- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਟਰਨੈੱਟ ਮੀਡੀਆ ’ਤੇ ਲੋਕਪ੍ਰਿਯ ਹੋ ਰਿਹਾ 1980 ਦੇ ਦਹਾਕੇ ਵਾਲਾ ਰੈਟਰੋ ਫੋਟੋ ਫਿਲਟਰ ਜਿੰਨਾ ਮਜ਼ੇਦਾਰ ਹੈ, ਓਨਾ ਹੀ ਖ਼ਤਰਨਾਕ ਵੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਫੋਟੋ ਟ੍ਰੈਂਡ ਆਉਂਦੇ ਰਹੇ ਹਨ ਤੇ ਅੱਗੇ ਵੀ ਆਉਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਇੱਕ ਸੈਲਫੀ ਤੁਹਾਡੇ ਬੈਂਕ ਖਾਤੇ, ਡਿਜੀਟਲ ਪਛਾਣ ਤੇ ਨਿੱਜਤਾ ਨੂੰ ਖਤਰੇ ’ਚ ਪਾ ਸਕਦੀ ਹੈ?

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਇਨ੍ਹੀਂ ਦਿਨੀਂ ਇੰਟਰਨੈੱਟ ਮੀਡੀਆ ’ਤੇ ਆਪਣੀਆਂ ਤਸਵੀਰਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ 20ਵੀਂ ਸਦੀ ਦੇ ਅੱਠਵੇਂ ਦਹਾਕੇ ਦੀਆਂ ਇਅਰਬੁੱਕ ਤਸਵੀਰਾਂ ’ਚ ਬਦਲਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕ ਬਿਨਾਂ ਸੋਚੇ-ਸਮਝੇ ਆਪਣੀਆਂ ਤਸਵੀਰਾਂ ਇਨ੍ਹਾਂ ਐਪਸ ’ਤੇ ਅਪਲੋਡ ਕਰ ਰਹੇ ਹਨ। ਪਹਿਲੀ ਨਜ਼ਰ ’ਚ ਇਹ ਇੱਕ ਆਮ ਤੇ ਬੇਨੁਕਸਾਨ ਮਨੋਰੰਜਨ ਲੱਗਦਾ ਹੈ। ਪਰ ਸਾਈਬਰ ਸੁਰੱਖਿਆ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਤਸਵੀਰਾਂ ਵਾਲੇ ਆਕਰਸ਼ਣ ਦੇ ਪਿੱਛੇ ਇੱਕ ਵੱਡਾ ਡਿਜੀਟਲ ਜਾਲ ਲੁਕਿਆ ਹੋ ਸਕਦਾ ਹੈ, ਜਿਸ ਦੇ ਖਤਰਿਆਂ ਨੂੰ ਸਮਝਣਾ ਹਰ ਯੂਜ਼ਰ ਲਈ ਜ਼ਰੂਰੀ ਹੈ।
ਬਾਇਓਮੈਟ੍ਰਿਕ ਡਾਟਾ ਦੀ ਚੋਰੀ
