ਮਹਿਲਾ ਏਸ਼ੀਆ ਕੱਪ : ਅੱਜ ਪਹਿਲਾ ਸੈਮੀਫਾਈਨਲ, ਬੰਗਲਾਦੇਸ਼ ਵਿਰੁੱਧ ਅਜੇਤੂ ਭਾਰਤੀ ਟੀਮ ਦਾ ਪਲੜਾ ਭਾਰੀ
ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਉਤਰੇਗੀ ਤਾਂ ਸਖਤ ਮੈਦਾਨੀ ਮੁਕਾਬਲੇ ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਰਾਜਨੀਤਕ ਤਣਾਅ ਦੇ ਪਿਛੋਕੜ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਹਰਮਨਪ੍ਰੀਤ ਕੌਰ ਦੀ ਟੀਮ ਦਾ ਪਲੜਾ ਭਾਰੀ ਰਹੇਗਾ।
Publish Date: Thu, 10 Sep 2026 11:15 AM (IST)
Updated Date: Thu, 10 Sep 2026 11:21 AM (IST)
ਦੁਬਈ (ਪੀਟੀਆਈ): ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਬੰਗਲਾਦੇਸ਼ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਉਤਰੇਗੀ ਤਾਂ ਸਖਤ ਮੈਦਾਨੀ ਮੁਕਾਬਲੇ ਤੇ ਦੋਵਾਂ ਦੇਸ਼ਾਂ ਦੇ ਵਿਚਾਲੇ ਰਾਜਨੀਤਕ ਤਣਾਅ ਦੇ ਪਿਛੋਕੜ ਵਿਚ ਹੋਣ ਵਾਲੇ ਇਸ ਮੁਕਾਬਲੇ ਵਿਚ ਹਰਮਨਪ੍ਰੀਤ ਕੌਰ ਦੀ ਟੀਮ ਦਾ ਪਲੜਾ ਭਾਰੀ ਰਹੇਗਾ। ਬੰਗਲਾਦੇਸ਼ ਵਿਚ ਰਾਜਨੀਤਕ ਬਦਲਾਅ ਦੇ ਬਾਅਦ ਭਾਰਤ ਅਤੇ ਬੰਗਲਾਦੇਸ਼ ਦੇ ਰਾਜਨੀਤਕ ਸੰਬੰਧਾਂ ਵਿਚ ਤਣਾਅ ਰਿਹਾ ਹੈ। ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਦਾ ਅਸਰ ਪਿਛਲੇ ਸਮੇਂ ਵਿਚ ਅਕਸਰ ਕ੍ਰਿਕਟ ਦੇ ਮੈਦਾਨ 'ਤੇ ਵੀ ਦੇਖਣ ਨੂੰ ਮਿਲਿਆ ਹੈ ਅਤੇ ਇਹ ਇਸ ਮੁਕਾਬਲੇ ਵਿਚ ਵੀ ਨਜ਼ਰ ਆ ਸਕਦਾ ਹੈ।
ਭਾਰਤੀ ਟੀਮ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਲੈਅ ਵਿਚ ਰਹੀ ਹੈ ਤੇ ਸਾਰੇ ਮੈਚ ਜਿੱਤ ਕੇ ਗਰੁੱਪ ਏ ਵਿਚ ਸਿਖਰ ਸਥਾਨ ਹਾਸਲ ਕੀਤਾ ਹੈ। ਭਾਰਤ ਦੀ ਬੈਟਿੰਗ ਕਾਫੀ ਮਜ਼ਬੂਤ ਰਹੀ ਹੈ ਅਤੇ ਸਮ੍ਰਿਤੀ ਮੰਦਾਨਾ ਨੇ ਹਾਂਗਕਾਂਗ ਦੇ ਖ਼ਿਲਾਫ਼ ਸੈਂਕੜਾ ਲਾ ਕੇ ਫਿਰ ਸਾਬਤ ਕਰ ਦਿੱਤਾ ਕਿ ਉਹ ਆਧੁਨਿਕ ਯੁੱਗ ਦੇ ਸਰਬੋਤਮ ਬੈਟਸਮੈਨਾਂ ਵਿਚੋਂ ਇਕ ਹਨ। ਸ਼ੇਫਾਲੀ ਵਰਮਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦੇ ਕੇ ਪਾਵਰਪਲੇ ਵਿਚ ਵਿਰੋਧੀ ਟੀਮਾਂ 'ਤੇ ਦਬਾਅ ਬਣਾਇਆ ਹੈ। ਮੱਧਕ੍ਰਮ ਵਿਚ ਕਪਤਾਨ ਹਰਮਨਪ੍ਰੀਤ ਅਤੇ ਵਿਕਟਕੀਪਰ ਬੈਟਸਮੈਨ ਰਿਚਾ ਘੋਸ਼ ਨੇ ਆਖਰੀ ਓਵਰਾਂ ਵਿਚ ਚੰਗੇ ਰਨ ਬਣਾਏ ਹਨ। ਗੇਂਦਬਾਜ਼ੀ ਵਿਚ ਭਾਰਤ ਕੋਲ ਵਿਭਿੰਨਤਾ ਅਤੇ ਡੂੰਘਾਈ ਹੈ। ਦੀਪਤੀ ਸ਼ਰਮਾ ਔਰਤ ਟੀ20 ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣ ਗਈ ਹੈ। ਉਨ੍ਹਾਂ ਨੇ ਰਾਧਾ ਯਾਦਵ ਅਤੇ ਸ਼੍ਰੀ ਚਰਣੀ ਦੇ ਨਾਲ ਮਿਲ ਕੇ ਹਰ ਮੈਚ ਵਿਚ ਸਪਿਨ ਦਾ ਜਾਲ ਬਖੂਬੀ ਬੁਣਿਆ ਹੈ। ਤੇਜ਼ ਗੇਂਦਬਾਜ਼ ਰੇਣੁਕਾ ਠਾਕੁਰ ਨੇ ਨਵੀਂ ਗੇਂਦ ਨੂੰ ਬਖੂਬੀ ਸੰਭਾਲ ਕੇ ਟੀਮ ਨੂੰ ਸ਼ੁਰੂਆਤੀ ਸਫਲਤਾਵਾਂ ਦਿਵਾਈਆਂ ਹਨ।
ਟੀਮਾਂ ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਦਾਨਾ, ਭਾਰਤੀ ਫੁਲਮਾਲੀ, ਰਿਚਾ ਘੋਸ਼, ਜੀ ਕਮਲਿਨੀ, ਪ੍ਰਤਿਕਾ ਰਾਵਲ, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਨੰਦਨੀ ਸ਼ਰਮਾ, ਸ਼੍ਰੀ ਚਰਣੀ, ਰਾਧਾ ਯਾਦਵ।
ਬੰਗਲਾਦੇਸ਼: ਨਿਗਾਰ ਸੁਲਤਾਨਾ (ਕਪਤਾਨ), ਨਾਹਿਦਾ ਅਖਤਰ, ਦਿਲਾਰਾ ਅਖਤਰ, ਫਰਜ਼ਾਨਾ ਐਸਮਿਨ, ਜੁਏਰੀਆ ਫਿਰਦੌਸ, ਸ਼ਰਮੀਨ ਅਖਤਰ ਸੁਪਤਾ, ਸਰਮੀਨ ਸੁਲਤਾਨਾ, ਸ਼ੋਭਨਾ ਮੋਸਤਾਰੀ, ਸ਼ੋਰਨਾ ਅਖਤਰ, ਰਿਤੁ ਮੋਨੀ, ਫਾਹਿਮਾ ਖਾਤੂਨ, ਰਾਬੀਆ ਖਾਨ, ਮਾਰੂਫਾ ਅਖਤਰ, ਸੁਲਤਾਨਾ ਖਾਤੂਨ, ਸ਼ੰਜੀਦਾ ਅਖਤਰ।
ਭਾਰਤ ਬਨਾਮ ਬੰਗਲਾਦੇਸ਼ (ਸੈਮੀਫਾਈਨਲ) ਸਥਾਨ: ਦੁਬਈ
ਸਮਾਂ: ਰਾਤ 8 ਵਜੇ
ਪ੍ਰਸਾਰਣ: ਸੋਨੀ ਸਪੋਰਟਸ ਨੈਟਵਰਕ/ਸੋਨੀ ਲਿਵ