ਯੂਐਸ ਓਪਨ ’ਚ ਜਵੇਰੇਵ-ਸਵਿਤੇਕ ਤੇ ਓਸਾਕਾ ਦੀ ਧਮਾਕੇਦਾਰ ਜਿੱਤ, ਪ੍ਰੀ-ਕੁਆਰਟਰ ਫਾਈਨਲ ’ਚ ਬਣਾਈ ਥਾਂ
ਲਗਾਤਾਰ ਪੰਜ ਸੈੱਟ ਖੇਡਣ ਤੋਂ ਬਾਅਦ ਜ਼ਵੇਰੇਵ ਨੇ ਅੰਤ ’ਚ ਆਸਾਨ ਮੈਚ ਹਾਸਲ ਕੀਤਾ ਤੇ ਚਿਲੀ ਦੇ ਤਾਬੀਲੋ ਨੂੰ 6-2, 7-6(2), 6-2 ਨਾਲ ਹਰਾਇਆ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਪਿਛਲੇ ਕੁਝ ਦਿਨਾਂ ਨਾਲੋਂ ਬਹੁਤ ਵਧੀਆ ਸੀ
Publish Date: Mon, 07 Sep 2026 11:55 AM (IST)
Updated Date: Mon, 07 Sep 2026 12:10 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਪਣੇ ਦੂਜੇ ਗ੍ਰੈਂਡ ਸਲੈਮ ਖ਼ਿਤਾਬ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਦੇ ਹੋਏ ਅਲੈਗਜ਼ੈਂਡਰ ਜਵੇਰੇਵ ਨੇ ਚਿੱਲੀ ਦੇ ਅਲੇਜਾਂਦਰੋ ਟੈਬਿਲੋ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਯੂਐਸ ਓਪਨ ਦੇ ਆਖਰੀ-16 ’ਚ ਪ੍ਰਵੇਸ਼ ਕਰ ਲਿਆ ਹੈ। ਮਹਿਲਾ ਵਰਗ 'ਚ ਕੋਕੋ ਗਫ ਨੇ ਅਗਲੇ ਦੌਰ 'ਚ ਜਗ੍ਹਾ ਬਣਾ ਕੇ ਘਰੇਲੂ ਦਰਸ਼ਕਾਂ ਨੂੰ ਸੁੱਖ ਦਾ ਸਾਹ ਦਿੱਤਾ, ਜਦਕਿ ਕਈ ਹੋਰ ਅਮਰੀਕੀਆਂ ਸ਼ਨੀਵਾਰ ਨੂੰ ਹਾਰ ਕੇ ਬਾਹਰ ਹੋ ਗਈਆਂ। ਜਾਪਾਨ ਦੀ ਨਾਓਮੀ ਓਸਾਕਾ ਸਖ਼ਤ ਸੰਘਰਸ਼ ਤੋਂ ਬਾਅਦ ਅਗਲੇ ਦੌਰ ’ਚ ਪਹੁੰਚ ਗਈ। 2022 ਦੀਆਂ ਚੈਂਪੀਅਨ ਇਗਾ ਸਵਿਏਟੇਕ ਤੇ ਏਲੇਨਾ ਰਾਇਬਾਕੀਨਾ ਵੀ ਆਪੋ-ਆਪਣੇ ਮੈਚ ਜਿੱਤ ਕੇ ਅਗਲੇ ਦੌਰ ਵਿੱਚ ਪਹੁੰਚ ਗਈਆਂ ਹਨ।
