੀਤਾ ਪਰ ਮਾਮਲੇ ਨੂੰ ਅੱਗੇ ਨਹੀਂ ਵਧਾਇਆ। ਪੁਲਿਸ ’ਚ ਸ਼ਿਕਾਇਤ ਦਰਜ ਕਰਵਾਉਣ ਵਾਲੇ ਕਰੀਬ ਅੱਧੇ ਲੋਕਾਂ ਨੇ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਨੂੰ ਮੁਸ਼ਕਲ ਦੱਸਿਆ।ਸ਼ਿਕਾਇਤ ਦਰਜ ਕਰਵਾਉਣ ਵਾਲੇ 27 ਫ਼ੀਸਦੀ ਪੀੜਤਾਂ ਨੇ ਪੁਲਿਸ ਨੂੰ ਰਿਸ਼ਵਤ ਦੇਣ ਦੀ ਗੱਲ ਕਹੀ। 72 ਫ਼ੀਸਦੀ ਪੀੜਤ ਡਿਜ਼ੀਟਲ ਵਿੱਤੀ ਠੱਗੀ ਤੋਂ ਬਾਅਦ ਆਪਣਾ ਗੁਆਇਆ ਹੋਇਆ ਪੈਸਾ ਵਾਪਸ ਹਾਸਲ ਨਹੀਂ ਕਰ ਸਕੇ। 22 ਫ਼ੀਸਦੀ ਪੀੜਤ ਪੈਸਾ ਵਾਪਸ ਦਿਵਾਉਣ ’ਚ ਬੈਂਕ ਦੀ ਭੂਮਿਕਾ ਤੋਂ ਬਹੁਤ ਅਸੰਤੁਸ਼ਟ ਰਹੇ, ਜਦਕਿ 20 ਫ਼ੀਸਦੀ ਪੀੜਤ ਬੈਂਕ ਤੇ ਪੁਲਿਸ ਵਿਚਕਾਰ ਤਾਲਮੇਲ ਤੋਂ ਬਹੁਤ ਅਸੰਤੁਸ਼ਟ ਸਨ। ਕਰੀਬ 75 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਪੁਲਿਸ ਸਾਈਬਰ ਅਪਰਾਧ ਨਾਲ ਨਜਿੱਠਣ ਲਈ ਤਿਆਰ ਹੈ। ਇਨ੍ਹਾਂ ’ਚੋਂ 29 ਫ਼ੀਸਦੀ ਨੇ ਪੁਲਿਸ ਨੂੰ ਪੂਰੀ ਤਰ੍ਹਾਂ ਤਿਆਰ ਤੇ 44 ਫ਼ੀਸਦੀ ਨੇ ਕੁਝ ਹੱਦ ਤੱਕ ਤਿਆਰ ਮੰਨਿਆ। ਇੱਕ-ਤਿਹਾਈ ਤੋਂ ਵੱਧ ਪੀੜਤਾਂ ਨੇ ਆਪਣੇ ਮਾਮਲੇ ’ਚ ਕਾਰਵਾਈ ਯਕੀਨੀ ਬਣਾਉਣ ਲਈ ਨਿੱਜੀ ਸੰਪਰਕਾਂ ਰਾਹੀਂ ਪੁਲਿਸ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ।