World Badminton Championship : ਸਿੰਧੂ ਤੇ ਆਯੁਸ਼ ਆਖ਼ਰੀ-16 'ਚ ਪੁੱਜੇ, ਲਕਸ਼ੈ ਤੇ ਉੱਨਤੀ ਨੂੰ ਮਿਲੀ ਹਾਰ
ਨੌਵਾਂ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਕੈਨੇਡਾ ਦੀ ਝਾਂਗ ਵੇਨ ਯੂ ਨੂੰ 21-16, 21-17 ਨਾਲ ਹਰਾਉਂਦਿਆਂ ਆਖ਼ਰੀ-16 ’ਚ ਆਪਣੀ ਥਾਂ ਬਣਾਈ। ਸਿੰਧੂ ਨੇ ਸ਼ੁਰੂ ਤੋਂ ਹੀ ਆਪਣੇ ਤਜਰਬੇ ਦਾ ਫਾਇਦਾ ਚੁੱਕਿਆ ਤੇ ਮਹੱਤਵਪੂਰਨ ਮੌਕਿਆਂ 'ਤੇ ਅੰਕ ਪ੍ਰਾਪਤ ਕਰ ਕੇ ਮੁਕਾਬਲਾ ਆਪਣੇ ਹੱਕ ’ਚ ਕੀਤਾ
Publish Date: Thu, 20 Aug 2026 10:30 AM (IST)
Updated Date: Thu, 20 Aug 2026 10:36 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਬੁੱਧਵਾਰ ਦੇ ਦਿਨ ਭਾਰਤੀ ਪ੍ਰਸ਼ੰਸਕਾਂ ਨੂੰ ਖ਼ੁਸ਼ੀ ਅਤੇ ਨਿਰਾਸ਼ਾ ਦੋਵਾਂ ਦਾ ਸਾਹਮਣਾ ਕਰਨਾ ਪਿਆ। ਇੰਦਰਾ ਗਾਂਧੀ ਇਨਡੋਰ ਸਟੇਡੀਅਮ ’ਚ ਦੋ ਵਾਰ ਦੀ ਓਲੰਪਿਕ ਚੈਂਪੀਅਨ ਪੀਵੀ ਸਿੰਧੂ ਤੇ ਪਹਿਲੇ ਦੌਰ ’ਚ ਵਿਸ਼ਵ ਨੰਬਰ ਇਕ ਸ਼ੀ ਯੂ ਕੀ ਨੂੰ ਹਰਾਉਣ ਵਾਲੇ ਆਯੁਸ਼ ਸ਼ੈਟੀ ਨੇ ਸ਼ਾਨਦਾਰ ਜਿੱਤ ਨਾਲ ਆਖ਼ਰੀ-16 ’ਚ ਆਪਣੀ ਥਾਂ ਬਣਾਈ, ਜਿਸ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਹੋਣ ਦਾ ਮੌਕਾ ਮਿਲਿਆ ਪਰ ਲਕਸ਼ੈ ਸੇਨ ਤੇ ਉੱਨਤੀ ਹੁੱਡਾ ਦੀਆਂ ਹਾਰਾਂ ਨੇ ਘਰੇਲੂ ਦਰਸ਼ਕਾਂ ਨੂੰ ਵੱਡਾ ਝਟਕਾ ਦਿੱਤਾ।
ਦਿਨ ਦੀਆਂ ਸਭ ਤੋਂ ਆਸਾਨ ਜਿੱਤਾਂ ’ਚੋਂ ਇਕ ਆਯੁਸ਼ ਸ਼ੈਟੀ ਦੇ ਨਾਂ ਰਹੀ। ਮਰਦਾਂ ਦੇ ਸਿੰਗਲਜ਼ ਦੇ ਦੂਜੇ ਦੌਰ ’ਚ, ਇਸ ਨੌਜਵਾਨ ਭਾਰਤੀ ਨੇ ਸ੍ਰੀਲੰਕਾ ਦੇ ਦਿਮਿੰਦੂ ਅਬੇਵਿਕ੍ਰਮਾ ਨੂੰ ਸਿਰਫ 26 ਮਿੰਟ ’ਚ 21-8, 21-10 ਨਾਲ ਹਰਾਇਆ। ਏਸ਼ਿਆਈ ਚੈਂਪੀਅਨਸ਼ਿਪ ’ਚ ਆਪਣੇ ਪ੍ਰਦਰਸ਼ਨ ਨਾਲ ਪਹਿਲਾਂ ਹੀ ਸੁਰਖੀਆਂ ’ਚ ਆ ਚੁੱਕੇ ਆਯੁਸ਼ ਨੇ ਮੁਕਾਬਲੇ ’ਤੇ ਸ਼ੁਰੂਆਤ ਤੋਂ ਹੀ ਪਕੜ ਬਣਾਈ। ਉਸਦੇ ਤੇਜ਼ ਸਮੈਸ਼ ਅਤੇ ਆਕਰਸ਼ਕ ਖੇਡ ਦੇ ਸਾਹਮਣੇ ਸ੍ਰੀਲੰਕਾਈ ਖਿਡਾਰੀ ਲਗਾਤਾਰ ਦਬਾਅ ’ਚ ਰਹੇ। ਹੁਣ ਪ੍ਰੀ-ਕੁਆਰਟਰ ਫਾਈਨਲ ’ਚ ਆਯੁਸ਼ ਦੀ ਅਸਲੀ ਪ੍ਰੀਖਿਆ ਹੋਵੇਗੀ, ਜਿੱਥੇ ਉਸਦਾ ਸਾਹਮਣਾ ਇੰਡੋਨੇਸ਼ੀਆ ਦੇ 11ਵਾਂ ਦਰਜਾ ਪ੍ਰਾਪਤ ਅਲਵੀ ਫਰਹਾਨ ਨਾਲ ਹੋਵੇਗਾ।
ਸਿੰਧੂ ਦਾ ਤਜਰਬਾ ਫਿਰ ਆਇਆ ਕੰਮ ਨੌਵਾਂ ਦਰਜਾ ਪ੍ਰਾਪਤ ਪੀਵੀ ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ ’ਚ ਕੈਨੇਡਾ ਦੀ ਝਾਂਗ ਵੇਨ ਯੂ ਨੂੰ 21-16, 21-17 ਨਾਲ ਹਰਾਉਂਦਿਆਂ ਆਖ਼ਰੀ-16 ’ਚ ਆਪਣੀ ਥਾਂ ਬਣਾਈ। ਸਿੰਧੂ ਨੇ ਸ਼ੁਰੂ ਤੋਂ ਹੀ ਆਪਣੇ ਤਜਰਬੇ ਦਾ ਫਾਇਦਾ ਚੁੱਕਿਆ ਤੇ ਮਹੱਤਵਪੂਰਨ ਮੌਕਿਆਂ 'ਤੇ ਅੰਕ ਪ੍ਰਾਪਤ ਕਰ ਕੇ ਮੁਕਾਬਲਾ ਆਪਣੇ ਹੱਕ ’ਚ ਕੀਤਾ। ਹੁਣ ਉਸਦੇ ਸਾਹਮਣੇ ਤੀਜਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਝੀ ਯੀ ਹੋਵੇਗੀ, ਜਿਸਨੇ ਮਲੇਸ਼ੀਆ ਦੀ ਕਰੂਆਓਥੇਵਨ ਲੇਤਸ਼ਾਨਾ ਨੂੰ 21-16, 21-9 ਨਾਲ ਹਰਾਇਆ।