ਪੁਰਾਣੇ ਸਮੇਂ ਦੇ ਫੋਟੋ ਫਿਲਟਰ ਸਿਰਫ਼ ਤੁਹਾਡੀ ਤਸਵੀਰ ’ਤੇ ਰੰਗਾਂ ਦੀ ਇੱਕ ਪਰਤ ਜੋੜਦੇ ਸਨ, ਜਿਸ ਨਾਲ ਤੁਹਾਡੀ ਅਸਲ ਪਛਾਣ ਸੁਰੱਖਿਅਤ ਰਹਿੰਦੀ ਸੀ। ਇਸ ਦੇ ਉਲਟ, ਅੱਜ ਦੇ ਆਧੁਨਿਕ ਜਨਰੇਟਿਵ AI ਮਾਡਲ ਤੁਹਾਡੇ ਚਿਹਰੇ ਦੀ ਬਣਤਰ, ਅੱਖਾਂ ਦੀਆਂ ਪੁਤਲੀਆਂ ਦਾ ਰੰਗ ਤੇ ਚਿਹਰੇ ਦੇ ਹਰ ਬਾਰੀਕ ਹਿੱਸੇ ਨੂੰ ਡੂੰਘਾਈ ਨਾਲ ਸਕੈਨ ਕਰਦੇ ਹਨ।
ਜਦੋਂ ਤੁਸੀਂ ਕੋਈ ਫੋਟੋ ਅਪਲੋਡ ਕਰਦੇ ਹੋ, ਤਾਂ ਤੁਸੀਂ ਅਣਜਾਣੇ ’ਚ ਇਨ੍ਹਾਂ ਟੈਕਨਾਲੋਜੀ ਕੰਪਨੀਆਂ ਨੂੰ ਆਪਣਾ ਬਾਇਓਮੈਟ੍ਰਿਕ ਡਾਟਾ ਮੁਫ਼ਤ ’ਚ ਸੌਂਪ ਸਕਦੇ ਹੋ। ਯਾਦ ਰੱਖੋ, ਇੱਕ ਡਿਜੀਟਲ ਪਾਸਵਰਡ ਲੀਕ ਹੋਣ ’ਤੇ ਉਸ ਨੂੰ ਤੁਰੰਤ ਬਦਲਿਆ ਜਾ ਸਕਦਾ ਹੈ, ਪਰ ਤੁਹਾਡਾ ਚਿਹਰਾ ਤੇ ਬਾਇਓਮੈਟ੍ਰਿਕ ਜਾਣਕਾਰੀ ਬਦਲੀ ਨਹੀਂ ਜਾ ਸਕਦੀ। ਭਵਿੱਖ ’ਚ ਇਸ ਡਾਟੇ ਦੀ ਦੁਰਵਰਤੋਂ ਤੁਹਾਡੀ ਪਛਾਣ ਚੋਰੀ ਕਰਕੇ ਵਿੱਤੀ ਧੋਖਾਧੜੀ ਕਰਨ ਜਾਂ ਤੁਹਾਡੇ ਨਾਮ ’ਤੇ ਡੀਪਫੇਕ ਵੀਡੀਓ ਬਣਾਉਣ ਲਈ ਕੀਤੀ ਜਾ ਸਕਦੀ ਹੈ।
ਲੁਕੀ ਹੋਈ ਜਾਸੂਸੀ ਤੇ ਨਕਲੀ ਐਪਸ
ਖਤਰਾ ਸਿਰਫ਼ ਮੁੱਖ AI ਐਪਸ ਤੱਕ ਸੀਮਿਤ ਨਹੀਂ ਹੈ। ਜਦੋਂ ਕੋਈ ਫਿਲਟਰ ਵਾਇਰਲ ਹੁੰਦਾ ਹੈ ਤਾਂ ਪਲੇ ਸਟੋਰ ’ਤੇ ਸੈਂਕੜੇ ਨਕਲੀ ਤੇ ਸ਼ੱਕੀ ਐਪਸ ਵੀ ਆ ਜਾਂਦੇ ਹਨ। ਇਹ ਐਪਸ ਫੋਟੋ ਬਦਲਣ ਦੇ ਬਹਾਨੇ ਤੁਹਾਡੇ ਫੋਨ ਦੀ ਗੈਲਰੀ, ਕਨਟੈਕਟ ਲਿਸਟ, ਮਾਈਕ੍ਰੋਫੋਨ ਤੇ ਲਾਈਵ ਲੋਕੇਸ਼ਨ ਤੱਕ ਪਹੁੰਚ ਦੀ ਇਜਾਜ਼ਤ ਮੰਗ ਸਕਦੇ ਹਨ। ਇਨ੍ਹਾਂ ’ਚੋਂ ਕੁਝ ਐਪਸ ’ਚ ਅਜਿਹਾ ਕੋਡ ਵੀ ਹੋ ਸਕਦਾ ਹੈ ਜੋ ਕੀਬੋਰਡ ’ਤੇ ਤੁਹਾਡੀਆਂ ਉਂਗਲਾਂ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰੇ, ਜਿਸ ਨਾਲ ਤੁਹਾਡਾ ਨੈੱਟ ਬੈਂਕਿੰਗ ਪਾਸਵਰਡ ਵੀ ਚੋਰੀ ਹੋ ਸਕਦਾ ਹੈ।
