Women's Asia Cup Final : 8ਵੀਂ ਵਾਰ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉੱਤਰੇਗੀ ਭਾਰਤੀ ਟੀਮ, ਸ਼੍ਰੀਲੰਕਾ ਨਾਲ ਅੱਜ ਮਹਾ-ਮੁਕਾਬਲਾ
ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ’ਚ ਸ਼੍ਰੀਲੰਕਾ ਨੂੰ ਹਰਾ ਕੇ 8ਵੀਂ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਤੇ ਇਸ ਲਈ ਸ਼ੈਫਾਲੀ ਵਰਮਾ ਦੇ ਨਾਲ-ਨਾਲ ਦੀਪਤੀ ਸ਼ਰਮਾ ’ਤੇ ਵੀ ਕਾਫੀ ਜ਼ਿੰਮੇਵਾਰੀ ਹੋਵੇਗੀ।
Publish Date: Sun, 13 Sep 2026 11:40 AM (IST)
Updated Date: Sun, 13 Sep 2026 11:48 AM (IST)
ਦੁਬਈ, ਪੀਟੀਆਈ : ਸੱਤ ਵਾਰ ਦੀ ਚੈਂਪੀਅਨ ਭਾਰਤੀ ਟੀਮ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਮਹਿਲਾ ਟੀ-20 ਏਸ਼ੀਆ ਕੱਪ ਦੇ ਫਾਈਨਲ ’ਚ ਸ਼੍ਰੀਲੰਕਾ ਨੂੰ ਹਰਾ ਕੇ 8ਵੀਂ ਵਾਰ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਤੇ ਇਸ ਲਈ ਸ਼ੈਫਾਲੀ ਵਰਮਾ ਦੇ ਨਾਲ-ਨਾਲ ਦੀਪਤੀ ਸ਼ਰਮਾ ’ਤੇ ਵੀ ਕਾਫੀ ਜ਼ਿੰਮੇਵਾਰੀ ਹੋਵੇਗੀ। ਦੋ ਅਰਧ ਸੈਂਕੜਿਆਂ ਸਮੇਤ 168 ਦੌੜਾਂ ਬਣਾਉਣ ਵਾਲੀ ਸ਼ੈਫਾਲੀ ਭਾਰਤ ਦੀ ਸਰਬੋਤਮ ਬੱਲੇਬਾਜ਼ ਸਾਬਤ ਹੋਈ ਹੈ ਤੇ ਟੂਰਨਾਮੈਂਟ ’ਚ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ।
ਉਸ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੀ ਪਿੱਚ ’ਤੇ ਵੀ ਆਰਾਮ ਨਾਲ ਬੱਲੇਬਾਜ਼ੀ ਕੀਤੀ ਹੈ, ਜੋ ਸਪਿਨਰਾਂ ਲਈ ਹੌਲੀ ਤੇ ਮਦਦਗਾਰ ਹੈ। ਸਮ੍ਰਿਤੀ ਮੰਧਾਨਾ (154) ਨੇ ਸ਼ਾਨਦਾਰ ਸੈਂਕੜਾ ਲਾਇਆ ਪਰ 2 ਮੈਚਾਂ ’ਚ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੀ। ਸ਼ੈਫਾਲੀ ਦਾ ਪ੍ਰਦਰਸ਼ਨ ਲਗਾਤਾਰ ਚੰਗਾ ਰਿਹਾ ਹੈ। ਸ਼ੇਫਾਲੀ ਨੂੰ ਆਪਣੇ ਜਾਣੇ-ਪਛਾਣੇ ਸਟ੍ਰੋਕ ਖੇਡਣ ’ਚ ਕੋਈ ਦਿੱਕਤ ਨਹੀਂ ਆਈ, ਜਦਕਿ ਦੂਜੇ ਬੱਲੇਬਾਜ਼ ਸੰਘਰਸ਼ ਕਰਦੇ ਨਜ਼ਰ ਆਏ।
