ਮਹਿਲਾ ਟੀ-20 ਏਸ਼ੀਆ ਕੱਪ : ਥਾਈਲੈਂਡ ਖ਼ਿਲਾਫ਼ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕਰਨ ਉਤਰੇਗੀ ਭਾਰਤੀ ਟੀਮ, ਹਰਮਨਪ੍ਰੀਤ ਦੀ ਫਾਰਮ 'ਤੇ ਰਹਿਣਗੀਆਂ ਨਜ਼ਰਾਂ
ਭਾਰਤੀ ਟੀਮ ਇਸ ਟੂਰਨਾਮੈਂਟ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਸੀ। ਅਜਿਹੇ ਸਮੇਂ ’ਚ ਜਦੋਂ ਕਪਤਾਨ ਹਰਮਨਪ੍ਰੀਤ ਦੀ ਆਪਣੀ ਫਾਰਮ ਤੇ ਛੋਟੇ ਫਾਰਮੈਟ 'ਚ ਉਸ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਭਾਰਤ ਏਸ਼ੀਆ ਦੇ 2 ਵੱਡੇ ਟੂਰਨਾਮੈਂਟਾਂ ’ਚ ਖੇਡਣ ਦੀ ਤਿਆਰੀ ਕਰ ਰਿਹਾ ਹੈ।
Publish Date: Sun, 30 Aug 2026 10:46 AM (IST)
Updated Date: Sun, 30 Aug 2026 10:52 AM (IST)
ਦੁਬਈ, ਪੀਟੀਆਈ : ਅਜਿਹੇ ਸਮੇਂ ਜਦੋਂ ਟੀਮ ਦੀ ਫਾਰਮ ਤੇ ਨਿਰੰਤਰਤਾ ’'ਤੇ ਸਵਾਲ ਉਠਾਏ ਜਾ ਰਹੇ ਹਨ, ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਐਤਵਾਰ ਨੂੰ ਮਹਿਲਾ ਟੀ-20 ਏਸ਼ੀਆ ਕੱਪ ਗਰੁੱਪ ਏ ਦੇ ਆਪਣੇ ਪਹਿਲੇ ਮੈਚ ’ਚ ਥਾਈਲੈਂਡ ਖਿਲਾਫ ਵੱਡੀ ਜਿੱਤ ਦਰਜ ਕਰ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕਰਨਾ ਚਾਹੇਗੀ। ਭਾਰਤ ਪਿਛਲੇ ਇੱਕ ਦਹਾਕੇ ’ਚ ਮਹਿਲਾ ਟੀ-20 ਏਸ਼ੀਆ ਕੱਪ ’ਚ ਸਭ ਤੋਂ ਦਬਦਬਾ ਟੀਮ ਰਹੀ ਹੈ। ਇਸ ਨੇ 2016-17 ਤੋਂ ਟੂਰਨਾਮੈਂਟ ਦੇ ਟੀ-20 ਫਾਰਮੈਟ ਦੇ ਪੰਜ ਐਡੀਸ਼ਨਾਂ ’ਚ ਤਿੰਨ ਵਾਰ ਖਿਤਾਬ ਜਿੱਤਿਆ ਹੈ ਪਰ ਹਾਲ ਹੀ ’ਚ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ। ਭਾਰਤ ਨੇ ਇਸ ਸਾਲ ਖੇਡੇ ਗਏ 16 ਟੀ-20 ਅੰਤਰਰਾਸ਼ਟਰੀ ਮੈਚਾਂ ’ਚੋਂ 9 ਹਾਰੇ ਹਨ। ਉਨ੍ਹਾਂ ਦੀ ਪਿਛਲੀ ਹਾਰ ਹਾਲ ਹੀ ’ਚ ਹੋਏ ਮਹਿਲਾ ਟੀ-20 ਵਿਸ਼ਵ ਕੱਪ ’ਚ ਆਸਟਰੇਲੀਆ ਖ਼ਿਲਾਫ਼ ਹੋਈ ਸੀ।
ਭਾਰਤੀ ਟੀਮ ਇਸ ਟੂਰਨਾਮੈਂਟ ਦੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ ਸੀ। ਅਜਿਹੇ ਸਮੇਂ ’ਚ ਜਦੋਂ ਕਪਤਾਨ ਹਰਮਨਪ੍ਰੀਤ ਦੀ ਆਪਣੀ ਫਾਰਮ ਤੇ ਛੋਟੇ ਫਾਰਮੈਟ 'ਚ ਉਸ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਭਾਰਤ ਏਸ਼ੀਆ ਦੇ 2 ਵੱਡੇ ਟੂਰਨਾਮੈਂਟਾਂ ’ਚ ਖੇਡਣ ਦੀ ਤਿਆਰੀ ਕਰ ਰਿਹਾ ਹੈ। ਏਸ਼ੀਆ ਕੱਪ ਤੋਂ ਤੁਰੰਤ ਬਾਅਦ ਏਸ਼ੀਆਈ ਖੇਡਾਂ ਜਾਪਾਨ ’ਚ ਹੋਣਗੀਆਂ। ਇਨ੍ਹਾਂ ਦੋਵਾਂ ਮੁਕਾਬਲਿਆਂ ’ਚ ਭਾਰਤ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਅੱਠ ਟੀਮਾਂ ਦੇ ਮਹਿਲਾ ਟੀ-20 ਏਸ਼ੀਆ ਕੱਪ ’ਚ ਭਾਰਤ ਨੂੰ ਥਾਈਲੈਂਡ, ਹਾਂਗਕਾਂਗ ਤੇ ਪਾਕਿਸਤਾਨ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ।
ਆਸਟਰੇਲੀਆ ਖਿਲਾਫ ਕੀਤਾ ਸੀ ਚੰਗਾ ਪ੍ਰਦਰਸ਼ਨ ਹਰਮਨਪ੍ਰੀਤ ਨੇ ਮਹਿਲਾ ਟੀ-20 ਵਿਸ਼ਵ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਸਟ੍ਰੇਲੀਆ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ। ਹਾਲਾਂਕਿ ਉਸ ਦੇ ਪ੍ਰਦਰਸ਼ਨ ’ਚ ਨਿਰੰਤਰਤਾ ਦੀ ਕਮੀ ਹੈ, ਜੋ ਟੀਮ ਲਈ ਚਿੰਤਾ ਦਾ ਵਿਸ਼ਾ ਹੈ। ਏਸ਼ੀਆ ਕੱਪ ਤੇ ਏਸ਼ੀਆਈ ਖੇਡਾਂ ਲਈ ਭਰੋਸੇਮੰਦ ਬੱਲੇਬਾਜ਼ ਜੇਮਿਮਾਹ ਰੌਡਰਿਗਜ਼ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਭਾਰਤ ਨੇ ਪ੍ਰਤੀਕਾ ਰਾਵਲ ਨੂੰ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ ਪਰ ਟੀਮ ਨੂੰ ਮੱਧਕ੍ਰਮ 'ਚ ਜੇਮਿਮਾਹ ਦੀ ਕਮੀ ਮਹਿਸੂਸ ਹੋਵੇਗੀ। ਭਾਰਤ ਕੋਲ ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਦੀ ਮਜ਼ਬੂਤ ਸਲਾਮੀ ਜੋੜੀ ਹੈ ਪਰ ਤੀਜੇ ਨੰਬਰ ’ਤੇ ਬੱਲੇਬਾਜ਼ਾਂ ਲਈ ਸਭ ਤੋਂ ਵੱਡੀ ਚੁਣੌਤੀ ਸਕੋਰ ਬੋਰਡ ਨੂੰ ਗਤੀ ਨੂੰ ਬਰਕਰਾਰ ਰੱਖਣਾ ਤੇ ਗਤੀ ਪ੍ਰਦਾਨ ਕਰਨਾ ਹੋਵੇਗਾ।
ਦਬਦਬਾ ਬਰਕਰਾਰ ਰੱਖਣਾ ਹੈ ਤਾਂ ਕਰਨਾ ਹੋਵੇਗਾ ਸੁਧਾਰ ਪਿਛਲੀ ਵਾਰ ਜਦੋਂ ਭਾਰਤ ਇਸ ਫਾਰਮੈਟ ’ਚ ਖੇਡਿਆ ਸੀ ਤਾਂ ਖਰਾਬ ਫੀਲਡਿੰਗ ਵੱਡੀ ਚਿੰਤਾ ਦਾ ਵਿਸ਼ਾ ਸੀ। ਭਾਰਤੀ ਖਿਡਾਰੀਆਂ ਨੇ ਕਈ ਕੈਚ ਛੱਡੇ ਜੋ ਉਨ੍ਹਾਂ ਦੀ ਹਾਰ ਦਾ ਮੁੱਖ ਕਾਰਨ ਵੀ ਸਨ, ਜੇਕਰ ਭਾਰਤ ਏਸ਼ੀਆ ਕੱਪ ਤੇ ਏਸ਼ੀਆਈ ਖੇਡਾਂ ’ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਜਲਦੀ ਤੋਂ ਜਲਦੀ ਆਪਣੀ ਫੀਲਡਿੰਗ ’ਚ ਸੁਧਾਰ ਕਰਨਾ ਹੋਵੇਗਾ। ਗੇਂਦਬਾਜ਼ੀ ’ਚ ਭਾਰਤ ਦੇ ਸਪਿਨ ਹਮਲੇ ਦੀ ਅਗਵਾਈ ਅਨੁਭਵੀ ਹਰਫਨਮੌਲਾ ਦੀਪਤੀ ਸ਼ਰਮਾ ਕਰੇਗੀ। ਇਸ ਵਿਭਾਗ ’ਚ ਭਾਰਤ ਨੇ ਟੀ-20 ਵਿਸ਼ਵ ਕੱਪ ’ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ’ਚ ਸ਼੍ਰੀ ਚਰਨੀ, ਰਾਧਾ ਯਾਦਵ ਤੇ ਪ੍ਰੇਮਾ ਰਾਵਤ ਸ਼ਾਮਲ ਹਨ। ਭਾਰਤ ਦਾ ਤੇਜ਼ ਗੇਂਦਬਾਜ਼ੀ ਹਮਲਾ ਵੀ ਮਜ਼ਬੂਤ ਨਜ਼ਰ ਆ ਰਿਹਾ ਹੈ, ਜਿਸ 'ਚ ਤਜਰਬੇਕਾਰ ਰੇਣੂਕਾ ਸਿੰਘ ਠਾਕੁਰ ਦੇ ਨਾਲ-ਨਾਲ ਕ੍ਰਾਂਤੀ ਗੌਰ, ਅਰੁੰਧਤੀ ਰੈੱਡੀ ਤੇ ਨੰਦਿਨੀ ਸ਼ਰਮਾ ਵਰਗੇ ਗੇਂਦਬਾਜ਼ ਸ਼ਾਮਲ ਹਨ।
ਪਹਿਲੇ ਮੈਚ ’ਚ ਮਿਲੀ ਜਿੱਤ ਨਾਲ ਉਤਸ਼ਾਹਿਤ ਹੋਵੇਗਾ ਥਾਈਲੈਂਡ ਜਿੱਥੋਂ ਤੱਕ ਥਾਈਲੈਂਡ ਦਾ ਸਵਾਲ ਹੈ ਹਾਂਗਕਾਂਗ ਵਿਰੁੱਧ ਪਹਿਲੇ ਮੈਚ ’ਚ ਜਿੱਤ ਨਾਲ ਉਸ ਦਾ ਹੌਸਲਾ ਵਧੇਗਾ। ਥਾਈਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ’ਤੇ 120 ਦੌੜਾਂ ਬਣਾਈਆਂ ਤੇ ਫਿਰ ਹਾਂਗਕਾਂਗ ਨੂੰ 7 ਵਿਕਟਾਂ ’ਤੇ 114 ਦੌੜਾਂ ’ਤੇ ਰੋਕ ਦਿੱਤਾ। ਥਾਈਲੈਂਡ ਦੇ ਕਪਤਾਨ ਨਰੂਏਮੋਲ ਚਾਈਵਈ (43) ਨੇ ਬੱਲੇਬਾਜ਼ੀ ’ਚ ਅਹਿਮ ਯੋਗਦਾਨ ਪਾਇਆ, ਜਦਕਿ ਗੇਂਦਬਾਜ਼ੀ ’ਚ ਓਨਿਚਾ ਕਾਮਚੋਮਫੂ ਨੇ 3 ਵਿਕਟਾਂ ਤੇ ਫਨੀਤਾ ਮਾਇਆ ਨੇ 2 ਵਿਕਟਾਂ ਹਾਸਲ ਕੀਤੀਆਂ।
ਟੀਮ ਇਸ ਤਰ੍ਹਾਂ ਹਨ ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਭਾਰਤੀ ਫੁਲਮਾਲੀ, ਰਿਚਾ ਘੋਸ਼ (ਵਿਕਟਕੀਪਰ), ਗੁਨਾਲਨ ਕਮਾਲਿਨੀ (ਵਿਕਟਕੀਪਰ), ਪ੍ਰਤੀਕਾ ਰਾਵਲ, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌਰ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਿਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।
ਥਾਈਲੈਂਡ: ਨਰੂਏਮੋਲ ਚਾਈਵਈ (ਕਪਤਾਨ), ਨਨਾਫਾਟ ਚਾਈਹਾਨ, ਨੱਥਾਕਨ ਚੰਥਮ, ਨਾਓਮੀ ਹਿਲਟਨ, ਨਨਾਪਟ ਕੋਂਚਰੋਏਨਕਾਈ (ਵਿਕਟਕੀਪਰ), ਓਨਿਚਾ ਕਾਮਚੋਮਫੂ, ਫੰਨੀਤਾ ਮਾਇਆ, ਚਾਨਿਦਾ ਸੁਥਿਰੁਆਂਗ, ਇਫੀਸਾਰਾ ਸੁਵਾਨਚੋਰਾਥੀ, ਸੁਨੀਦਾ ਚਤੁਰੋਂਗਰਤਨਾ, ਚਾਇਨਿਸਾ ਫੇਂਗਪੈਨ, ਸੁਲੇਪੋਰਨ ਲਾਓਮੀ, ਥਿਪਚਾ ਪੁਥਾਵੋਂਗ, ਥਾਨਰਾਡਾ ਸੀਮਾਵਨ, ਕੋਰਾਨਿਟ ਸੁਵਾਨਚੋਨਰਾਥੀ।
ਭਾਰਤ ਬਨਾਮ ਥਾਈਲੈਂਡ ਸਥਾਨ : ਦੁਬਈ
ਸਮਾਂ: ਰਾਤ 8:00 ਵਜੇ ਤੋਂ
ਪ੍ਰਸਾਰਣ: ਸੋਨੀ ਸਪੋਰਟਸ ਨੈੱਟਵਰਕ/ਸੋਨੀ ਲਿਵ