World Badminton Championship : ਪੀਵੀ ਸਿੰਧੂ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਛੇਵੇਂ ਮੈਡਲ ਵੱਲ ਵਧਾਏ ਕਦਮ
ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਆਸਾਨੀ ਨਾਲ ਦੂਜੇ ਦੌਰ ’ਚ ਪਹੁੰਚੀ। ਜਾਲੀ-ਗਾਇਤਰੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਅੱਗੇ ਥਾਂ ਬਣਾਈ। ਸਿੰਧੂ ਨੇ ਸੋਮਵਾਰ ਨੂੰ ਆਇਰਲੈਂਡ ਦੀ ਸੋਫੀਆ ਨੋਬਲ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ’ਚ ਇਤਿਹਾਸਕ ਛੇਵੇਂ ਮੈਡਲ ਦੀਆਪਣੀ ਦਾਅਵੇਦਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ
Publish Date: Tue, 18 Aug 2026 11:01 AM (IST)
Updated Date: Tue, 18 Aug 2026 11:04 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਪੀਵੀ ਸਿੰਧੂ ਆਸਾਨੀ ਨਾਲ ਦੂਜੇ ਦੌਰ ’ਚ ਪਹੁੰਚੀ। ਜਾਲੀ-ਗਾਇਤਰੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਅੱਗੇ ਥਾਂ ਬਣਾਈ। ਸਿੰਧੂ ਨੇ ਸੋਮਵਾਰ ਨੂੰ ਆਇਰਲੈਂਡ ਦੀ ਸੋਫੀਆ ਨੋਬਲ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਬੀਡਬਲਯੂਐੱਫ ਵਿਸ਼ਵ ਚੈਂਪੀਅਨਸ਼ਿਪ ’ਚ ਇਤਿਹਾਸਕ ਛੇਵੇਂ ਮੈਡਲ ਦੀਆਪਣੀ ਦਾਅਵੇਦਾਰੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਮਹਿਲਾ ਸਿੰਗਲਜ਼ ਦੇਦੂਜੇ ਦੌਰ ’ਚ ਐਂਟਰੀ ਕੀਤੀ। ਹੁਣ ਦੂਜੇ ਦੌਰ ’ਚ ਸਿੰਧੂ ਦਾ ਸਾਹਮਣਾ ਕੈਨੇਡਾ ਦੀ ਵੇਨ ਯੂ ਝਾਂਗ ਨਾਲ ਹੋਵੇਗਾ, ਜਿਸਨੇ ਬੁਲਗਾਰੀਆ ਦੀ ਸਟੈਫਨੀ ਸਟੋਏਵਾ ਨੂੰ 21-7, 21-9 ਨਾਲ ਹਰਾਇਆ।
ਨੌਵਾਂ ਦਰਜਾ ਹਾਸਲ ਸਿੰਧੂ ਨੇ ਨੋਬਲ ਨੂੰ 21-7, 21-11 ਨਾਲ ਹਰਾਇਆ। ਸਿੰਧੂ ਦੇ ਨਾਂ ਵਿਸ਼ਵ ਚੈਂਪੀਅਨਸ਼ਿਪ ’ਚ ਪਹਿਲਾਂ ਹੀ ਪੰਜ ਮੈਡਲ ਹਨ, ਜਿਸ ਵਿਚ ਦੋ ਬਰਾਊਂਜ਼, ਦੋ ਸਿਲਵਰ ਤੇ 2019 ’ਚ ਜਿੱਤਿਆ ਗੋਲਡ ਸ਼ਾਮਲ ਹਨ। ਮੌਜੂਦਾ ਮੁਕਾਬਲੇਬਾਜ਼ੀ ਦੇ ਸੈਮੀਫਾਈਨਲ ’ਚ ਪੁੱਜਦਿਆਂ ਹੀ ਸਿੰਧੂ ਘੱਟ ਤੋਂ ਘੱਟ ਬਰਾਊਂਜ਼ ਮੈਡਲ ਪੱਕਾ ਕਰ ਲਵੇਗੀ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ’ਚ ਛੇ ਮੈਡਲ ਜਿੱਤਮ ਵਾਲੀ ਪਹਿਲੀ ਖਿਡਾਰੀ ਬਣ ਜਾਵੇਗੀ। ਸਿੰਧੂ ਨੇ ਸ਼ੁਰੂਆਤ ਨਾਲ ਹੀ ਮੁਕਾਬਲੇ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਉਸਨੇ ਆਪਣੇ ਤਜਰਬੇ ਅਤੇ ਸਬਰ ਨਾਲ ਨੋਬਲ ਨੂੰ ਖੇਡ ਦੌਰਾਨ ਕਾਫੀ ਪਰੇਸ਼ਾਨ ਕੀਤਾ ਅਤੇ ਉਸ ਦੀਆਂ ਗਲਤੀਆਂ ਦਾ ਫਾਇਦਾ ਉਠਾਇਆ। ਪਹਿਲੇ ਗੇਮ ਦੇ ਬ੍ਰੇਕ ਤੱਕ ਸਿੰਧੂ 11-2 ਦੀ ਅਗਵਾਈ 'ਤੇ ਸੀ ਅਤੇ ਬਾਅਦ ਵਿਚ ਆਸਾਨੀ ਨਾਲ ਗੇਮ ਆਪਣੇ ਨਾਂ ਕੀਤਾ। ਦੂਜੀ ਗੇਮ ਵਿੱਚ, ਨੋਬਲ ਨੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਸਿੰਧੂ ਨੂੰ ਚੁਣੌਤੀ ਦਿੱਤੀ ਪਰ ਸਿੰਧੂ ਨੇ ਬ੍ਰੇਕ ਤੱਕ 11-8 ਦੀ ਬੜ੍ਹਤ ਬਣਾਈ। ਇਸ ਤੋਂ ਬਾਅਦ ਭਾਰਤੀ ਖਿਡਾਰੀ ਨੇ ਕੋਈ ਮੌਕਾ ਨਹੀਂ ਛੱਡਿਆ ਅਤੇ ਸ਼ਾਨਦਾਰ ਡ੍ਰਾਪ ਸ਼ਾਟ ਅਤੇ ਸਮੈਸ਼ ਨਾਲ ਮੁਕਾਬਲਾ ਆਪਣੇ ਹੱਕ ’ਚ ਕਰ ਲਿਆ। ਉਸਨੇ 29 ਮਿੰਟਾਂ ’ਚ ਜਿੱਤ ਦਰਜ ਕੀਤੀ।
ਜਾਲੀ-ਗਾਇਤਰੀ ਤੇ ਹਰੀਹਰਨ-ਅਰਜੁਨ ਵੀ ਅੱਗੇ : ਰਾਸ਼ਟਰਮੰਡਲ ਖੇਡਾਂ ਦੀ ਬਰਾਊਂਜ਼ ਮੈਡਲ ਜੇਤੂ ਟ੍ਰੀਸਾ ਜਾਲੀ ਅਤੇ ਗਾਇਤਰੀ ਗੋਪੀਚੰਦ ਨੇ ਵੀ ਮਹਿਲਾ ਡਬਲਜ਼ ਦੇ ਪਹਿਲੇ ਦੌਰ ਵਿਚ ਆਸਾਨ ਜਿੱਤ ਦਰਜ ਕੀਤੀ। ਭਾਰਤੀ ਜੋੜੀ ਨੇ ਸਪੇਨ ਦੀ ਪਾਓਲਾ ਲੋਪੇਜ਼ ਤੇ ਲੂਸੀਆ ਰੋਡ੍ਰਿਗਜ਼ ਨੂੰ 21-9, 21-13 ਨਾਲ ਹਰਾਇਆ। ਦੂਜੇ ਦੌਰ ’ਚ 16ਵਾਂ ਦਰਜਾ ਪ੍ਰਾਪਤ ਭਾਰਤੀ ਜੋੜੀ ਦਾ ਸਾਹਮਣਾ ਅਮਰੀਕਾ ਦੀ ਲਾਰੇਮ ਲੈਮ ਤੇ ਐਲਿਸਨ ਕਵਿਨ ਲੀ ਨਾਲ ਹੋਵੇਗਾ।
ਟੂਰਨਾਮੈਂਟ ਵਿਚ ਭਾਰਤ ਵੱਲੋਂ ਪਹਿਲੇ ਮੁਕਾਬਲੇ ਵਿਚ ਉਤਰੇ ਹਰੀਹਰਨ ਅਮਸਾਕਰੁਣਨ ਅਤੇ ਐਮਆਰ ਅਰਜੁਨ ਵੀ ਦੂਜੇ ਦੌਰ ਵਿਚ ਪਹੁੰਚ ਗਏ ਹਨ। ਸਕਾਟ ਗਿਲਡੀਆ ਤੇ ਪਾਲ ਰੇਨਾਲਡਜ਼ ਦੀ ਜੋੜੀ ਨੇ 21-16, 6-4 ਨਾਲ ਪਿੱਛੇ ਰਹਿਣ ਦੇ ਬਾਅਦ ਮੁਕਾਬਲੇ ਤੋਂ ਹਟਣ ਦਾ ਫੈਸਲਾ ਕੀਤਾ। ਹੁਣ ਹਰੀਹਰਨ-ਅਰਜੁਨ ਦਾ ਸਾਹਮਣਾ 15ਵਾਂ ਦਰਜਾ ਪ੍ਰਾਪਤ ਕੋਰੀਆ ਦੇ ਮਿਨ ਹਯੁਕ ਕਾਂਗ ਅਤੇ ਡੋਂਗ ਜੂ ਕੀ ਨਾਲ ਹੋਵੇਗਾ, ਜਿਨ੍ਹਾਂ ਨੂੰ ਪਹਿਲੇ ਦੌਰ ਵਿਚ ਬਾਈ ਮਿਲੀ ਸੀ।
ਪੰਜਵਾਂ ਦਰਜਾ ਪ੍ਰਾਪਤ ਭਾਰਤ ਦੀ ਸਟਾਰ ਮਰਦ ਡਬਲਜ਼ ਜੋੜੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਵੀ ਪਹਿਲੇ ਦੌਰ ਵਿਚ ਬਾਈ ਮਿਲੀ ਹੈ। ਦੂਜੇ ਦੌਰ ਵਿਚ ਉਨ੍ਹਾਂ ਦਾ ਸਾਹਮਣਾ ਸਕਾਟਲੈਂਡ ਦੇ ਅਲੈਕਜ਼ੈਂਡਰ ਡਨ ਅਤੇ ਐਡਮ ਪ੍ਰਿੰਗਲ ਨਾਲ ਹੋਵੇਗਾ।