ਗੇਂਦਬਾਜ਼ੀ ਤੋਂ ਇਲਾਵਾ ਸ਼੍ਰੀਲੰਕਾ ਦੇ ਕਪਤਾਨ ਚਮਰੀ ਅਟਾਪੱਟੂ ਦੇ ਨਾਲ ਸਭ ਤੋਂ ਵੱਧ 11 ਵਿਕਟਾਂ ਲੈਣ ਵਾਲੀ ਦੀਪਤੀ ਨੇ ਬੱਲੇ ਨਾਲ ਵੀ ਆਪਣਾ ਕਮਾਲ ਦਿਖਾਇਆ ਹੈ। ਦੀਪਤੀ ਦੇ ਨਾਲ-ਨਾਲ ਸ਼੍ਰੀਚਰਣੀ ਤੇ ਪ੍ਰੇਮਾ ਰਾਵਤ ਨੇ ਵੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਕੀਤੀ ਤੇ ਤਿੰਨਾਂ ਨੇ ਟੂਰਨਾਮੈਂਟ ’ਚ ਆਪਣਾ ਦਬਦਬਾ ਕਾਇਮ ਰੱਖਿਆ। ਦੋਵੇਂ ਟੀਮਾਂ ਫਾਈਨਲ ਤੱਕ ਦੇ ਸਫਰ ’ਚ ਅਜੇਤੂ ਰਹੀਆਂ ਹਨ ਤੇ ਆਖਰੀ ਵਾਰ 2024 ’ਚ ਭਾਰਤ ਨੂੰ ਸ਼੍ਰੀਲੰਕਾ ਨੇ ਫਾਈਨਲ ’ਚ ਅੱਠ ਵਿਕਟਾਂ ਨਾਲ ਹਰਾਇਆ ਸੀ।
ਸ਼੍ਰੀਲੰਕਾ ਨੇ ਵੀ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਪਾਕਿਸਤਾਨ ਖਿਲਾਫ ਲੜਨ ਦੀ ਭਾਵਨਾ ਦਿਖਾਈ ਤੇ ਸੈਮੀਫਾਈਨਲ ਜਿੱਤਿਆ। ਪਹਿਲੇ 2 ਓਵਰਾਂ ’ਚ ਪੰਜ ਦੌੜਾਂ ’ਤੇ ਦੋ ਵਿਕਟਾਂ ਤੇ ਸੱਤਵੇਂ ਓਵਰ ’ਚ 33 ਦੌੜਾਂ ’ਤੇ 4 ਵਿਕਟਾਂ ਗੁਆਉਣ ਦੇ ਬਾਵਜੂਦ ਸ਼੍ਰੀਲੰਕਾ ਨੇ 131 ਦੌੜਾਂ ਦਾ ਟੀਚਾ ਹਾਸਲ ਕਰ ਲਿਆ।
ਟੀਮਾਂ ਭਾਰਤ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਭਾਰਤੀ ਫੁਲਮਾਲੀ, ਰਿਚਾ ਘੋਸ਼, ਜੀ ਕਮਲਾਲਿਨੀ, ਪ੍ਰਤਿਕਾ ਰਾਵਲ, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਕ੍ਰਾਂਤੀ ਗੌੜ, ਪ੍ਰੇਮਾ ਰਾਵਤ, ਅਰੁੰਧਤੀ ਰੈੱਡੀ, ਰੇਣੂਕਾ ਸਿੰਘ ਠਾਕੁਰ, ਨੰਦਿਨੀ ਸ਼ਰਮਾ, ਸ਼੍ਰੀਚਰਨੀ, ਰਾਧਾ ਯਾਦਵ।
ਸ਼੍ਰੀਲੰਕਾ: ਚਾਮਾਰੀ ਅਟਾਪੱਟੂ (ਕਪਤਾਨ), ਹਰਸ਼ਿਤਾ ਸਮਰਵਿਕਰਮਾ (ਉਪ-ਕਪਤਾਨ), ਇਮੇਸ਼ਾ ਦੁਲਾਨੀ, ਵਿਸ਼ਮੀ ਗੁਣਾਰਤਨੇ, ਕੌਸ਼ਿਨੀ ਐੱਨ (ਵਿਕਟਕੀਪਰ), ਸੰਜਨਾ ਕਵਿੰਦੀ, ਹਸਿਨੀ ਪਰੇਰਾ, ਨਿਲਾਸ਼ਿਕਾ ਸਿਲਵਾ, ਕਵਿਸ਼ ਦਿਲਹਾਰੀ, ਮਿਤਾਲੀ ਅਯੋਧਿਆ, ਕਾਵਿਆ ਕਵਿੰਦੀ, ਸੁਗੰਧਿਕਾ ਕੁਮਾਰੀ, ਨਿਮਾਸ਼ਾ ਮੀਪਾਗੇ, ਚਾਮੁਦੀ ਪ੍ਰਬੋਧਾ, ਚੇਤਨਾ ਵਿਮੁਕਤੀ।