ਏਸ਼ੀਆਈ ਖੇਡਾਂ 'ਚੋਂ ਬਾਹਰ ਹੋਣ ਤੋਂ ਬਾਅਦ ਵੁਸ਼ੂ ਖਿਡਾਰਨ ਦਿਵਿਆਂਸ਼ੀ ਦੇ ਗੰਭੀਰ ਦੋਸ਼, ਨੈਸ਼ਨਲ ਫੈਡਰੇਸ਼ਨ 'ਤੇ ਲਾਏ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਇਲਜ਼ਾਮ
ਏਸ਼ੀਆਈ ਖੇਡਾਂ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਵੁਸ਼ੂ ਖਿਡਾਰਨ ਦਿਵਿਆਂਸ਼ੀ ਚੌਧਰੀ ਨੇ ਰਾਸ਼ਟਰੀ ਮਹਾਸੰਘ ’ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਜਾਪਾਨ ’ਚ ਮੁਕਾਬਲਾ ਕਰਨ ਲਈ ਡਾਕਟਰ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ
Publish Date: Sun, 13 Sep 2026 12:20 PM (IST)
Updated Date: Sun, 13 Sep 2026 12:25 PM (IST)
ਨਵੀਂ ਦਿੱਲੀ, ਪੀਟੀਆਈ : ਏਸ਼ੀਆਈ ਖੇਡਾਂ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਵੁਸ਼ੂ ਖਿਡਾਰਨ ਦਿਵਿਆਂਸ਼ੀ ਚੌਧਰੀ ਨੇ ਰਾਸ਼ਟਰੀ ਮਹਾਸੰਘ ’ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ ਜਾਪਾਨ ’ਚ ਮੁਕਾਬਲਾ ਕਰਨ ਲਈ ਡਾਕਟਰ ਦੀ ਮਨਜ਼ੂਰੀ ਮਿਲਣ ਦੇ ਬਾਵਜੂਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਦਿਵਿਆਂਸ਼ੀ ਨੂੰ ਖੇਡ ਮੰਤਰਾਲੇ ਵੱਲੋਂ 22 ਅਗਸਤ ਨੂੰ ਜਾਰੀ ਸੂਚੀ ’ਚ ਏਸ਼ੀਆਈ ਖੇਡਾਂ ਲਈ ਵੁਸ਼ੂ ਟੀਮ ’ਚ ਸ਼ਾਮਲ ਕੀਤਾ ਗਿਆ ਸੀ ਪਰ ਸ਼ੁੱਕਰਵਾਰ ਨੂੰ ਉਸ ਦੀ ਥਾਂ ਦੋ ਵਾਰ ਦੀਆਂ ਏਸ਼ੀਆਈ ਖੇਡਾਂ ਦੀ ਤਮਗਾ ਜੇਤੂ ਨੋਰੇਮ ਰੋਸ਼ੀਬੀਨਾ ਦੇਵੀ ਨੂੰ ਸ਼ਾਮਲ ਕੀਤਾ ਗਿਆ।
ਇੰਡੀਅਨ ਵੁਸ਼ੂ ਐਸੋਸੀਏਸ਼ਨ (ਡਬਲਿਯੂਏਆਈ) ਨੇ ਕਿਹਾ ਕਿ ਦਿਵਿਆਂਸ਼ੀ ਦੇ ਐੱਮਆਰਆਈ ’ਚ ਸੱਟ ਤੇ ਏਸੀਐੱਲ ’ਚ ਤਰਲ ਇਕੱਠਾ ਹੋਣ ਦਾ ਖੁਲਾਸਾ ਹੋਇਆ ਹੈ। ਦਿਵਿਆਂਸ਼ੀ ਨੇ ਕਿਹਾ ਕਿ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਕੀਤਾ ਜਾਂਦਾ ਸੀ ਤੇ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਸੀ। ਡਬਲਿਯੂਏਆਈ ਨੇ ਕਿਹਾ ਕਿ ਦਿਵਿਆਂਸ਼ੀ ਨੇ ਖੁਦ ਐਸੋਸੀਏਸ਼ਨ ਨੂੰ ਦੱਸਿਆ ਸੀ ਕਿ ਉਹ ਜ਼ਖਮੀ ਹੈ। ਖੇਡ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਵੁਸ਼ੂ ਟੀਮ ’ਚ ਬਦਲਾਅ ਸਥਾਪਿਤ ਨਿਯਮਾਂ ਮੁਤਾਬਕ ਕੀਤੇ ਗਏ ਹਨ। 23 ਅਗਸਤ ਨੂੰ ਦਿਵਿਆਂਸ਼ੀ ਦਾ ਐੱਮਆਰਆਈ ਕੀਤਾ ਗਿਆ, ਜਿਸ ’ਚ ਸੱਟ ਦੀ ਪੁਸ਼ਟੀ ਹੋਈ। ਦਿਵਿਆਂਸ਼ੀ ਨੇ ਦੋਸ਼ ਲਾਇਆ ਕਿ ਪਹਿਲਾਂ ਵੀ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਡਾਕਟਰਾਂ ਨੇ ਉਸ ਨੂੰ ਖੇਡਾਂ ਖੇਡਣ ਦੀ ਇਜਾਜ਼ਤ ਦੇ ਦਿੱਤੀ ਸੀ ਪਰ ਉਨ੍ਹਾਂ ਦੀ ਰਿਪੋਰਟ ਸਾਂਝੀ ਨਹੀਂ ਕੀਤੀ ਗਈ।
ਦਿਵਿਆਂਸ਼ੀ ਨੇ ਕਿਹਾ ਕਿ ਏਸ਼ੀਆਈ ਖੇਡਾਂ 'ਚ ਹਿੱਸਾ ਲੈਣਾ ਉਸ ਦਾ ਸੁਪਨਾ ਹੈ। ਹਾਲਾਂਕਿ ਐਸੋਸੀਏਸ਼ਨ ਨੇ ਕਿਹਾ ਕਿ ਦਿਵਿਆਂਸ਼ੀ ਨੂੰ ਸੱਟ ਕਾਰਨ ਹੀ ਟੀਮ ਤੋਂ ਬਾਹਰ ਕੀਤਾ ਗਿਆ ਹੈ। ਇੱਕ ਬਿਆਨ ’ਚ ਡਬਲਿਯੂਏਆਈ ਨੇ ਦਾਅਵਾ ਕੀਤਾ ਕਿ ਦਿਵਿਆਂਸ਼ੀ ਨੇ ਖੁਦ ਐਸੋਸੀਏਸ਼ਨ ਨੂੰ ਦੱਸਿਆ ਸੀ ਕਿ ਉਸ ਨੂੰ 24 ਤੋਂ 29 ਜੂਨ ਤੱਕ ਹੁਬੇਈ, ਚੀਨ ’ਚ ਹੋਈ 2026 ਵੁਸ਼ੂ ਸੈਂਡਾ ਚੈਂਪੀਅਨਸ਼ਿਪ ਦੌਰਾਨ ਸੱਟ ਲੱਗੀ ਸੀ। ਇੱਕ ਮਹੀਨੇ ਤੱਕ ਘਰ ’ਚ ਰਹਿਣ ਤੋਂ ਬਾਅਦ ਦਿਵਿਆਂਸ਼ੀ 10 ਅਗਸਤ ਨੂੰ ਐੱਨਆਈਐੱਸ ਪਟਿਆਲਾ ਵਿਖੇ ਰਾਸ਼ਟਰੀ ਕੈਂਪ ’ਚ ਸ਼ਾਮਲ ਹੋਈ।