- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Car Clutch Plate: ਕੁਝ ਗਲਤ ਡਰਾਈਵਿੰਗ ਆਦਤਾਂ ਕਾਰ ਦੀ ਕਲੱਚ ਪਲੇਟ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਜਿਸ ਨਾਲ ਪਿਕਅੱਪ ਤੇ ਮਾਈਲੇਜ ਘੱਟ ਹੋ ਜਾਂਦੀ ਹੈ। ਇਨ੍ਹਾਂ 5 ਆਦਤਾਂ ਨੂੰ ਬਦਲ ਕੇ ਤੁਸੀਂ ਆਪਣੀ ਕਾਰ ਦੀ ਕਲੱਚ ਪਲੇਟ ਦੀ ਉਮਰ ਵਧਾ ਸਕਦੇ ਹੋ।

ਆਟੋ ਡੈਸਕ, ਨਵੀਂ ਦਿੱਲੀ : ਕਾਰ ਚਲਾਉਂਦੇ ਸਮੇਂ ਸਾਡੀਆਂ ਕੁਝ ਆਦਤਾਂ ਕਾਰ ਦੇ ਕਈ ਪਾਰਟਸ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ’ਚ ਸਭ ਤੋਂ ਜ਼ਰੂਰੀ ਹਿੱਸਾ ਕਲੱਚ ਪਲੇਟ ਹੈ। ਜੇਕਰ ਇਹ ਖਰਾਬ ਹੋ ਜਾਵੇ ਤਾਂ ਕਾਰ ਦਾ ਪਿਕਅੱਪ ਘੱਟ ਹੋ ਜਾਂਦਾ ਹੈ ਤੇ ਮਾਈਲੇਜ ਵੀ ਡਿੱਗ ਜਾਂਦੀ ਹੈ। ਜੇਕਰ ਤੁਸੀਂ ਆਪਣੀ ਕਾਰ ਦੀ ਕਲੱਚ ਪਲੇਟ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਇਨ੍ਹਾਂ 5 ਆਦਤਾਂ ਨੂੰ ਬਦਲ ਦਿਓ।
ਹਾਫ ਕਲੱਚ 'ਤੇ ਡਰਾਈਵ ਕਰਨਾ
ਕਈ ਲੋਕ ਟ੍ਰੈਫਿਕ ’ਚ ਜਾਂ ਕਾਰ ਚਲਾਉਂਦੇ ਸਮੇਂ ਕਲੱਚ ਨੂੰ ਅੱਧਾ ਦਬਾ ਕੇ ਰੱਖਦੇ ਹਨ। ਇਸ ਨੂੰ 'ਰਾਈਡਿੰਗ ਦ ਕਲੱਚ' ਕਿਹਾ ਜਾਂਦਾ ਹੈ। ਅਜਿਹਾ ਕਰਨ ਨਾਲ ਕਲੱਚ ਪਲੇਟ 'ਤੇ ਜ਼ਿਆਦਾ ਦਬਾਅ ਪੈਂਦਾ ਹੈ ਤੇ ਇਹ ਤੇਜ਼ੀ ਨਾਲ ਘਿਸਣ ਲੱਗਦੀ ਹੈ। ਹਮੇਸ਼ਾ ਕਲੱਚ ਨੂੰ ਪੂਰਾ ਦਬਾਓ ਜਾਂ ਪੂਰੀ ਤਰ੍ਹਾਂ ਛੱਡੋ।
ਕਲੱਚ ਪੈਡਲ 'ਤੇ ਪੈਰ ਰੱਖਣਾ
ਡਰਾਈਵਿੰਗ ਦੌਰਾਨ ਕਈ ਡਰਾਈਵਰਾਂ ਦੀ ਆਦਤ ਹੁੰਦੀ ਹੈ ਕਿ ਉਹ ਆਪਣਾ ਖੱਬਾ ਪੈਰ ਹਮੇਸ਼ਾ ਕਲੱਚ ਪੈਡਲ 'ਤੇ ਟਿਕਾ ਕੇ ਰੱਖਦੇ ਹਨ। ਭਾਵੇਂ ਤੁਸੀਂ ਪੈਡਲ ਨੂੰ ਦਬਾ ਨਾ ਰਹੇ ਹੋਵੋ, ਫਿਰ ਵੀ ਪੈਰ ਦਾ ਹਲਕਾ ਜਿਹਾ ਭਾਰ ਕਲੱਚ ਨੂੰ ਲਗਾਤਾਰ ਘਿਸਦਾ ਰਹਿੰਦਾ ਹੈ। ਕਲੱਚ ਦੀ ਵਰਤੋਂ ਕਰਨ ਤੋਂ ਬਾਅਦ ਪੈਰ ਨੂੰ ਸਾਈਡ 'ਤੇ ਦਿੱਤੇ ਡੈੱਡ ਪੈਡਲ 'ਤੇ ਰੱਖੋ।
ਟ੍ਰੈਫਿਕ ਸਿਗਨਲ 'ਤੇ ਕਲੱਚ ਦਬਾ ਕੇ ਰੱਖਣਾ
ਲਾਲ ਬੱਤੀ ਜਾਂ ਟ੍ਰੈਫਿਕ ’ਚ ਕਾਰ ਨੂੰ ਨਿਊਟ੍ਰਲ ਕਰਨ ਦੀ ਬਜਾਏ ਕਈ ਲੋਕ ਗੀਅਰ ’ਚ ਹੀ ਕਲੱਚ ਦਬਾ ਕੇ ਖੜ੍ਹੇ ਰਹਿੰਦੇ ਹਨ। ਇਸ ਨਾਲ ਕਲੱਚ ਸਪ੍ਰਿੰਗ ਤੇ ਬੇਅਰਿੰਗ 'ਤੇ ਬੇਲੋੜਾ ਦਬਾਅ ਪੈਂਦਾ ਹੈ। ਜਦੋਂ ਵੀ 10-15 ਸਕਿੰਟ ਤੋਂ ਜ਼ਿਆਦਾ ਸਮੇਂ ਲਈ ਰੁਕਣਾ ਹੋਵੇ ਤਾਂ ਕਾਰ ਨੂੰ ਨਿਊਟ੍ਰਲ ਕਰ ਲਓ।
ਚੜ੍ਹਾਈ 'ਤੇ ਕਾਰ ਰੋਕਣਾ
ਪਹਾੜੀ ਰਸਤੇ ਜਾਂ ਚੜ੍ਹਾਈ 'ਤੇ ਕਾਰ ਨੂੰ ਪਿੱਛੇ ਜਾਣ ਤੋਂ ਰੋਕਣ ਲਈ ਕਈ ਲੋਕ ਕਲੱਚ ਤੇ ਐਕਸਲੇਰੇਟਰ ਦਾ ਬੈਲੈਂਸ ਬਣਾਉਂਦੇ ਹਨ। ਇਹ ਤਰੀਕਾ ਕਲੱਚ ਪਲੇਟ ਨੂੰ ਬਹੁਤ ਜਲਦੀ ਘਿਸ ਸਕਦਾ ਹੈ। ਚੜ੍ਹਾਈ 'ਤੇ ਕਾਰ ਨੂੰ ਰੋਕਣ ਤੇ ਮੁੜ ਚਲਾਉਣ ਲਈ ਹਮੇਸ਼ਾ ਹੈਂਡਬ੍ਰੇਕ ਦੀ ਵਰਤੋਂ ਕਰੋ।
ਗਲਤ ਗੀਅਰ ’ਚ ਡਰਾਈਵਿੰਗ
ਘੱਟ ਸਪੀਡ 'ਤੇ ਵੱਡਾ ਗੀਅਰ ਲਗਾਉਣ ਨਾਲ ਇੰਜਣ ਤੇ ਕਲੱਚ ਦੋਵਾਂ 'ਤੇ ਮਾੜਾ ਅਸਰ ਪੈਂਦਾ ਹੈ। ਇਸ ਨਾਲ ਇੰਜਣ ਵਾਈਬ੍ਰੇਟ ਕਰਦਾ ਹੈ ਤੇ ਕਲੱਚ ਪਲੇਟ 'ਤੇ ਜ਼ੋਰ ਪੈਂਦਾ ਹੈ। ਹਮੇਸ਼ਾ ਕਾਰ ਦੀ ਸਪੀਡ ਦੇ ਹਿਸਾਬ ਨਾਲ ਸਹੀ ਗੀਅਰ ਚੁਣੋ ਤੇ ਕੰਪਨੀ ਵੱਲੋਂ ਦੱਸੇ ਗਏ ਨਿਰਦੇਸ਼ਾਂ ਮੁਤਾਬਕ ਹੀ ਸਪੀਡ ਤੇ ਗੀਅਰ ਦੀ ਚੋਣ ਕਰੋ।