ਇਹ ਗੱਲ ਭਾਵੇਂ ਅਕਲ ਤੋਂ ਪਰੇ ਲੱਗੇ, ਪਰ ਤੁਹਾਡੀਆਂ ਨਿੱਜੀ ਤਸਵੀਰਾਂ ’ਚ ਲੁਕਿਆ ਮੈਟਾਡਾਟਾ ਸਾਈਬਰ ਅਪਰਾਧੀਆਂ ਨੂੰ ਤੁਹਾਡੇ ਘਰ ਦੀ ਸਹੀ GPS ਲੋਕੇਸ਼ਨ ਤੱਕ ਪਹੁੰਚ ਦੇ ਸਕਦਾ ਹੈ। ਯਾਦ ਰੱਖੋ, ਇਹ ਸਾਰੇ AI ਫਿਲਟਰ ਤੇ ਅਜੀਬੋ-ਗਰੀਬ ਟ੍ਰੈਂਡ ਕੁਝ ਦਿਨਾਂ ਜਾਂ ਹਫ਼ਤਿਆਂ ’ਚ ਤੁਹਾਡੀ ਫੀਡ ਤੋਂ ਪੂਰੀ ਤਰ੍ਹਾਂ ਗਾਇਬ ਹੋ ਜਾਣਗੇ। ਲੋਕ ਨਵੇਂ ਟ੍ਰੈਂਡਾਂ ਵੱਲ ਵਧ ਜਾਣਗੇ ਤੇ ਪੁਰਾਣੀਆਂ ਤਸਵੀਰਾਂ ਇਤਿਹਾਸ ਦਾ ਹਿੱਸਾ ਬਣ ਜਾਣਗੀਆਂ।
ਪਰ ਇੱਕ ਵਾਰ ਬਾਇਓਮੈਟ੍ਰਿਕ ਡਾਟਾ ਕੰਪਨੀਆਂ ਦੇ ਸਰਵਰਾਂ ਜਾਂ ਸਾਈਬਰ ਅਪਰਾਧੀਆਂ ਦੇ ਕਬਜ਼ੇ ’ਚ ਚਲਾ ਗਿਆ ਤਾਂ ਉਸ ਨੂੰ ਪੂਰੀ ਤਰ੍ਹਾਂ ਮਿਟਾਉਣਾ ਮੁਸ਼ਕਲ ਹੋ ਸਕਦਾ ਹੈ। ਇਸ ਲਈ ਜਾਗਰੂਕ ਰਹੋ, ਕਿਉਂਕਿ ਇੰਟਰਨੈੱਟ ’ਤੇ ਮੁਫ਼ਤ ਦਿਖਾਈ ਦੇਣ ਵਾਲੀ ਹਰ ਚੀਜ਼ ਦੀ ਕੀਮਤ ਆਖਿਰਕਾਰ ਸਾਨੂੰ ਹੀ ਚੁਕਾਉਣੀ ਪੈ ਸਕਦੀ ਹੈ।
ਮੁਫ਼ਤ ਸੇਵਾ ਦਾ ਲੁਕਿਆ ਹੋਇਆ ਮੁਨਾਫ਼ਾ
ਇੰਟਰਨੈੱਟ ’ਤੇ ਜੋ ਸੇਵਾ ਤੁਹਾਨੂੰ ਮੁਫ਼ਤ ਦਿਖਾਈ ਦਿੰਦੀ ਹੈ, ਉਹੀ ਕਈ ਕੰਪਨੀਆਂ ਦਾ ਵੱਡਾ ਬਿਜ਼ਨਸ ਮਾਡਲ ਹੋ ਸਕਦੀ ਹੈ। ਤੁਹਾਡੇ ਵੱਲੋਂ ਅਪਲੋਡ ਕੀਤੀਆਂ ਤਸਵੀਰਾਂ ਦੀ ਵਰਤੋਂ ਕੰਪਨੀਆਂ ਆਪਣੇ AI ਮਾਡਲਾਂ ਨੂੰ ਟ੍ਰੇਨ ਕਰਨ ਜਾਂ ਡਾਟਾ ਬ੍ਰੋਕਰਾਂ ਨਾਲ ਸਾਂਝਾ ਕਰਨ ਲਈ ਕਰ ਸਕਦੀਆਂ ਹਨ।
ਕਈ ਐਪਸ ਸ਼ੁਰੂ ’ਚ ਸਿਰਫ਼ ਦੋ, ਤਿੰਨ ਜਾਂ ਪੰਜ ਤਸਵੀਰਾਂ ਮੁਫ਼ਤ ਬਣਾਉਣ ਦੀ ਸਹੂਲਤ ਦਿੰਦੇ ਹਨ ਤੇ ਬਾਅਦ ’ਚ ਬਿਹਤਰ ਨਤੀਜਿਆਂ ਲਈ ਤੁਹਾਡੇ ਤੋਂ ਸਬਸਕ੍ਰਿਪਸ਼ਨ ਫੀਸ ਵਸੂਲਦੇ ਹਨ। ਇਸ ਤੋਂ ਇਲਾਵਾ, ਤੁਹਾਡੀ ਉਮਰ, ਲਿੰਗ ਤੇ ਲੋਕੇਸ਼ਨ ਨਾਲ ਸਬੰਧਤ ਡਾਟਾ ਵਿਗਿਆਪਨ ਏਜੰਸੀਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ, ਤਾਂ ਜੋ ਤੁਹਾਨੂੰ ਟਾਰਗੇਟਿਡ ਇਸ਼ਤਿਹਾਰ ਦਿਖਾਏ ਜਾ ਸਕਣ।
ਸੁਰੱਖਿਆ ਦੀ ਲਕਸ਼ਮਣ ਰੇਖਾ
ਜੇਕਰ ਤੁਸੀਂ ਟੈਕਨਾਲੋਜੀ ਦਾ ਆਨੰਦ ਵੀ ਲੈਣਾ ਚਾਹੁੰਦੇ ਹੋ ਤੇ ਸੁਰੱਖਿਅਤ ਵੀ ਰਹਿਣਾ ਚਾਹੁੰਦੇ ਹੋ ਤਾਂ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੋ :
ਡਾਟਾ ਟ੍ਰੇਨਿੰਗ ਤੁਰੰਤ ਬੰਦ ਕਰੋ: ਜੇਕਰ ਤੁਸੀਂ ChatGPT ਜਾਂ ਕਿਸੇ ਹੋਰ AI ਟੂਲ ਦੀ ਵਰਤੋਂ ਕਰਦੇ ਹੋ ਤਾਂ ਉਸ ਦੀਆਂ ਸੈਟਿੰਗਾਂ ’ਚ ਜਾ ਕੇ ਮਾਡਲ ਟ੍ਰੇਨਿੰਗ ਦੀ ਇਜਾਜ਼ਤ ਬੰਦ ਕਰ ਦਿਓ। ਇਸ ਨਾਲ ਕੰਪਨੀ ਤੁਹਾਡੀਆਂ ਤਸਵੀਰਾਂ ਦੀ ਵਰਤੋਂ ਆਪਣੇ ਸਿਸਟਮ ਨੂੰ ਟ੍ਰੇਨ ਕਰਨ ਲਈ ਨਹੀਂ ਕਰ ਸਕੇਗੀ।
ਟੈਕਸਟ ਪ੍ਰਾਂਪਟ ਦੀ ਵਰਤੋਂ ਕਰੋ: ਆਪਣੀ ਅਸਲੀ ਫੋਟੋ ਅਪਲੋਡ ਕਰਨ ਦੀ ਬਜਾਏ AI ਨੂੰ ਸਿਰਫ਼ ਲਿਖਤੀ ਰੂਪ ’ਚ ਹਦਾਇਤ ਦਿਓ। AI ਤੁਹਾਡੇ ਲਈ ਇੱਕ ਕਾਲਪਨਿਕ ਚਿਹਰਾ ਤਿਆਰ ਕਰ ਸਕਦਾ ਹੈ, ਜਿਸ ਨਾਲ ਤੁਹਾਡਾ ਅਸਲੀ ਚਿਹਰਾ ਸੁਰੱਖਿਅਤ ਰਹੇਗਾ।
ਮੈਟਾਡਾਟਾ ਡਿਲੀਟ ਕਰੋ: ਜੇਕਰ ਫੋਟੋ ਅਪਲੋਡ ਕਰਨੀ ਹੀ ਹੈ ਤਾਂ ਫੋਨ ਦੀ ਗੈਲਰੀ ਸੈਟਿੰਗ ਜਾਂ ਕਿਸੇ ਹੋਰ ਟੂਲ ਦੀ ਮਦਦ ਨਾਲ ਫੋਟੋ ’ਚ ਲੁਕੀ ਲੋਕੇਸ਼ਨ ਤੇ ਡਿਵਾਈਸ ਦੀ ਜਾਣਕਾਰੀ, ਯਾਨੀ ਮੈਟਾਡਾਟਾ, ਹਟਾ ਦਿਓ।
ਬੇਲੋੜੀਆਂ ਇਜਾਜ਼ਤਾਂ ਬਲਾਕ ਕਰੋ: ਆਪਣੇ ਫੋਨ ’ਚ ਗੈਰ-ਅਧਿਕਾਰਤ ਐਪਸ ਦੀ ਕੈਮਰਾ, ਸਟੋਰੇਜ ਤੇ ਲੋਕੇਸ਼ਨ ਤੱਕ ਪਹੁੰਚ ਨੂੰ ਤੁਰੰਤ ਬੰਦ ਕਰੋ।