- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ’ਚ ਪੁਰਾਣੀਆਂ ਕਾਰਾਂ ਨੂੰ ਸੰਭਾਲ ਕੇ ਰੱਖਣ ਵਾਲਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। Porsche ਦੀਆਂ ਕਲਾਸਿਕ ਕਾਰਾਂ ਦਾ ਸਭ ਤੋਂ ਵੱਡਾ ਕਲੈਕਸ਼ਨ ਕਿੱਥੇ ਹੈ? ਇਸ ’ਚ ਕਿਸ ਤਰ੍ਹਾਂ ਦੀਆਂ ਕਾਰਾਂ ਸ਼ਾਮਲ ਹਨ? ਆਓ ਜਾਣਦੇ ਹਾਂ।

ਆਟੋ ਡੈਸਕ, ਨਵੀਂ ਦਿੱਲੀ : ਭਾਰਤ ਦੇ ਨਾਲ-ਨਾਲ ਦੁਨੀਆ ਦੇ ਕਈ ਦੇਸ਼ਾਂ ’ਚ Porsche ਵੱਲੋਂ ਲਗਜ਼ਰੀ ਤੇ ਸਪੋਰਟਸ ਕਾਰਾਂ ਦੀ ਵਿਕਰੀ ਕੀਤੀ ਜਾਂਦੀ ਹੈ। ਪਰ ਇੱਕ ਅਜਿਹੀ ਵਰਕਸ਼ਾਪ ਵੀ ਹੈ, ਜਿੱਥੇ Porsche ਦੀਆਂ ਕਲਾਸਿਕ ਕਾਰਾਂ ਦਾ ਸਭ ਤੋਂ ਵੱਡਾ ਕਲੈਕਸ਼ਨ ਮੌਜੂਦ ਹੈ। ਇਹ ਵਰਕਸ਼ਾਪ ਕਿੱਥੇ ਹੈ? ਇੱਥੇ ਕਿੰਨੀਆਂ ਕਾਰਾਂ ਨੂੰ ਸੰਭਾਲ ਕੇ ਰੱਖਿਆ ਗਿਆ ਹੈ? ਕਲੈਕਸ਼ਨ ’ਚ ਕਿਸ ਤਰ੍ਹਾਂ ਦੀਆਂ ਕਾਰਾਂ ਸ਼ਾਮਲ ਹਨ ਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ? ਇਸ ਬਾਰੇ ਅਸੀਂ ਤੁਹਾਨੂੰ ਇਸ ਖ਼ਬਰ ’ਚ ਦੱਸ ਰਹੇ ਹਾਂ।
ਕਿੱਥੇ ਹੈ ਵਰਕਸ਼ਾਪ?
Porsche ਦੀਆਂ ਕਲਾਸਿਕ ਕਾਰਾਂ ਦਾ ਸਭ ਤੋਂ ਵੱਡਾ ਕਲੈਕਸ਼ਨ ਕਿਸੇ ਮਿਊਜ਼ੀਅਮ ’ਚ ਨਹੀਂ, ਸਗੋਂ ਇੱਕ ਵਰਕਸ਼ਾਪ ’ਚ ਹੈ। ਦੁਨੀਆ ਦੀਆਂ ਕੁਝ ਖ਼ਾਸ Porsche ਕਾਰਾਂ ਨੂੰ ਇੱਥੇ ਇਕੱਠਾ ਕਰਕੇ ਸੰਭਾਲ ਕੇ ਰੱਖਿਆ ਗਿਆ ਹੈ। ਇਹ ਵਰਕਸ਼ਾਪ ਜਰਮਨੀ ’ਚ ਸਥਿਤ ਹੈ।
ਕਿੰਨੀਆਂ ਹਨ ਕਾਰਾਂ?
ਜਰਮਨੀ ਦੇ ਵੁਪਪਰਟਾਲ ਸ਼ਹਿਰ ’ਚ ਇੱਕ ਕੰਪਨੀ ਹੈ, ਜਿਸ ਦਾ ਨਾਮ Early 911S ਹੈ। ਇਸੇ ਕੰਪਨੀ ’ਚ Porsche ਦੀਆਂ ਕੁਝ ਸਭ ਤੋਂ ਬਿਹਤਰੀਨ ਤੇ ਦੁਰਲੱਭ ਕਾਰਾਂ ਦਾ ਵਿਸ਼ਾਲ ਕਲੈਕਸ਼ਨ ਹੈ। ਜਾਣਕਾਰੀ ਮੁਤਾਬਕ, ਇਸ ਵਰਕਸ਼ਾਪ ’ਚ ਕਰੀਬ 700 ਅਜਿਹੀਆਂ Porsche ਕਾਰਾਂ ਹਨ, ਜੋ ਕਲਾਸਿਕ ਹੋਣ ਦੇ ਨਾਲ-ਨਾਲ ਬੇਹੱਦ ਖ਼ਾਸ ਵੀ ਹਨ।
ਕਿਵੇਂ ਹੋਈ ਸ਼ੁਰੂਆਤ?
