World Badminton Championship : 17 ਸਾਲ ਬਾਅਦ ਦੇਸ਼ 'ਚ ਹੋ ਰਹੇ ਮੁਕਾਬਲੇ 'ਚ ਛੇਵਾਂ ਤਗ਼ਮਾ ਜਿੱਤਣ ਲਈ ਉਤਰੇਗੀ ਪੀਵੀ ਸਿੰਧੂ
ਭਾਰਤ 17 ਸਾਲ ਬਾਅਦ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਸਿੰਧੂ ਸਮੇਤ ਭਾਰਤੀ ਖਿਡਾਰੀ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਸਿੰਧੂ ਹੁਣ ਤੱਕ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਵਾਰ ਮੈਡਲ ਜਿੱਤ ਚੁੱਕੀ ਹੈ ਤੇ ਉਹ ਰਿਕਾਰਡ ਛੇਵਾਂ ਮੈਡਲ ਜਿੱਤਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੇਗੀ
Publish Date: Mon, 17 Aug 2026 11:03 AM (IST)
Updated Date: Mon, 17 Aug 2026 11:09 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਸੋਮਵਾਰ ਤੋਂ ਸ਼ੁਰੂ ਹੋ ਰਹੀ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਘਰੇਲੂ ਦਰਸ਼ਕਾਂ ਸਾਹਮਣੇ ਆਪਣੇ ਨਵੇਂ ਆਤਮਵਿਸ਼ਵਾਸ ਨਾਲ ਇਤਿਹਾਸ ਰਚਣ ਦੀ ਕੋਸ਼ਿਸ਼ ਕਰੇਗੀ।
ਭਾਰਤ 17 ਸਾਲ ਬਾਅਦ ਇਸ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰ ਰਿਹਾ ਹੈ। ਸਿੰਧੂ ਸਮੇਤ ਭਾਰਤੀ ਖਿਡਾਰੀ ਇਸਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਸਿੰਧੂ ਹੁਣ ਤੱਕ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਵਾਰ ਮੈਡਲ ਜਿੱਤ ਚੁੱਕੀ ਹੈ ਤੇ ਉਹ ਰਿਕਾਰਡ ਛੇਵਾਂ ਮੈਡਲ ਜਿੱਤਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੇਗੀ। ਉਸਨੇ ਇਸ ਤੋਂ ਪਹਿਲਾਂ ਵਿਸ਼ਵ ਚੈਂਪੀਅਨਸ਼ਿਪ ’ਚ ਇਕ ਗੋਲਡ, ਦੋ ਸਿਲਵਰ ਤੇ ਦੋ ਬਰਾਊਂਜ਼ ਮੈਡਲ ਜਿੱਤੇ ਹਨ। ਸਿੰਧੂ ਤੋਂ ਇਲਾਵਾ ਚੀਨ ਦੇ ਲਿਨ ਡੈਨ (ਪੰਜ ਮਰਦ ਸਿੰਗਲਜ਼ ਗੋਲਡ ਮੈਡਲ) ਤੇ ਉਸਦੀ ਹਮਵਤਨ ਝਾਓ ਯੁਨਲੇਈ (ਤਿੰਨ ਮਿਕਸਡ ਡਬਲਜ਼ ਤੇ ਦੋ ਮਹਿਲਾ ਡਬਲਜ਼ ਖ਼ਿਤਾਬ) ਨੇ ਹੀ ਵਿਸ਼ਵ ਚੈਂਪੀਅਨਸ਼ਿਪ ’ਚ ਪੰਜ ਮੈਡਲ ਜਿੱਤੇ ਹਨ।
ਸੈਮੀਫਾਈਨਲ ’ਚ ਪਹੁੰਚਣ ਨਾਲ ਸਿੰਧੂ ਦਾ ਘੱਟ ਤੋਂ ਘੱਟ ਬਰਾਊਂਜ਼ ਮੈਡਲ ਯਕੀਨੀ ਹੋ ਜਾਵੇਗਾ, ਜਿਸ ਨਾਲ ਇਹ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਛੇ ਮੈ਼ਡਲ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਜਾਵੇਗੀ। ਨੌਵਾਂ ਦਰਜਾ ਹਾਸਲ ਸਿੰਧੂ ਨੂੰ ਚੰਗਾ ਡਰਾਅ ਮਿਲਿਆ ਹੈ। ਉਹ ਆਇਰਲੈਂਡ ਦੀ 141ਵਾਂ ਦਰਜਾ ਹਾਸਲ ਸੋਫੀਆ ਨੋਬੇਲ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਭਾਰਤ ਦੇ ਮਹਿਲਾ ਸਿੰਗਲਜ਼ ਮੁਹਿੰਮ ’ਚ ਉੱਨਤੀ ਹੁੱਡਾ ਵੀ ਸ਼ਾਮਲ ਹੈ, ਜੋ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਖੇਡੇਗੀ। ਉਸਦਾ ਪਹਿਲਾ ਮੈਚ ਮਿਆਂਮਾਰ ਦੀ ਥੇਤ ਹਤਾਰ ਥੁਜਾਰ ਨਾਲ ਹੋਵੇਗਾ।
ਸਾਤਵਿਕ-ਚਿਰਾਗ ਦਾ ਟੀਚਾ ਮੁੜ ਪੋਡੀਅਮ ’ਤੇ ਪੁੱਜਣਾ ਮਰਦ ਡਬਲਜ਼ ’ਚ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੰਜਵਾਂ ਦਰਜਾ ਹਾਸਲ ਜੋੜੀ ਦਾ ਟੀਚਾ ਮੁੜ ਪੋਡੀਅਮ ’ਤੇ ਪਹੁੰਚਣਾ ਹੋਵੇਗਾ। ਇਹ ਜੋੜੀ ਪਹਿਲਾਂ ਤੋਂ ਹੀ ਦੋ ਵਾਰ ਵਿਸ਼ਵ ਚੈਂਪੀਅਨਸ਼ਿਪ ’ਚ ਬਰਾਊਂਜ਼ ਮੈਡਲ ਜਿੱਤ ਚੁੱਕੀ ਹੈ। ਉਸਨੇ 2022 ਤੇ 2025 ’ਚ ਤੀਜਾ ਸਥਾਨ ਹਾਸਲ ਕੀਤਾ ਸੀ। ਉਸ ਨੂੰ ਪਹਿਲੇ ਦੌਰ ’ਚ ਬਾਈ ਮਿਲੀ ਹੈ ਤੇ ਉਹ ਦੂਜੇ ਦੌਰ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਜੋੜੀ ਨੂੰ ਕੁਆਰਟਰ ਫਾਈਨਲ ’ਚ ਚੀਨ ਦੇ ਲਿਆਂਗ ਵੇਈਕੇਂਗ ਤੇ ਵਾਂਗ ਚਾਂਗ ਤੇ ਸੈਮੀਫਾਈਨਲ ’ਚ ਇੰਡੋਨੇਸ਼ੀਆ ਦੇ ਮੁਹੰਮਦ ਫਿਕਰੀ ਤੇ ਫਜ਼ਰ ਅਲਫੀਅਨ ਦੀ ਜੋੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਸਭ ਤੋਂ ਵੱਡੀ ਚਿੰਤਾ ਸਾਤਵਿਕ ਦੇ ਮੋਢੇ ਦੀ ਵਾਰ-ਵਾਰ ਹੋਣ ਵਾਲੀ ਸਮੱਸਿਆ ਹੋਵੇਗੀ, ਜਿਸ ਕਾਰਨ ਉਹ ਕੁਝ ਟੂਰਨਾਮੈਂਟਾਂ ’ਚ ਨਹੀਂ ਖੇਡ ਸਕਿਆ।
ਆਯੂਸ਼ ਦੇ ਪ੍ਰਦਰਸ਼ਨ ’ਤੇ ਹੋਵੇਗੀ ਨਜ਼ਰ ਸਿੰਗਲਜ਼ ਵਰਗ ’ਚ ਆਯੂਸ਼ ਸ਼ੈੱਟੀ ਦੇ ਪ੍ਰਦਰਸ਼ਨ ’ਤੇ ਵੀ ਨਜ਼ਰ ਰਹੇਗੀ। 21 ਸਾਲਾ ਆਯੂਸ਼ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਤੇ ਵਿਸ਼ਵ ’ਚ ਨੰਬਰ ਇਕ ਸ਼ੀ ਯੂ ਚੀ ਨਾਲ ਹੋਵੇਗਾ। ਆਯੂਸ਼ ਨੂੰ ਚੀਨੀ ਖਿਡਾਰੀ ਤੋਂ ਆਪਣੇ ਪਿਛਲੇ ਤਿੰਨੇ ਮੁਕਾਬਲਿਆਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 14ਵਾਂ ਦਰਜਾ ਹਾਸਲ ਲਕਸ਼ੈ ਸੇਨ ਆਸਟ੍ਰੀਆ ਦੇ ਕੋਲਿਨਸ ਵੈਲੇਂਟਾਈਨ ਫਿਲੀਮੋਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਉਸਨੇ 2021 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਬਰਾਊਂਜ਼ ਮੈਡਲ ਜਿੱਤਿਆ ਸੀ। ਉਹ ਆਪਣੇ ਇਸ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਵਚਨਬੱਧ ਹੋਵੇਗਾ।
ਜਾਪਾਨ ਓਪਨ ਜਿੱਤਣ ਨਾਲ ਮਿਲਿਆ ਆਤਮਵਿਸ਼ਵਾਸ ਕਾਇਮ ਰਹੇਗਾ ਤੇ ਮੈਂ ਇਥੇ ਚੰਗਾ ਪ੍ਰਦਰਸ਼ਨ ਕਰਾਂਗੀ। ਮੈਨੂੰ ਭਾਰਤੀ ਦਰਸ਼ਕਾਂ ਤੋਂ ਭਰਪੂਰ ਸਮਰਥਨ ਦੀ ਉਮੀਦ ਹੈ ਤੇ ਉਮੀਦ ਹੈ ਕਿ ਮੈਂ ਇਥੇ ਮੈਡਲ ਜਿੱਤਾਂਗੀ -ਪੀਵੀ ਸਿੰਧੂ
ਮੈਂ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹਾਂ। ਹਾਲੇ ਹਰ ਦੌਰ ਮੁਸ਼ਕਲ ਹੈ, ਇਸ ਲਈ ਮੈਨੂੰ ਇਕ ਸਮੇਂ ’ਚ ਇਕ ਮੈਚ ’ਤੇ ਧਿਆਨ ਦੇਣਾ ਹੋਵੇਗਾ। ਮੇਰਾ ਟੀਚਾ ਟੂਰਨਾਮੈਂਟ ’ਚ ਡੂੰਘਾਈ ਤੱਕ ਜਾਣਾ ਹੈ -ਲਕਸ਼ੈ ਸੇਨ।