- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜਕੱਲ੍ਹ 50MP ਫੋਨ ਕੈਮਰੇ ਨਾਲ ਖਿੱਚੀਆਂ ਗਈਆਂ ਤਸਵੀਰਾਂ ਅਕਸਰ 12MP ਦੀਆਂ ਹੁੰਦੀਆਂ ਹਨ, ਜਿਸ ਦੀ ਵਜ੍ਹਾ ‘ਪਿਕਸਲ ਬਿਨਿੰਗ’ (Pixel Binning) ਤਕਨੀਕ ਹੈ। ਇਹ ਤਕਨੀਕ ਬਿਹਤਰ ਰੌਸ਼ਨੀ ਕੈਪਚਰ ਕਰਕੇ ਘੱਟ ਰੌਸ਼ਨੀ ’ਚ ਵੀ ਚੰਗੀ ਕੁਆਲਿਟੀ ਦੀਆਂ ਤਸਵੀਰਾਂ ਲੈਣ ’ਚ ਮਦਦ ਕਰਦੀ ਹੈ। ਇਹ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ, ਸਗੋਂ ਇੱਕ ਉੱਨਤ ਕੈਮਰਾ ਫੀਚਰ ਹੈ।

ਟੈਕਨਾਲੋਜੀ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਲੋਕ ਮੋਬਾਈਲ ਖਰੀਦਦੇ ਸਮੇਂ ਸਭ ਤੋਂ ਪਹਿਲਾਂ ਕੈਮਰੇ ਦੇ ਮੈਗਾਪਿਕਸਲ ਚੈੱਕ ਕਰਦੇ ਹਨ। ਬਹੁਤ ਸਾਰੇ ਫੋਨਾਂ ’ਚ 50MP, 64MP ਤੇ ਇੱਥੋਂ ਤੱਕ ਕਿ 200MP ਕੈਮਰੇ ਵੀ ਦੇਖਣ ਨੂੰ ਮਿਲਦੇ ਹਨ। ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ 50MP ਕੈਮਰਾ ਹੋਣ ਦੇ ਬਾਵਜੂਦ ਫੋਨ ਨਾਲ ਖਿੱਚੀਆਂ ਗਈਆਂ ਬਹੁਤ ਸਾਰੀਆਂ ਤਸਵੀਰਾਂ ਸਿਰਫ਼ 12MP ਜਾਂ 12.5MP ਦੀਆਂ ਹੁੰਦੀਆਂ ਹਨ। ਜੀ ਹਾਂ, ਇਸ ਦੇ ਪਿੱਛੇ ਇੱਕ ਖਾਸ ਕੈਮਰਾ ਤਕਨੀਕ ਕੰਮ ਕਰਦੀ ਹੈ। ਅੱਜ ਅਸੀਂ ਤੁਹਾਨੂੰ ਇਸੇ ਬਾਰੇ ਵਿਸਥਾਰ ਨਾਲ ਦੱਸਾਂਗੇ...
ਦਰਅਸਲ, ਅੱਜਕੱਲ੍ਹ ਆਉਣ ਵਾਲੇ ਜ਼ਿਆਦਾਤਰ ਸਮਾਰਟਫੋਨਾਂ ’ਚ ਕੰਪਨੀਆਂ Pixel Binning ਤਕਨੀਕ ਦੀ ਵਰਤੋਂ ਕਰਦੀਆਂ ਹਨ। ਆਸਾਨ ਸ਼ਬਦਾਂ ’ਚ ਕਹੀਏ ਤਾਂ ਕੈਮਰਾ ਸੈਂਸਰ ਉੱਤੇ ਮੌਜੂਦ ਕਈ ਛੋਟੇ-ਛੋਟੇ ਪਿਕਸਲਾਂ ਨੂੰ ਮਿਲਾ ਕੇ ਇੱਕ ਵੱਡਾ ਪਿਕਸਲ ਤਿਆਰ ਕੀਤਾ ਜਾਂਦਾ ਹੈ। 50MP ਸੈਂਸਰ ’ਚ ਆਮ ਤੌਰ ’ਤੇ 4 ਪਿਕਸਲਾਂ ਨੂੰ ਮਿਲਾ ਕੇ ਇੱਕ ਪਿਕਸਲ ਬਣਾਇਆ ਜਾਂਦਾ ਹੈ। ਇਸੇ ਕਾਰਨ 50MP ਸੈਂਸਰ ਤੋਂ ਡਿਫਾਲਟ ਫੋਟੋ ਲਗਭਗ 12.5MP ਦੀ ਬਣ ਸਕਦੀ ਹੈ।
ਇਸ ਦਾ ਕੀ ਫਾਇਦਾ ਹੈ?
ਇਸ ਤਕਨੀਕ ਦਾ ਸਭ ਤੋਂ ਵੱਡਾ ਫਾਇਦਾ ਫੋਟੋ ਦੀ ਕੁਆਲਿਟੀ ’ਚ ਦੇਖਣ ਨੂੰ ਮਿਲਦਾ ਹੈ। ਜਦੋਂ ਚਾਰ ਛੋਟੇ ਪਿਕਸਲ ਮਿਲ ਕੇ ਇੱਕ ਵੱਡਾ ਪਿਕਸਲ ਤਿਆਰ ਕਰਦੇ ਹਨ, ਤਾਂ ਸੈਂਸਰ ਜ਼ਿਆਦਾ ਰੌਸ਼ਨੀ ਕੈਪਚਰ ਕਰ ਸਕਦਾ ਹੈ। ਇਸ ਨਾਲ ਖਾਸ ਕਰਕੇ ਘੱਟ ਰੌਸ਼ਨੀ ਜਾਂ ਰਾਤ ਸਮੇਂ ਲਈਆਂ ਗਈਆਂ ਤਸਵੀਰਾਂ ’ਚ ਨੌਇਜ਼ ਘੱਟ ਤੇ ਫੋਟੋ ਵਧੇਰੇ ਕਲੀਅਰ ਦਿਖਾਈ ਦੇ ਸਕਦੀ ਹੈ। ਯਾਨੀ 50MP ਕੈਮਰਾ ਹੋਣਾ ਤੇ ਹਰ ਫੋਟੋ ਦਾ 50MP ’ਚ ਸੇਵ ਹੋਣਾ, ਦੋਵੇਂ ਵੱਖ-ਵੱਖ ਗੱਲਾਂ ਹਨ।
ਕੁਝ ਫੋਨਾਂ ’ਚ ਮਿਲਦਾ ਹੈ ਖਾਸ ਮੋਡ
50MP ਸੈਂਸਰ ਫੋਨ ਨੂੰ ਵਧੇਰੇ ਡੀਟੇਲ ਵਾਲੀ ਫੋਟੋ ਲੈਣ ਦੀ ਸਮਰੱਥਾ ਦਿੰਦਾ ਹੈ, ਜਦਕਿ 12MP ਮੋਡ ਬਿਹਤਰ ਰੌਸ਼ਨੀ, ਘੱਟ ਸਟੋਰੇਜ ਤੇ ਪ੍ਰੋਸੈਸਿੰਗ ਵਿਚਕਾਰ ਸੰਤੁਲਨ ਬਣਾਉਣ ’ਚ ਮਦਦ ਕਰਦਾ ਹੈ। ਹਾਲਾਂਕਿ, ਕਈ ਸਮਾਰਟਫੋਨਾਂ ’ਚ ਕੈਮਰਾ ਸੈਟਿੰਗਜ਼ ਦੇ ਅੰਦਰ ਹੀ ਖਾਸ 50MP ਜਾਂ High Resolution Mode ਵੀ ਮਿਲਦਾ ਹੈ। ਇਸ ਨੂੰ ਆਨ ਕਰਨ ’ਤੇ ਫੋਨ ਪੂਰੇ ਸੈਂਸਰ ਰੈਜ਼ੋਲਿਊਸ਼ਨ ਦੀ ਵਰਤੋਂ ਕਰਕੇ ਵੱਡੀ ਤਸਵੀਰ ਖਿੱਚਦਾ ਹੈ।
ਇਸ ਨੂੰ ਫੋਨ ਦੀ ਖਰਾਬੀ ਨਾ ਸਮਝੋ
ਹਾਲਾਂਕਿ ਅਜਿਹੀਆਂ ਤਸਵੀਰਾਂ ਦੀ ਫਾਈਲ ਸਾਈਜ਼ ਜ਼ਿਆਦਾ ਹੋ ਸਕਦੀ ਹੈ ਤੇ ਕਈ ਵਾਰ ਇਨ੍ਹਾਂ ਨੂੰ ਪ੍ਰੋਸੈਸ ਹੋਣ ’ਚ ਵੀ ਵੱਧ ਸਮਾਂ ਲੱਗ ਸਕਦਾ ਹੈ। ਇਸ ਲਈ ਅਗਲੀ ਵਾਰ ਤੁਹਾਡੇ ਫੋਨ ’ਚ 50MP ਕੈਮਰਾ ਹੋਣ ਦੇ ਬਾਵਜੂਦ ਜੇ ਫੋਟੋ ਸਿਰਫ਼ 12MP ਦਿਖਾਈ ਦੇਵੇ, ਤਾਂ ਇਸ ਨੂੰ ਕੈਮਰੇ ਦੀ ਖਰਾਬੀ ਨਾ ਸਮਝੋ। ਇਹ ਬਿਹਤਰ ਫੋਟੋ ਕੁਆਲਿਟੀ ਲਈ ਵਰਤੀ ਜਾਣ ਵਾਲੀ ਕੈਮਰਾ ਪ੍ਰੋਸੈਸਿੰਗ ਤਕਨੀਕ ਦਾ ਹੀ ਹਿੱਸਾ ਹੈ।