World Badminton Championship : ਫਰਾਂਸ ਨੇ ਰਚਿਆ ਇਤਿਹਾਸ, ਐੱਨ ਸੇ ਯੰਗ ਦੀ ਬਦੌਲਤ ਦੱਖਣੀ ਕੋਰੀਆ ਦਾ ਦਬਦਬਾ ਬਰਕਰਾਰ
ਲੈਨੀਅਰ ਤੋਂ ਪਹਿਲਾਂ ਫਰਾਂਸ ਦੇ ਥਾਮ ਗਿਕਵੇਲ ਤੇ ਡੈਲਫਿਨ ਡੇਲਰੂ ਨੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਫਰਾਂਸੀਸੀ ਜੋੜੀ ਨੇ ਸਿਖਰਲਾ ਦਰਜਾ ਪ੍ਰਾਪਤ ਚੀਨ ਦੇ ਫੇਂਗ ਯਾਨਝੇ ਤੇ ਹੁਆਂਗ ਡੋਂਗਪਿੰਗ ਨੂੰ 22-20, 19-21, 21-15 ਨਾਲ ਹਰਾਇਆ।
Publish Date: Mon, 24 Aug 2026 10:46 AM (IST)
Updated Date: Mon, 24 Aug 2026 10:50 AM (IST)
ਖੇਡ ਸੰਵਾਦਦਾਤਾ, ਨਵੀਂ ਦਿੱਲੀ : ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਫਾਈਨਲ ’ਚ ਐਤਵਾਰ ਨੂੰ ਇਤਿਹਾਸ ਰਚਿਆ ਗਿਆ। ਫਰਾਂਸ ਦੇ ਐਲੇਕਸ ਲੈਨੀਅਰ ਨੇ ਜਾਪਾਨ ਦੇ ਕੋਡਾਈ ਨਾਰਾਓਕਾ ਨੂੰ ਲਗਾਤਾਰ ਦੋ ਗੇਮਾਂ ’ਚ 21-11, 21-11 ਨਾਲ ਹਰਾਉਂਦੇ ਹੋਏ ਮਰਦ ਸਿੰਗਲਜ਼ ਦਾ ਖ਼ਿਤਾਬ ਜਿੱਤਿਆ। ਇਸ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਮਰਦ ਸਿੰਗਲਜ਼ ’ਚ ਗੋਲਡ ਮੈਡਲ ਜਿੱਤਣ ਵਾਲਾ ਫਰਾਂਸ ਦਾ ਪਹਿਲਾ ਖਿਡਾਰੀ ਬਣ ਗਿਆ ਹੈ।
21 ਸਾਲਾ ਲੈਨੀਅਰ ਨੇ ਲਗਪਗ 50 ਮਿੰਟ ਚੱਲੇ ਫਾਈਨਲ ’ਚ ਨਾਰਾਓਕਾ ਨੂੰ ਸ਼ੁਰੂ ਤੋਂ ਹੀ ਦਬਾਅ ’ਚ ਰੱਖਿਆ। ਉਸਨੇ ਲੰਬੀਆਂ ਰੈਲੀਜ਼ ’ਚ ਜਾਪਾਨੀ ਖਿਡਾਰੀ ਨੂੰ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਦੌੜਾਇਆ ਤੇ ਫਿਰ ਸਟੀਕ ਕੋਣਾਂ ਨਾਲ ਤੇਜ਼ ਸਮੈਸ਼ ਕਰ ਕੇ ਅੰਕ ਲਏ। ਲੈਨੀਅਰ ਨੇ ਪਹਿਲੀ ਗੇਮ ਸਿਰਫ 23 ਮਿੰਟ ’ਚ 21-11 ਨਾਲ ਆਪਣੇ ਨਾਂ ਕੀਤੀ। ਦੂਜੀ ਗੇਮ ’ਚ 25 ਸਾਲਾ ਨਾਰਾਓਕਾ ਵਾਪਸੀ ਦੀ ਕੋਸ਼ਿਸ਼ ਕਰਦਾ ਦਿਖਾਈ ਦਿੱਤਾ ਪਰ ਥਕਾਵਟ ਉਸਦੀ ਖੇਡ 'ਤੇ ਸਾਫ਼ ਦਿਖਾਈ ਦਿੱਤੀ। ਉਹ ਪਿੱਛਿਓਂ ਮੁਸ਼ਕਲ ਸ਼ਾਟ ਲਗਾਉਣ ਦੀ ਕੋਸ਼ਿਸ਼ ’ਚ ਕਈ ਵਾਰ ਸ਼ਟਲ ਕੋਰਟ ਦੇ ਬਾਹਰ ਮਾਰ ਬੈਠਾ। ਡ੍ਰਾਪ ਸ਼ਾਟ ਰਾਹੀਂ ਲੈਨੀਅਰ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਵੀ ਨਾਕਾਮ ਰਹੀ। ਫਰਾਂਸੀਸੀ ਖਿਡਾਰੀ ਨੇ ਉਸ ਦੀਆਂ ਸ਼ਾਟਸ ਨੂੰ ਪਹਿਲਾਂ ਹੀ ਸਮਝਦੇ ਹੋਏ ਜ਼ੋਰਦਾਰ ਸਮੈਸ਼ ਨਾਲ ਜਵਾਬ ਦਿੱਤਾ ਤੇ ਲਗਾਤਾਰ ਦੂਜੀ ਵਾਰੀ 21-11 ਨਾਲ ਗੇਮ ਜਿੱਤ ਕੇ ਇਤਿਹਾਸ ਰਚਿਆ।]
ਫਰਾਂਸ ਲਈ ਸ਼ਾਨਦਾਰ ਦਿਨ ਲੈਨੀਅਰ ਤੋਂ ਪਹਿਲਾਂ ਫਰਾਂਸ ਦੇ ਥਾਮ ਗਿਕਵੇਲ ਤੇ ਡੈਲਫਿਨ ਡੇਲਰੂ ਨੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਫਰਾਂਸੀਸੀ ਜੋੜੀ ਨੇ ਸਿਖਰਲਾ ਦਰਜਾ ਪ੍ਰਾਪਤ ਚੀਨ ਦੇ ਫੇਂਗ ਯਾਨਝੇ ਤੇ ਹੁਆਂਗ ਡੋਂਗਪਿੰਗ ਨੂੰ 22-20, 19-21, 21-15 ਨਾਲ ਹਰਾਇਆ। ਇਹ ਵਿਸ਼ਵ ਚੈਂਪੀਅਨਸ਼ਿਪ ’ਚ ਮਿਕਸਡ ਡਬਲਜ਼ ਦਾ ਖਿਤਾਬ ਜਿੱਤਣ ਵਾਲੀ ਫਰਾਂਸ ਦੀ ਪਹਿਲੀ ਜੋੜੀ ਬਣੀ। ਫਰਾਂਸੀਸੀ ਜੋੜੀ ਦੀ ਵਾਪਸੀ 'ਤੇ ਕੋਚ ਨੇ ਸ਼ੈਂਪੇਨ ਖੋਲ੍ਹ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਯੰਗ ਦਾ ਇਤਿਹਾਸਕ ਪ੍ਰਦਰਸ਼ਨ ਇਸ ਦੌਰਾਨ ਔਰਤ ਸਿੰਗਲਜ਼ ’ਚ ਓਲੰਪਿਕ ਚੈਂਪੀਅਨ ਐੱਨ ਸੇ ਯੰਗ ਨੇ ਜਾਪਾਨ ਦੀ ਸਾਬਕਾ ਵਿਸ਼ਵ ਚੈਂਪੀਅਨ ਅਕਾਨੇ ਯਾਮਾਗੁਚੀ ਨੂੰ 21-17, 21-14 ਨਾਲ ਹਰਾਉਂਦੇ ਹੋਏ ਆਪਣਾ ਦੂਜਾ ਵਿਸ਼ਵ ਖਿਤਾਬ ਜਿੱਤਿਆ। 17-17 ਦੀ ਬਰਾਬਰੀ ਤੋਂ ਬਾਅਦ ਐੱਨ ਨੇ ਲਗਾਤਾਰ ਚਾਰ ਅੰਕ ਜਿੱਤ ਕੇ ਪਹਿਲੀ ਗੇਮ ਆਪਣੇ ਨਾਂ ਕੀਤੀ ਤੇ ਦੂਜੀ ਗੇਮ ’ਚ ਤੇਜ਼ ਰੈਲੀਜ਼ ਦੇ ਵਿਚਕਾਰ ਦਬਦਬਾ ਕਾਇਮ ਰੱਖਿਆ। ਐੱਨ ਹੁਣ ਇੱਕੋ ਸਮੇਂ ਓਲੰਪਿਕ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਖੇਡਾਂ ਤੇ ਏਸ਼ਿਆਈ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਰੱਖਣ ਵਾਲੀ ਖਿਡਾਰੀ ਬਣ ਗਈ ਹੈ। ਦੱਖਣੀ ਕੋਰੀਆ ਨੇ ਔਰਤ ਡਬਲਜ਼ ’ਚ ਵੀ ਖਿਤਾਬ ਜਿੱਤਿਆ। ਬਾਕ ਹਾ ਨਾ ਅਤੇ ਲੀ ਸੋ ਹੀ ਨੇ ਚੀਨ ਦੀ ਲਿਊ ਸ਼ੇਂਗਸ਼ੂ ਤੇ ਟੈਨ ਨਿੰਗ ਨੂੰ 21-15, 21-15 ਨਾਲ ਹਰਾਉਂਦੇ ਹੋਏ 31 ਸਾਲਾਂ ਬਾਅਦ ਦੱਖਣੀ ਕੋਰੀਆ ਨੂੰ ਇਸ ਮੁਕਾਬਲੇ ਦਾ ਵਿਸ਼ਵ ਚੈਂਪੀਅਨ ਬਣਾਇਆ। ਬੈਡਮਿੰਟਨ ’ਚ ਕਦੇ ਸੁਪਰਪਾਵਰ ਰਹੇ ਚੀਨ ਨੂੰ ਸਿਰਫ ਇਕ ਵਰਗ ’ਚ ਹੀ ਖਿਤਾਬ ਮਿਲਿਆ। ਮਰਦ ਡਬਲਜ਼ ’ਚ ਵੇਈ ਕੇਂਗ ਲਿਆਂਗ ਤੇ ਵਾਂਗ ਚਾਂਗ ਦੀ ਜੋੜੀ ਨੇ ਸੋਹ ਯੁਈ ਵਿਕ ਤੇ ਆਰੋਨ ਚੀਆ ਦੀ ਮਲੇਸ਼ਿਆਈ ਜੋੜੀ ਨੂੰ 21-17, 21-16 ਨਾਲ ਹਰਾਉਂਦੇ ਹੋਏ ਖ਼ਿਤਾਬ ਜਿੱਤਿਆ।