ਲਗਾਤਾਰ ਪੰਜ ਸੈੱਟ ਖੇਡਣ ਤੋਂ ਬਾਅਦ ਜ਼ਵੇਰੇਵ ਨੇ ਅੰਤ ’ਚ ਆਸਾਨ ਮੈਚ ਹਾਸਲ ਕੀਤਾ ਤੇ ਚਿਲੀ ਦੇ ਤਾਬੀਲੋ ਨੂੰ 6-2, 7-6(2), 6-2 ਨਾਲ ਹਰਾਇਆ। ਜਿੱਤ ਤੋਂ ਬਾਅਦ ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਪਿਛਲੇ ਕੁਝ ਦਿਨਾਂ ਨਾਲੋਂ ਬਹੁਤ ਵਧੀਆ ਸੀ। ਮੈਂ ਬੇਸਲਾਈਨ ਤੋਂ ਬਹੁਤ ਸੁਧਾਰ ਕੀਤਾ ਹੈ। ਮੈਂ ਦੂਜੇ ਸੈੱਟ ਤੋਂ ਨਾਖੁਸ਼ ਸੀ। ਖਾਸ ਕਰ ਕੇ ਇਸ ਦੇ ਅੰਤ ਵੱਲ, ਸ਼ਾਇਦ ਮੇਰਾ ਧਿਆਨ ਥੋੜਾ ਹਿੱਲ ਗਿਆ ਸੀ। ਮੈਂ ਚੰਗਾ ਨਹੀਂ ਖੇਡ ਰਿਹਾ ਸੀ ਪਰ ਮੇਰੇ ਮੁਤਾਬਕ ਜੇਕਰ ਅਸੀਂ ਪਹਿਲੇ ਤੇ ਤੀਜੇ ਸੈੱਟ 'ਤੇ ਨਜ਼ਰ ਮਾਰੀਏ ਤਾਂ ਮੈਂ ਬਾਕੀ ਦਿਨਾਂ ਨਾਲੋਂ ਕਾਫੀ ਬਿਹਤਰ ਸੀ। ਪੁਰਸ਼ ਵਰਗ ’ਚ ਇਟਲੀ ਦੇ ਇੱਕ ਹੋਰ ਅਨੁਭਵੀ ਪੰਜਵਾਂ ਦਰਜਾ ਪ੍ਰਾਪਤ ਫਲੇਵੀਓ ਕੋਬੋਲੀ ਨੂੰ ਬੈਲਜੀਅਮ ਦੇ ਅਲੈਗਜ਼ੈਂਡਰ ਬਲੌਕਸ ਨੇ 6-7(4), 6-3, 6-0, 6-3 ਨਾਲ ਹਰਾਇਆ। ਅਮਰੀਕਾ ਦੇ ਵਾਈਲਡ ਕਾਰਡ ਐਂਟਰੀ ਮਾਈਕਲ ਜ਼ੇਂਗ ਨੂੰ ਫਰਾਂਸ ਦੇ ਆਰਥਰ ਗੀਆ ਨੇ 7-6(7), 3-6, 4-6, 6-3, 6-2 ਨਾਲ ਹਰਾਇਆ। ਅਮਰੀਕਾ ਦੇ ਲਰਨਰ ਤਿਆਨ ਨੇ ਚੈੱਕ ਗਣਰਾਜ ਦੇ ਜੈਕਬ ਮੇਨਸਿਕ ਨੂੰ 6-3, 1-6, 6-7(2), 6-3, 6-4 ਨਾਲ ਹਰਾਇਆ। ਮੇਜ਼ਬਾਨ ਦੇਸ਼ ਦੇ ਟੇਲਰ ਫਰਿਟਜ਼ ਨੇ ਨਿਊਯਾਰਕ 'ਚ ਇਸ ਤੋਂ ਪਹਿਲਾਂ ਇਕ ਵੀ ਸੈੱਟ ਨਹੀਂ ਗੁਆਇਆ ਸੀ ਪਰ ਅਰਜਨਟੀਨਾ ਦੇ ਫ੍ਰਾਂਸਿਸਕੋ ਸੇਰੁਨਡੋਲੋ ਨੇ ਉਸ ਨੂੰ 3-6, 4-6, 6-3, 6-4, 6-4 ਨਾਲ ਹਰਾਇਆ।
