2027 ਵਿਸ਼ਵ ਕੱਪ ਖੇਡਣਗੇ ਰੋਹਿਤ ਸ਼ਰਮਾ? ‘ਹਿਟਮੈਨ’ ਨੇ ਦਿੱਤਾ ਵੱਡਾ ਬਿਆਨ, ਕਿਹਾ- ਹਾਲੇ ਬਹੁਤ ਦੂਰ ਹੈ ਅਕਤੂਬਰ 2027 ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕੁਝ ਦਿਨ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ ਕਿ ਰੋਹਿਤ ਨੂੰ ਲੈ ਕੇ ਕਿਆਸ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਰੋਹਿਤ ਨੇ ਵਨਡੇ ’ਚ ਭਾਰਤ ਲਈ ਆਪਣੇ ਆਖਰੀ ਮੈਚ ’ਚ ਸੈਂਕੜਾ ਲਗਾਇਆ ਸੀ।
Publish Date: Fri, 11 Sep 2026 11:15 AM (IST)
Updated Date: Fri, 11 Sep 2026 11:22 AM (IST)
ਨਵੀਂ ਦਿੱਲੀ (ਪੀਟੀਆਈ) : ਭਾਰਤ ਦੇ ਸਟਾਰ ਕ੍ਰਿਕਟਰ ਰੋਹਿਤ ਸ਼ਰਮਾ ਨੇ ਅਗਲੇ ਸਾਲ ਹੋਣ ਵਾਲੇ ਵਨਡੇ ਵਿਸ਼ਵ ਕੱਪ ’ਚ ਖੇਡਣ ਦੀ ਸੰਭਾਵਨਾ ਦੇ ਸਬੰਧ ’ਚ ਪੁੱਛੇ ਜਾਣ ’ਤੇ ਵੀਰਵਾਰ ਨੂੰ ਕਿਹਾ ਕਿ ਅਕਤੂਬਰ 2027 ਹਾਲੇ ਬਹੁਤ ਦੂਰ ਹੈ। ਇਕ ਪ੍ਰੋਗਰਾਮ ਦੌਰਾਨ ਸਾਬਕਾ ਕਪਤਾਨ ਨੇ ਇਕ ਲਾਈਨ ’ਚ ਜਵਾਬ ਦਿੱਤਾ। ਟੀ-20 ਅੰਤਰਰਾਸ਼ਟਰੀ ਤੇ ਟੈਸਟ ਕ੍ਰਿਕਟ ’ਚ ਨਾ ਖੇਡਣ ਕਾਰਨ ਰੋਹਿਤ ਦੇ ਵਨਡੇ ਫਾਰਮੈਟ ’ਚ ਭਵਿੱਖ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ।
ਰੋਹਿਤ ਨੇ ਪ੍ਰੋਗਰਾਮ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਕਤੂਬਰ 2027 ਹਾਲੇ ਬਹੁਤ ਦੂਰ ਹੈ, ਉਦੋਂ ਦੇਖਾਂਗੇ। ਵਨਡੇ ਵਿਸ਼ਵ ਕੱਪ 2027 ਦੀ ਸਹਿ-ਮੇਜ਼ਬਾਨੀ ਦੱਖਣੀ ਅਫਰੀਕਾ, ਜ਼ਿੰਬਾਬਵੇ ਤੇ ਨਾਮੀਬੀਆ ਕਰਨਗੇ। ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਕੀ ਭਾਰਤ ਦੇ ਖ਼ਿਤਾਬ ਜਿੱਤਣ ’ਤੇ ਪ੍ਰਸ਼ੰਸਕਾਂ ਨਾਲ ਜਸ਼ਨ ਮਨਾਉਣ ਲਈ ਖੁੱਲ੍ਹੀ ਬੱਸ ’ਚ ਪਰੇਡ ਕੀਤੀ ਜਾਵੇਗੀ, ਠੀਕ ਉਸੇ ਤਰ੍ਹਾਂ ਜਿਵੇਂ 2024 ’ਚ ਰੋਹਿਤ ਦੀ ਅਗਵਾਈ ਵਾਲੀ ਟੀਮ ਨੇ ਵੈਸਟਇੰਡੀਜ਼ ’ਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਮੁੰਬਈ ’ਚ ਕੱਢੀ ਸੀ। ਰੋਹਿਤ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਹੁਣ ਬੱਸ ਪਰੇਡ ਸੰਭਵ ਹੋਵੇਗੀ। ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਕੁਝ ਦਿਨ ਪਹਿਲਾਂ ਸਪੱਸ਼ਟ ਕਰ ਦਿੱਤਾ ਸੀ ਕਿ ਰੋਹਿਤ ਨੂੰ ਲੈ ਕੇ ਕਿਆਸ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿਉਂਕਿ ਉਹ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਰੋਹਿਤ ਨੇ ਵਨਡੇ ’ਚ ਭਾਰਤ ਲਈ ਆਪਣੇ ਆਖਰੀ ਮੈਚ ’ਚ ਸੈਂਕੜਾ ਲਗਾਇਆ ਸੀ।