ਲਕਸ਼ੈ ਨੇ ਦਿੱਤੀ ਪੂਰੀ ਟੱਕਰ, ਫਿਰ ਵੀ ਹਾਰ : ਭਾਰਤ ਦੇ ਸਟਾਰ ਮਰਦ ਖਿਡਾਰੀ ਲਕਸ਼ੈ ਸੇਨ ਦਾ ਮੁਕਾਬਲਾ ਦੂਜੇ ਦੌਰ ’ਚ ਹੀ ਖ਼ਤਮ ਹੋ ਗਿਆ। 14ਵਾਂ ਦਰਜਾ ਪ੍ਰਾਪਤ ਲਕਸ਼ੈ ਨੂੰ ਅਮਰੀਕਾ ਦੇ 18 ਸਾਲਾ ਗੈਰਟ ਟੈਨ ਨੇ ਇਕ ਘੰਟੇ 13 ਮਿੰਟ ਚੱਲੇ ਰੋਮਾਂਚਕ ਮੁਕਾਬਲੇ ’ਚ 19-21, 21-19, 21-17 ਨਾਲ ਹਰਾਇਆ। ਲਕਸ਼ੈ ਨੇ ਪਹਿਲੀ ਗੇਮ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ, ਪਰ ਟੈਨ ਨੇ ਦੂਜੇ ਗੇਮ ’ਚ ਸ਼ਾਨਦਾਰ ਵਾਪਸੀ ਕੀਤੀ। ਅਮਰੀਕੀ ਖਿਡਾਰੀ ਦੇ ਤੇਜ਼ ਅਤੇ ਤਾਕਤਵਰ ਸਮੈਸ਼ ਨੇ ਲਕਸ਼ੈ ਨੂੰ ਲਗਾਤਾਰ ਦਬਾਅ ’ਚ ਰੱਖਿਆ। ਲਕਸ਼ੈ ਨੇ ਦੂਜੀ ਗੇਮ ’ਚ ਚਾਰ ਗੇਮ ਪੁਆਇੰਟ ਬਚਾਏ ਪਰ ਗੇਮ ਆਪਣੇ ਨਾਮ ਨਹੀਂ ਕਰ ਸਕਿਆ। ਫ਼ੈਸਲਾਕੁੰਨ ਗੇਮ ’ਚ ਟੈਨ ਨੇ 11-4 ਦੀ ਬੜ੍ਹਤ ਬਣਾਈ। ਲਕਸ਼ੈ ਨੇ ਹਾਰ ਨਹੀਂ ਮੰਨੀ ਅਤੇ ਸ਼ਾਨਦਾਰ ਵਾਪਸੀ ਕਰਦਿਆਂ ਸਕੋਰ 16-17 ਕਰ ਦਿੱਤਾ। ਇੱਥੇ ਭਾਰਤੀ ਖਿਡਾਰੀ ਦੇ ਕੁਝ ਸ਼ਾਟ ਬਾਹਰ ਚਲੇ ਗਏ ਅਤੇ ਟੈਨ ਨੇ ਆਕਰਸ਼ਕ ਖੇਡ ਦਿਖਾਉਂਦਿਆਂ ਮੁਕਾਬਲਾ ਆਪਣੇ ਨਾਂ ਕਰ ਲਿਆ।
ਉੱਨਤੀ ਹੱਥੋਂ ਤਿਲਕੀ ਜਿੱਤ ਨੌਜਵਾਨ ਭਾਰਤੀ ਉੱਨਤੀ ਹੁੱਡਾ ਵੀ ਜਿੱਤ ਦੇ ਬਹੁਤ ਨੇੜੇ ਪਹੁੰਚ ਕੇ ਹਾਰ ਗਈ। ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲੀ ਵਾਰ ਖੇਡ ਰਹੀ ਉੱਨਤੀ ਨੇ ਕੈਨੇਡਾ ਦੀ 13ਵਾਂ ਦਰਜਾ ਪ੍ਰਾਪਤ ਮਿਸ਼ੇਲ ਲੀ ਨੂੰ ਸਖ਼ਤ ਚੁਣੌਤੀ ਦਿੱਤੀ ਪਰ 11-21, 21-9, 23-21 ਨਾਲ ਮੁਕਾਬਲਾ ਗੁਆ ਬੈਠੀ। ਇਸ ਹਾਰ ਦਾ ਸਭ ਤੋਂ ਵੱਡਾ ਦੁੱਖ ਇਸ ਲਈ ਸੀ ਕਿਉਂਕਿ ਉੱਨਤੀ ਫ਼ੈਸਲਾਕੁੰਨ ਗੇਮ ’ਚ ਦੋ ਮੈਚ ਪੁਆਇੰਟ ਪ੍ਰਾਪਤ ਕਰਨ ’ਚ ਸਫਲ ਰਹੀ ਸੀ ਪਰ ਦੋਹਾਂ ਮੌਕਿਆਂ 'ਤੇ ਉਸਦੇ ਪੁਸ਼ ਸ਼ਾਟ ਸਾਈਡਲਾਈਨ ਤੋਂ ਬਾਹਰ ਚਲੇ ਗਏ। ਮਿਸ਼ੇਲ ਲੀ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਅਤੇ ਡਾਊਨ-ਦਿ-ਲਾਈਨ ਸਮੈਸ਼ ਲਗਾ ਕੇ ਮੁਕਾਬਲਾ ਖ਼ਤਮ ਕਰ ਦਿੱਤਾ।
ਵਾਕਓਵਰ ਨਾਲ ਸਾਤਵਿਕ-ਚਿਰਾਗ ਆਖ਼ਰੀ-16 ’ਚ : ਭਾਰਤ ਦੀ ਸਟਾਰ ਮਰਦ ਡਬਲਜ਼ ਜੋੜੀ ਨੂੰ ਕੋਰਟ 'ਤੇ ਦੇਖਣ ਦਾ ਪ੍ਰਸ਼ੰਸਕਾਂ ਦਾ ਇੰਤਜ਼ਾਰ ਬੁੱਧਵਾਰ ਨੂੰ ਵੀ ਜਾਰੀ ਰਿਹਾ। ਪਹਿਲੇ ਦੌਰ ’ਚ ਬਾਈ ਮਿਲਣ ਦੇ ਬਾਅਦ ਬੁੱਧਵਾਰ ਨੂੰ ਸਕਾਟਲੈਂਡ ਦੇ ਅਲੈਕਜ਼ੈਂਡਰ ਡੈਨ ਅਤੇ ਐਡਮ ਪ੍ਰਿੰਗਲ ਦੇ ਮੁਕਾਬਲੇ ਤੋਂ ਹਟਣ ਕਾਰਨ ਭਾਰਤੀ ਜੋੜੀ ਨੂੰ ਵਾਕਓਵਰ ਮਿਲ ਗਿਆ ਤੇ ਇਸ ਨੇ ਆਖ਼ਰੀ 16 ’ਚ ਆਪਣੀ ਥਾਂ ਬਣਾਈ। ਇਸ ਤਰ੍ਹਾਂ ਵਿਸ਼ਵ ਚੈਂਪੀਅਨਸ਼ਿਪ ਦੇ ਤੀਜੇ ਦਿਨ ਭਾਰਤ ਨੂੰ ਸਿੰਧੂ ਤੇ ਆਯੁਸ਼ ਦੀ ਸ਼ਾਨਦਾਰ ਜਿੱਤ, ਸਾਤਵਿਕ-ਚਿਰਾਗ ਦਾ ਵਾਕਓਵਰ ਤੇ ਲਕਸ਼ੈ-ਉੱਨਤੀ ਦੀਆਂ ਨੇੜਲੀਆਂ ਹਾਰਾਂ ਦੇਖਣ ਨੂੰ ਮਿਲੀਆਂ। ਹੁਣ ਨਜ਼ਰਾਂ ਆਯੁਸ਼ ਤੇ ਸਿੰਧੂ 'ਤੇ ਹੋਣਗੀਆਂ, ਜਿੱਥੇ ਦੋਹਾਂ ਦੇ ਸਾਹਮਣੇ ਅਗਲੇ ਦੌਰ ’ਚ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ।