ਮਹਿਲਾਵਾਂ ਨੇ ਰੋਮਾਂਚਕ ਮੁਕਾਬਲੇ 'ਚ ਸਿੰਗਾਪੁਰ ਨੂੰ ਦਿੱਤੀ ਮਾਤ, ਮਰਦ ਟੀਮ ਈਰਾਨ ਤੋਂ 0-3 ਨਾਲ ਪੱਛੜੀ
ਭਾਰਤੀ ਮਹਿਲਾਵਾਂ ਨੇ ਏਸ਼ਿਆਈ ਖੇਡਾਂ ਦੇ ਗਰੁੱਪ ਐੱਫ ਮੈਚ ਵਿਚ ਸਿੰਗਾਪੁਰ ਦੇ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 3-2 ਨਾਲ ਮਹੱਤਵਪੂਰਨ ਜਿੱਤ ਹਾਸਲ ਕੀਤੀ। ਇਸ ਦੌਰਾਨ, ਮਰਦਾਂ ਦੀ ਟੀਮ ਨੂੰ ਈਰਾਨ ਹੱਥੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Publish Date: Mon, 21 Sep 2026 12:21 PM (IST)
Updated Date: Mon, 21 Sep 2026 12:32 PM (IST)
ਟੋਇਟਾ (ਪੀਟੀਆਈ) : ਭਾਰਤੀ ਮਹਿਲਾਵਾਂ ਨੇ ਏਸ਼ਿਆਈ ਖੇਡਾਂ ਦੇ ਗਰੁੱਪ ਐੱਫ ਮੈਚ ਵਿਚ ਸਿੰਗਾਪੁਰ ਦੇ ਖ਼ਿਲਾਫ਼ ਸ਼ਾਨਦਾਰ ਵਾਪਸੀ ਕਰਦਿਆਂ 3-2 ਨਾਲ ਮਹੱਤਵਪੂਰਨ ਜਿੱਤ ਹਾਸਲ ਕੀਤੀ। ਇਸ ਦੌਰਾਨ, ਮਰਦਾਂ ਦੀ ਟੀਮ ਨੂੰ ਈਰਾਨ ਹੱਥੋਂ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ ਨੂੰ ਹੋਏ ਮੁਕਾਬਲਿਆਂ ’ਚ ਭਾਰਤੀ ਮਹਿਲਾਵਾਂ ਇਕ ਸਮੇਂ 1-2 ਨਾਲ ਪਿੱਛੇ ਚੱਲ ਰਹੀਆਂ ਸਨ ਤੇ ਉਨ੍ਹਾਂ 'ਤੇ ਹਾਰ ਦਾ ਖ਼ਤਰਾ ਮੰਡਰਾ ਰਿਹਾ ਸੀ ਪਰ ਸ਼੍ਰੀਜਾ ਅਕੁਲਾ ਤੇ ਯਸ਼ਸਵਿਨੀ ਘੋਰਪੜੇ ਨੇ ਆਪਣੇ ਮੈਚ ਜਿੱਤ ਕੇ ਇਸ ਖ਼ਤਰੇ ਨੂੰ ਟਾਲ ਦਿੱਤਾ।
ਸਭ ਤੋਂ ਪਹਿਲੇ ਮੈਚ ’ਚ ਘੋਰਪੜੇ ਨੇ ਜਿਆਨ ਝੇਂਗ ਨੂੰ 11-7, 11-3, 8-11, 11-9 ਨਾਲ ਹਰਾਇਆ, ਪਰ ਸ਼੍ਰੀਜਾ ਨੂੰ ਲੋਕ ਮਿੰਗ ਨੇ ਦੂਜੇ ਮੈਚ ’ਚ 8-11, 11-4, 9-11, 11-4, 6-11 ਨਾਲ ਹਰਾ ਦਿੱਤਾ। ਤੀਜੇ ਮੈਚ ’ਚ, ਦਿਆ ਚਿਤਾਲੇ ਨੂੰ ਟੈਨ ਝਾਓ ਨੇ 7-11, 4-11, 11-7, 5-11 ਨਾਲ ਹਰਾਉਂਦਿਆਂ ਸਿੰਗਾਪੁਰ ਨੂੰ 2-1 ਨਾਲ ਅੱਗੇ ਕਰ ਦਿੱਤਾ। ਹੁਣ ਭਾਰਤੀ ਟੀਮ ਹਾਰ ਤੋਂ ਸਿਰਫ ਇਕ ਮੈਚ ਦੂਰ ਸੀ ਪਰ ਸ਼੍ਰੀਜਾ ਨੇ ਇਸ ਟਾਈ ਦਾ ਸਭ ਤੋਂ ਮਹੱਤਵਪੂਰਨ ਮੈਚ 6-11, 11-3, 11-7, 11-4 ਨਾਲ ਜਿੱਤ ਕੇ ਸਕੋਰ 2-2 ਕਰ ਦਿੱਤਾ। ਫਿਰ, ਫ਼ੈਸਲਾਕੁੰਨ ਮੈਚ ’ਚ ਘੋਰਪੜੇ ਨੇ ਲੋਕ ਮਿੰਗ ਨੂੰ 5-11, 11-8, 12-10, 4-11, 11-9 ਨਾਲ ਹਰਾਉਂਦਿਆਂ ਭਾਰਤ ਨੂੰ ਜਿੱਤ ਦਿਵਾਈ।
ਦੂਜੇ ਪਾਸੇ, ਮਰਦਾਂ ਦੇ ਮੈਚ ਵਿਚ ਹਰਮੀਤ ਦੇਸਾਈ ਤੋਂ ਇਲਾਵਾ ਬਾਕੀ ਸਾਰੇ ਖਿਡਾਰੀ ਨਿਰਾਸ਼ਾ ਦਾ ਸਾਹਮਣਾ ਕਰਦੇ ਰਹੇ ਤੇ ਈਰਾਨ ਲਈ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਪੇਸ਼ ਨਹੀਂ ਕਰ ਸਕੇ। ਪਹਿਲੇ ਮੈਚ ’ਚ ਨੌਸ਼ਾਦ ਅਲਮੀਆਂ ਨੇ ਮਾਨੁਸ਼ ਸ਼ਾਹ ਨੂੰ 11-3, 11-8, 12-10 ਨਾਲ ਹਰਾਇਆ, ਜਦਕਿ ਮਾਨਵ ਠੱਕਰ ਨੂੰ ਬੇਨਿਆਮਿਨ ਫਰਾਜੀ ਨੇ 11-2, 11-6 ਤੇ 11-6 ਨਾਲ ਹਰਾ ਦਿੱਤਾ। ਹਰਮੀਤ ਨੇ ਬਹੁਤ ਕੋਸ਼ਿਸ਼ ਕੀਤੀ ਪਰ ਅਲਮੀਆਂ ਨੇ ਉਸ ਨੂੰ 12-10, 13-15, 11-3, 10-12, 11-2 ਨਾਲ ਹਰਾ ਦਿੱਤਾ। ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਅਗਲੇ ਮੈਚ ਵਿਚ ਪਾਕਿਸਤਾਨ ਦਾ ਸਾਹਮਣਾ ਕਰਨਗੀਆਂ। ਦੋਹਾਂ ਟੀਮਾਂ ਨੇ ਆਪਣੇ ਪਹਿਲੇ ਮੈਚ ਵਿਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ ਸੀ।