- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Helmet Safety Tips: ਸੜਕ ਸੁਰੱਖਿਆ ਲਈ ਸਹੀ ਹੈਲਮੈਟ ਹੋਣਾ ਤੇ ਉਸਨੂੰ ਪਹਿਨਣ ਦੇ ਸਹੀ ਤਰੀਕੇ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਹਾਦਸੇ ਦੌਰਾਨ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਆਟੋ ਡੈਸਕ, ਨਵੀਂ ਦਿੱਲੀ : ਸੜਕ ’ਤੇ ਬਾਈਕ ਜਾਂ ਸਕੂਟਰ ਚਲਾਉਂਦੇ ਸਮੇਂ ਹੈਲਮੈਟ ਪਹਿਨਣਾ ਸੁਰੱਖਿਆ ਦਾ ਸਭ ਤੋਂ ਪਹਿਲਾ ਨਿਯਮ ਹੈ। ਪਰ ਅਕਸਰ ਲੋਕ ਮੰਨਦੇ ਹਨ ਕਿ ਸਿਰ ’ਤੇ ਕੋਈ ਵੀ ਹੈਲਮੈਟ ਪਾ ਲੈਣ ਨਾਲ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੋ ਗਏ ਹਨ। ਇਹੀ ਗਲਤ ਸੋਚ ਹਾਦਸੇ ਦੌਰਾਨ ਭਾਰੀ ਪੈ ਸਕਦੀ ਹੈ। ਆਓ ਜਾਣਦੇ ਹਾਂ ਹੈਲਮੈਟ ਨਾਲ ਜੁੜੀਆਂ ਅਜਿਹੀਆਂ 4 ਗਲਤਫਹਿਮੀਆਂ ਬਾਰੇ, ਜਿਨ੍ਹਾਂ ਬਾਰੇ ਹਰ ਰਾਈਡਰ ਨੂੰ ਪਤਾ ਹੋਣਾ ਚਾਹੀਦਾ ਹੈ।
ਕੋਈ ਵੀ ਹੈਲਮੈਟ ਚੱਲੇਗਾ
ਕਈ ਲੋਕ ਟ੍ਰੈਫਿਕ ਪੁਲਿਸ ਦੇ ਚਲਾਨ ਤੋਂ ਬਚਣ ਲਈ ਸੜਕ ਕਿਨਾਰੇ ਮਿਲਣ ਵਾਲਾ ਸਸਤਾ ਜਾਂ ਲੋਕਲ ਹੈਲਮੈਟ ਖਰੀਦ ਲੈਂਦੇ ਹਨ। ਅਜਿਹੇ ਹੈਲਮੈਟ ਬਿਨਾਂ ਕਿਸੇ ਸੁਰੱਖਿਆ ਮਾਪਦੰਡ ਦੇ ਬਣੇ ਹੁੰਦੇ ਹਨ ਤੇ ਹਾਦਸੇ ਦੌਰਾਨ ਮਾਮੂਲੀ ਝਟਕੇ ਨਾਲ ਵੀ ਆਸਾਨੀ ਨਾਲ ਟੁੱਟ ਸਕਦੇ ਹਨ ਤੇ ਸਿਰ ਨੂੰ ਸੁਰੱਖਿਆ ਦੇਣ ’ਚ ਨਾਕਾਮ ਰਹਿੰਦੇ ਹਨ। ਇਸ ਲਈ ਹੈਲਮੈਟ ਖਰੀਦਣ ਤੋਂ ਪਹਿਲਾਂ ਉਸ ਦੀ ਕੁਆਲਿਟੀ ਤੇ ਸੁਰੱਖਿਆ ਮਾਪਦੰਡ ਦੀ ਜਾਂਚ ਜ਼ਰੂਰ ਕਰੋ।
ਸਟ੍ਰੈਪ ਬੰਨ੍ਹਣਾ
ਹੈਲਮੈਟ ਸਿਰ ’ਤੇ ਪਾ ਲਿਆ, ਪਰ ਉਸ ਦੀ ਬੈਲਟ ਜਾਂ ਸਟ੍ਰੈਪ ਨੂੰ ਢਿੱਲਾ ਛੱਡ ਦਿੱਤਾ ਜਾਂ ਫਿਰ ਲੌਕ ਹੀ ਨਹੀਂ ਕੀਤਾ—ਇਹ ਸਭ ਤੋਂ ਖ਼ਤਰਨਾਕ ਆਦਤਾਂ ’ਚੋਂ ਇੱਕ ਹੈ। ਜੇਕਰ ਤੁਹਾਡਾ ਹਾਦਸਾ ਹੋ ਜਾਂਦਾ ਹੈ ਤਾਂ ਟੱਕਰ ਤੋਂ ਪਹਿਲਾਂ ਹੀ ਹੈਲਮੈਟ ਸਿਰ ਤੋਂ ਨਿਕਲ ਕੇ ਦੂਰ ਡਿੱਗ ਸਕਦਾ ਹੈ। ਬਿਨਾਂ ਸਟ੍ਰੈਪ ਲੌਕ ਕੀਤੇ ਹੈਲਮੈਟ ਪਹਿਨਣਾ, ਲਗਭਗ ਉਸਨੂੰ ਨਾ ਪਹਿਨਣ ਦੇ ਬਰਾਬਰ ਹੀ ਹੈ।
ਸਾਈਜ਼ ਨਾਲ ਕੋਈ ਫਰਕ ਨਹੀਂ ਪੈਂਦਾ
ਬਹੁਤ ਸਾਰੇ ਲੋਕ ਅਜਿਹਾ ਹੈਲਮੈਟ ਪਹਿਨਦੇ ਹਨ ਜੋ ਉਨ੍ਹਾਂ ਦੇ ਸਿਰ ਦੇ ਸਾਈਜ਼ ਤੋਂ ਕਾਫ਼ੀ ਵੱਡਾ ਜਾਂ ਛੋਟਾ ਹੁੰਦਾ ਹੈ। ਢਿੱਲਾ ਹੈਲਮੈਟ ਗੱਡੀ ਚਲਾਉਂਦੇ ਸਮੇਂ ਹਿੱਲਦਾ ਰਹਿੰਦਾ ਹੈ ਤੇ ਹਾਦਸੇ ਦੇ ਸਮੇਂ ਸਿਰ ਨੂੰ ਸਹੀ ਸਪੋਰਟ ਨਹੀਂ ਦੇ ਪਾਉਂਦਾ। ਹੈਲਮੈਟ ਹਮੇਸ਼ਾ ਤੁਹਾਡੇ ਸਿਰ ਦੇ ਆਕਾਰ ਮੁਤਾਬਕ ਪਰਫੈਕਟ ਤੇ ਆਰਾਮਦਾਇਕ ਫਿਟ ਹੋਣਾ ਚਾਹੀਦਾ ਹੈ।
ਹੈਲਮੈਟ ਨਾ ਬਦਲਣ ਦੀ ਆਦਤ
ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਤੱਕ ਹੈਲਮੈਟ ਟੁੱਟ ਨਾ ਜਾਵੇ, ਉਦੋਂ ਤੱਕ ਇਸਨੂੰ ਬਦਲਣ ਦੀ ਲੋੜ ਨਹੀਂ ਹੁੰਦੀ। ਸੱਚ ਇਹ ਹੈ ਕਿ ਸਮੇਂ ਦੇ ਨਾਲ ਹੈਲਮੈਟ ਦਾ ਅੰਦਰੂਨੀ ਫੋਮ (EPS) ਖਰਾਬ ਹੋ ਸਕਦਾ ਹੈ। ਜੇਕਰ ਤੁਹਾਡਾ ਹੈਲਮੈਟ ਇੱਕ ਵਾਰ ਵੀ ਹਾਦਸੇ ’ਚ ਜ਼ਮੀਨ ਨਾਲ ਜ਼ੋਰ ਨਾਲ ਟਕਰਾਇਆ ਹੈ ਤਾਂ ਭਾਵੇਂ ਉੱਪਰੋਂ ਕੋਈ ਖਰੋਚ ਨਾ ਦਿਖਾਈ ਦੇਵੇ, ਉਸ ਦੀ ਅੰਦਰੂਨੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ, ਆਮ ਵਰਤੋਂ ’ਚ ਵੀ 3 ਤੋਂ 5 ਸਾਲਾਂ ’ਚ ਹੈਲਮੈਟ ਬਦਲ ਦੇਣਾ ਚਾਹੀਦਾ ਹੈ।
ਧਿਆਨ ਰਹੇ ਕਿ ਸੁਰੱਖਿਆ ਕੋਈ ਰਸਮੀ ਕਾਰਵਾਈ ਨਹੀਂ ਹੈ। ਸਹੀ ਸਾਈਜ਼, ਮਜ਼ਬੂਤ ਕੁਆਲਿਟੀ ਤੇ ਸਹੀ ਤਰੀਕੇ ਨਾਲ ਬੰਨ੍ਹਿਆ ਹੋਇਆ ਹੈਲਮੈਟ ਹੀ ਹਾਦਸੇ ਦੇ ਸਮੇਂ ਤੁਹਾਡੀ ਜਾਨ ਬਚਾਉਣ ’ਚ ਮਦਦ ਕਰ ਸਕਦਾ ਹੈ।