ਜਾਣਕਾਰੀ ਮੁਤਾਬਕ ਇਹ ਕੰਪਨੀ ਪੁਰਾਣੀਆਂ Porsche ਕਾਰਾਂ ਨੂੰ ਉਨ੍ਹਾਂ ਦੇ ਅਸਲ ਰੂਪ ’ਚ ਬਹਾਲ ਕਰਨ ਲਈ ਦੁਨੀਆ ਭਰ ’ਚ ਆਪਣੀ ਵੱਖਰੀ ਪਛਾਣ ਰੱਖਦੀ ਹੈ। ਇਸ ਦੀ ਵਰਕਸ਼ਾਪ ’ਚ ਇੱਕ ਸਮੇਂ ਕਰੀਬ 140 ਕਾਰਾਂ ’ਤੇ ਇਕੱਠੇ ਕੰਮ ਕੀਤਾ ਜਾਂਦਾ ਹੈ। ਕੰਪਨੀ ਦੀ ਸ਼ੁਰੂਆਤ 2006 ’ਚ ਮੈਨਫ੍ਰੇਡ ਹੇਰਿੰਗ ਨੇ ਕੀਤੀ ਸੀ। ਉਨ੍ਹਾਂ ਨੇ ਇੱਕ ਇਸ਼ਤਿਹਾਰ ਲਈ ਸਾਲ 1966 ਦੀ Porsche 911 ਕਾਰ ਖਰੀਦੀ ਸੀ। ਇੱਥੋਂ ਹੀ ਇਸ ਪੂਰੇ ਸਫ਼ਰ ਦੀ ਸ਼ੁਰੂਆਤ ਹੋਈ।
ਪੁਰਜ਼ੇ ਇਕੱਠੇ ਕਰਨੇ ਕੀਤੇ ਸ਼ੁਰੂ
ਜਦੋਂ ਉਨ੍ਹਾਂ ਨੇ ਪੁਰਾਣੀ Porsche 911 ਨੂੰ ਰਿਸਟੋਰ ਕੀਤਾ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਇਸ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਤਿਆਰ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਰਾਣੀਆਂ ਕਾਰਾਂ ਤੇ ਉਨ੍ਹਾਂ ਦੇ ਪੁਰਜ਼ੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।
ਮੌਜੂਦ ਹਨ ਕਈ ਦੁਰਲੱਭ ਕਾਰਾਂ
ਇਸ ਵਰਕਸ਼ਾਪ ’ਚ ਸਿਰਫ਼ ਪੁਰਾਣੀਆਂ ਕਾਰਾਂ ਨੂੰ ਉਨ੍ਹਾਂ ਦੇ ਅਸਲ ਡਿਜ਼ਾਈਨ ’ਚ ਬਹਾਲ ਕਰਕੇ ਨਹੀਂ ਰੱਖਿਆ ਜਾਂਦਾ, ਸਗੋਂ ਇੱਥੇ ਦੁਨੀਆ ਦੀਆਂ ਕੁਝ ਅਜਿਹੀਆਂ ਦੁਰਲੱਭ Porsche ਕਾਰਾਂ ਵੀ ਮੌਜੂਦ ਹਨ, ਜੋ ਹੁਣ ਕਿਤੇ ਹੋਰ ਆਸਾਨੀ ਨਾਲ ਨਹੀਂ ਮਿਲਦੀਆਂ। ਇਨ੍ਹਾਂ ’ਚ Porsche 959 ਦੇ ਨਾਲ-ਨਾਲ ਹਰੇ ਰੰਗ ਦੀ Porsche 916 ਵੀ ਸ਼ਾਮਲ ਹੈ। Porsche 916 ਦੀਆਂ ਸਿਰਫ਼ 11 ਕਾਰਾਂ ਹੀ ਬਣਾਈਆਂ ਗਈਆਂ ਸਨ, ਜਿਸ ਕਾਰਨ ਇਸ ਦੀ ਦੁਰਲੱਭਤਾ ਹੋਰ ਵੀ ਵੱਧ ਜਾਂਦੀ ਹੈ।
100 ਤੋਂ ਜ਼ਿਆਦਾ ਲੋਕ ਕਰਦੇ ਹਨ ਕੰਮ
ਇਸ ਵਰਕਸ਼ਾਪ ’ਚ ਕਰੀਬ 100 ਤੋਂ ਜ਼ਿਆਦਾ ਲੋਕ ਕੰਮ ਕਰਦੇ ਹਨ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦਾ ਕੰਮ ਪੁਰਾਣੀਆਂ ਕਾਰਾਂ ਨੂੰ ਉਨ੍ਹਾਂ ਦੇ ਅਸਲ ਰੂਪ ’ਚ ਬਹਾਲ ਕਰਨਾ ਹੁੰਦਾ ਹੈ। ਉੱਥੇ ਹੀ ਕੁਝ ਲੋਕ ਪੁਰਾਣੀਆਂ ਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪੁਰਜ਼ਿਆਂ ਦੀ ਖੋਜ ਤੇ ਉਨ੍ਹਾਂ ਨੂੰ ਇਕੱਠਾ ਕਰਨ ਦਾ ਕੰਮ ਕਰਦੇ ਹਨ। ਪੁਰਾਣੀਆਂ ਕਾਰਾਂ ’ਚ ਵਰਤੇ ਜਾਣ ਵਾਲੇ ਪੁਰਜ਼ੇ ਵੀ ਉਸੇ ਦੌਰ ਦੇ ਹੁੰਦੇ ਹਨ। ਇਸ ਲਈ ਇਨ੍ਹਾਂ ਪੁਰਜ਼ਿਆਂ ਨੂੰ ਲੱਭਣਾ ਤੇ ਉਨ੍ਹਾਂ ਨੂੰ ਸਹੀ ਹਾਲਤ ’ਚ ਸੰਭਾਲ ਕੇ ਰੱਖਣਾ ਵੀ ਇਸ ਪੂਰੇ ਕੰਮ ਦਾ ਇੱਕ ਬੇਹੱਦ ਮਹੱਤਵਪੂਰਨ ਹਿੱਸਾ ਹੈ।