ਸਵਿਤੇਕ-ਓਸਾਕਾ ਪ੍ਰੀ-ਕੁਆਰਟਰ ਫਾਈਨਲ 'ਚ ਅੱਠਵਾਂ ਦਰਜਾ ਪ੍ਰਾਪਤ ਇਗਾ ਸਵਿਤੇਕ ਨੇ ਇਕ ਵਾਰ ਫਿਰ ਸ਼ਾਨਦਾਰ ਜਿੱਤ ਦਰਜ ਕੀਤੀ। ਮਹਿਲਾ ਵਰਗ ਦੇ ਤੀਜੇ ਦੌਰ ’ਚ 8 ਵਾਰ ਦੀ ਗਰੈਂਡ ਸਲੈਮ ਚੈਂਪੀਅਨ ਸਵਿਤੇਕ ਨੇ ਚੈੱਕ ਗਣਰਾਜ ਦੀ ਮੈਰੀ ਬੋਜਕੋਵਾ ਨੂੰ 7-6(3), 7-6(3) ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਬਣਾਈ। ਇਸੇ ਤਰ੍ਹਾਂ ਦੋ ਵਾਰ ਦੀ ਯੂਐੱਸ ਓਪਨ ਚੈਂਪੀਅਨ ਅਤੇ 13ਵਾਂ ਦਰਜਾ ਪ੍ਰਾਪਤ ਓਸਾਕਾ ਨੇ ਬੈਲਜੀਅਮ ਦੀ ਐਲੀਸ ਮਰਟੇਨਜ਼ ਨੂੰ 6-3, 3-6, 7-5 ਨਾਲ ਹਰਾਇਆ। ਓਸਾਕਾ ਨੂੰ ਇਸ ਮੈਚ ’ਚ ਸਖ਼ਤ ਇਮਤਿਹਾਨ ਦਿੱਤਾ ਗਿਆ ਸੀ ਤੇ ਉਸ ਦੀ ਨਿਰਾਸ਼ਾ ਉਦੋਂ ਸਾਫ਼ ਦਿਖਾਈ ਦੇ ਰਹੀ ਸੀ ਜਦੋਂ ਉਹ ਦੂਜਾ ਸੈੱਟ ਹਾਰ ਗਈ ਸੀ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਮੈਚ 'ਤੇ ਕਬਜ਼ਾ ਕਰ ਲਿਆ ਤੇ ਇਹ ਮੈਚ ਆਪਣੇ ਨਾਮ ਕਰ ਲਿਆ। ਚੌਥਾ ਦਰਜਾ ਪ੍ਰਾਪਤ ਗੌਫ ਨੇ ਇਸ ਤੋਂ ਪਹਿਲਾਂ ਸਪੇਨ ਦੀ ਕ੍ਰਿਸਟੀਨਾ ਬੁਕਸਾ ਨੂੰ 6-3, 6-4 ਨਾਲ ਹਰਾਇਆ ਸੀ। ਦੂਜਾ ਦਰਜਾ ਪ੍ਰਾਪਤ ਏਲੇਨਾ ਰਿਬਾਕੀਨਾ ਦਾ ਸਫ਼ਰ ਜਾਰੀ ਰਿਹਾ ਤੇ ਉਸ ਨੇ ਯੂਕਰੇਨ ਦੀ ਯੂਲੀਆ ਸਟਾਰੋਡਬਤਸੇਵਾ ਨੂੰ 7-6(6), 6-3 ਨਾਲ ਹਰਾਇਆ। ਫਰੈਂਚ ਓਪਨ ਚੈਂਪੀਅਨ ਮੀਰਾ ਐਂਡਰੀਵਾ ਨੇ ਨਿਕੋਲਾ ਬਾਰਤੁਨਕੋਵਾ ਨੂੰ 6-2, 7-6(5) ਨਾਲ ਹਰਾਇਆ। ਮੇਜ਼ਬਾਨ ਦੇਸ਼ ਦੀ ਮੈਡੀਸਨ ਕੀਜ਼ ਤੇ ਅਮਾਂਡਾ ਅਨੀਸਿਮੋਵਾ ਨੂੰ ਤੀਜੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਫਲਸ਼ਿੰਗ ਮੀਡੋਜ਼ ’ਤੇ ਘਰੇਲੂ ਪ੍ਰਸ਼ੰਸਕਾਂ ਦੀ ਨਿਰਾਸ਼ਾ ਜਾਰੀ ਰਹੀ। ਚੀਨ ਦੇ ਜ਼ੇਂਗ ਕਿਆਨਵੇਨ ਨੇ ਕੀਜ਼ ਨੂੰ 1-6, 7-6(3), 7-5 ਨਾਲ ਹਰਾਇਆ। ਦਸਵਾਂ ਦਰਜਾ ਪ੍ਰਾਪਤ ਅਨੀਸਿਮੋਵਾ ਨੂੰ ਅਨਾਸਤਾਸੀਆ ਪੋਟਾਪੋਵਾ ਨੇ 6-2, 7-5 ਨਾਲ ਹਰਾਇਆ।
ਯੂਕੀ ਭਾਂਬਰੀ ਤੇ ਅਨਿਰੁਧ ਚੰਦਰਸ਼ੇਖਰ ਹਾਰੇ ਭਾਰਤ ਦੇ ਯੂਕੀ ਭਾਂਬਰੀ ਤੇ ਅਨਿਰੁਧ ਚੰਦਰਸ਼ੇਖਰ ਨੂੰ ਯੂਐੱਸ ਓਪਨ ਦੇ ਪੁਰਸ਼ ਡਬਲਜ਼ ਦੇ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਟੂਰਨਾਮੈਂਟ ’ਚ ਦੋਵਾਂ ਖਿਡਾਰੀਆਂ ਦਾ ਸਫ਼ਰ ਖ਼ਤਮ ਹੋ ਗਿਆ। ਭਾਂਬਰੀ ਤੇ ਉਸ ਦੀ ਨਿਊਜ਼ੀਲੈਂਡ ਦੀ ਜੋੜੀਦਾਰ ਮਾਈਕਲ ਵੀਨਸ ਨੂੰ ਰਿਆਨ ਸੇਗਮੈਨ ਤੇ ਪੈਟ੍ਰਿਕ ਟ੍ਰਾਹਕ ਦੀ ਅਮਰੀਕੀ ਜੋੜੀ ਤੋਂ ਸਖ਼ਤ ਮੁਕਾਬਲੇ ’ਚ 7-6 (4), 7-6 (3) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਂਬਰੀ ਤੇ ਵੀਨਸ ਲਈ ਇਹ ਹਾਰ ਨਿਰਾਸ਼ਾਜਨਕ ਰਹੀ, ਕਿਉਂਕਿ ਦੋਵੇਂ ਪਿਛਲੇ ਸਾਲ ਯੂਐੱਸ ਓਪਨ ਦੇ ਸੈਮੀਫਾਈਨਲ ’ਚ ਪਹੁੰਚੇ ਸਨ। ਬੇਲਾਰੂਸ ਦੇ ਅਨਿਰੁਧ ਚੰਦਰਸ਼ੇਖਰ ਤੇ ਇਵਾਨ ਲੁਟਾਰੇਵਿਚ ਦੀ ਜੋੜੀ ਵੀ ਪਹਿਲੇ ਦੌਰ ’ਚ ਸਖ਼ਤ ਮੁਕਾਬਲੇ ’ਚ ਹਾਰ ਗਈ। ਬ੍ਰਿਟੇਨ ਦੇ ਆਰਥਰ ਫੈਰੀ ਤੇ ਜੋਸ਼ੂਆ ਪੈਰਿਸ ਦੀ ਜੋੜੀ ਨੇ ਉਨ੍ਹਾਂ ਨੂੰ 4-6, 7-5, 4-6 ਨਾਲ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ।