ਵੇਟਲਿਫਟਰ ਗਿਆਨੇਸ਼ਵਰੀ ਯਾਦਵ ਦਾ ਟੀਚਾ, ਕਿਹਾ- 'ਰਾਸ਼ਟਰਮੰਡਲ ਦਾ ਤਜਰਬਾ ਏਸ਼ਿਆਈ ਖੇਡਾਂ 'ਚ ਆਵੇਗਾ ਕੰਮ'
ਏਸ਼ਿਆਈ ਖੇਡਾਂ ’ਚ ਏਸ਼ੀਆ ਦੇ ਕੁਧ ਮਜ਼ਬੂਤ ਵੇਟ ਲਿਫਟਰ ਹਿੱਸਾ ਲੈਣਗੇ, ਇਸ ਲਈ ਮੈਂ ਹਰ ਮੁਕਾਬਲੇਬਾਜ਼ ਦਾ ਸਨਮਾਨ ਕਰਦੀ ਹਾਂ। ਮੈਂ ਨਿੱਜੀ ਨਾਵਾਂ ਜਾਂ ਤੁਲਨਾ ’ਤੇ ਜ਼ਿਆਦਾ ਧਿਆਨ ਕੇਂਦਰਤ ਨਹੀਂ ਕਰਨਾ ਚਾਹੁੰਦੀ। ਮੇਰੀ ਰਣਨੀਤੀ ਆਪਣੇ ਪ੍ਰਦਰਸ਼ਨ ’ਤੇ ਧਿਆਨ ਦੇਣ, ਹਰ ਲਿਫਟ ਨੂੰ ਆਤਮਵਿਸ਼ਵਾਸ ਨਾਲ ਕਰਨ ਤੇ ਦਬਾਅ ’ਚ ਸਬਰ ਬਣਾਈ ਰੱਖਣ ’ਤੇ ਹੋਵੇਗੀ।
Publish Date: Mon, 31 Aug 2026 11:08 AM (IST)
Updated Date: Mon, 31 Aug 2026 11:14 AM (IST)
ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਸਿਲਵਰ ਮੈਡਲ ਜਿੱਤਣ ਵਾਲੀ ਨੌਜਵਾਨ ਵੇਟ ਲਿਫਟਰ ਗਿਆਨੇਸ਼ਵਰੀ ਯਾਦਵ ਦੀ ਨਜ਼ਰ ਹੁਣ 19 ਸਤੰਬਰ ਤੋਂ ਜਾਪਾਨ ’ਚ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ 2026 ’ਚ ਗੋਲਡ ਮੈਡਲ ’ਤੇ ਹੈ। ਮਹਿਲਾਵਾਂ ਦੇ 52 ਕਿਲੋਗ੍ਰਾਮ ਵਰਗ ’ਚ ਚੁਣੌਤੀ ਪੇਸ਼ ਕਰਨ ਵਾਲੀ ਗਿਆਨੇਸ਼ਵਰੀ ਇਨ੍ਹੀਂ ਦਿਨੀਂ ਸਖ਼ਤ ਮਿਹਨਤ ਕਰ ਕੇ ਆਪਣੀ ਤਕਨੀਕ, ਫਿਟਨੈੱਸ ਤੇ ਕਮਜ਼ੋਰੀਆਂ ’ਤੇ ਕੰਮ ਕਰ ਰਹੀ ਹੈ। ਉਸਦਾ ਮੰਨਣਾ ਹੈ ਕਿ ਰਾਸ਼ਟਰਮੰਡਲ ਖੇਡਾਂ ਦਾ ਤਜਰਬਾ ਏਸ਼ਿਆਡ ’ਚ ਬਿਹਤਰ ਪ੍ਰਦਰਸ਼ਨ ਕਰਨ ’ਚ ਮਦਦ ਕਰੇਗਾ। ਏਸ਼ਿਆਈ ਚੈਂਪੀਅਨਸ਼ਿਪ ’ਚ ਦੋ ਮੈਡਲ ਜਿੱਤ ਚੁੱਕੀ ਗਿਆਨੇਸ਼ਵਰੀ ਯਾਦਵ ਨਾਲ ਸ਼ੇਖਰ ਝਾਅ ਨੇ ਖ਼ਾਸ ਗੱਲਬਾਤ ਕੀਤੀ।
ਪੇਸ਼ ਹੈ ਉਸਦਾ ਮੁੱਖ ਹਿੱਸਾ -ਰਾਸ਼ਟਰਮੰਡਲ ਖੇਡਾਂ ’ਚ ਮੈਡਲ ਜਿੱਤਣ ਤੋਂ ਬਾਅਦ ਏਸ਼ਿਆਈ ਖੇਡਾਂ 2026 ਲਈ ਤੁਹਾਡੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ? ਇਸ ਵਾਰ ਟ੍ਰੇਨਿੰਗ ’ਚ ਕਿਹੜੇ ਪੱਖਾਂ ’ਤੇ ਸਭ ਤੋਂ ਵੱਧ ਫੋਕਸ ਹੈ?
ਏਸ਼ਿਆਈ ਖੇਡਾਂ 2026 ਲਈ ਮੇਰੀਆਂ ਤਿਆਰੀਆਂ ਬਹੁਚ ਚੰਗੀਆਂ ਚੱਲ ਰਹੀਆਂ ਹਨ। ਰਾਸ਼ਟਰਮੰਡਲ ਖੇਡਾਂ ’ਚ ਮੈਡਲ ਜਿੱਤਣ ਨਾਲ ਮੈਨੂੰ ਕਾਫੀ ਪ੍ਰੇਰਣਾ ਮਿਲੀ ਹੈ ਤੇ ਮੈਂ ਉਸ ਤਜਰਬੇ ਦੀ ਵਰਤੋਂ ਏਸ਼ਿਆਈ ਖੇਡਾਂ ਲਈ ਹੋਰ ਬਿਹਤਰ ਤਿਆਰੀ ਕਰਨ ’ਚ ਕਰ ਰਹੀ ਹਾਂ। ਇਸ ਸਮੇਂ ਮੇਰਾ ਮੁੱਖ ਧਿਆਨ ਆਪਣੀ ਤਾਕਤ, ਤਕਨੀਕ, ਲਗਾਤਾਰਤਾ ਤੇ ਫਿਟਨੈੱਸ ’ਚ ਸੁਦਾਰ ਕਰਨ ’ਤੇ ਹੈ। ਮੈਂ ਟ੍ਰੇਨਿੰਗ ਪ੍ਰਕਿਰਿਆ ਦੌਰਾਨ ਮਜ਼ਬੂਤ ਮਾਨਸਿਕਤਾ ਬਣਾਈ ਰੱਖਣ ਤੇ ਅਨੁਸ਼ਾਸਿਤ ਰਹਿਣ ’ਤੇ ਵੀ ਕੰਮ ਕਰ ਰਹੀ ਹਾਂ। ਮੇਰਾ ਟੀਚਾ ਹਰ ਟ੍ਰੇਨਿੰਗ ਸੈਸ਼ਨ ਨਾਲ ਲਗਾਤਾਰ ਸੁਧਾਰ ਕਰਨ ਤੇ ਭਾਰਤ ਲਈ ਮੁਕਾਬਲੇਬਾਜ਼ੀ ਕਰਦੇ ਸਮੇਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੈ।
-ਰਾਸ਼ਟਰਮੰਡਲ ਖੇਡਾਂ ’ਚ ਮੈਡਲ ਜਿੱਤਣ ਦਾ ਤਜਰਬਾ ਤੁਹਾਡੇ ਆਤਮਵਿਸ਼ਵਾਸ ਤੇ ਏਸ਼ਿਆਈ ਖੇਡਾਂ ਦੀ ਤਿਆਰੀ ’ਚ ਕਿਸ ਤਰ੍ਹਾਂ ਮਦਦ ਕਰ ਰਿਹਾ ਹੈ?
ਰਾਸ਼ਟਰਮੰਡਲ ਖੇਡਾਂ ’ਚ ਮੈਡਲ ਜਿੱਤਣ ਨਾਲ ਯਕੀਨੀ ਤੌਰ ’ਤੇ ਮੇਰਾ ਆਤਮਵਿਸ਼ਵਾਸ ਵਧਿਆ ਹੈ। ਇਸ ਨਾਲ ਮੈਨੂੰ ਵਿਸ਼ਵਾਸ ਹੋਇਆ ਕਿ ਜਦੋਂ ਮੈਂ ਆਪਣੇ ਟੀਚੇ ’ਤੇ ਧਿਆਨ ਕੇਂਦਰਤ ਕਰਦੀ ਹਾਂ ਤੇ ਟ੍ਰੇਨਿੰਗ ’ਚ ਸਿੱਖੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਦੀ ਹਾਂ ਤਾਂ ਮੈਂ ਕਿਸੇ ਵੱਡੇ ਅੰਤਰਰਾਸ਼ਟਰੀ ਟੂਰਨਾਮੈਂਟ ’ਚ ਚੰਗਾ ਪ੍ਰਦਰਸ਼ਨ ਕਰ ਸਕਦੀ ਹਾਂ। ਨਾਲ ਹੀ, ਇਸ ਤਜਰਬੇ ਨੇ ਮੈਨੂੰ ਇਹ ਵੀ ਸਿਖਾਇਆ ਹੈ ਕਿ ਸੁਧਾਰ ਦੀ ਹਮੇਸ਼ਾ ਗੁੰਜਾਇਸ਼ ਰਹਿੰਦੀ ਹੈ। ਮੈਂ ਉਸ ਤਜਰਬੇ ਤੋਂ ਮਿਲੀ ਸਿਖਲਾਈ ਨੂੰ ਸਕਾਰਾਤਮਕ ਰੂਪ ਨਾਲ ਲੈ ਰਹੀ ਹਾਂ। ਹੁਣ ਮੈਂ ਖ਼ੁਦ ਨੂੰ ਜ਼ਿਆਦਾ ਆਤਮਵਿਸ਼ਵਾਸੀ, ਵਧ ਤਜਰਬੇਕਾਰ ਤੇ ਬਿਹਤਰ ਤਰੀਕੇ ਨਾਲ ਤਿਆਰ ਮਹਿਸੂਸ ਕਰਦੀ ਹਾਂ।
-ਏਸ਼ਿਆਈ ਖੇਡਾਂ ’ਚ ਤੁਹਾਨੂੰ ਕਿਹੜੇ ਖਿਡਾਰੀਆਂ ਤੋਂ ਸਭ ਤੋਂ ਵੱਧ ਚੁਣੌਤੀ ਮਿਲਣ ਦੀ ਉਮੀਦ ਹੈ ਤੇ ਉਨ੍ਹਾਂ ਵਿਰੁੱਧ ਤੁਹਾਡੀ ਕੀ ਰਣਨੀਤੀ ਹੋਵੇਗੀ?
ਏਸ਼ਿਆਈ ਖੇਡਾਂ ’ਚ ਏਸ਼ੀਆ ਦੇ ਕੁਧ ਮਜ਼ਬੂਤ ਵੇਟ ਲਿਫਟਰ ਹਿੱਸਾ ਲੈਣਗੇ, ਇਸ ਲਈ ਮੈਂ ਹਰ ਮੁਕਾਬਲੇਬਾਜ਼ ਦਾ ਸਨਮਾਨ ਕਰਦੀ ਹਾਂ। ਮੈਂ ਨਿੱਜੀ ਨਾਵਾਂ ਜਾਂ ਤੁਲਨਾ ’ਤੇ ਜ਼ਿਆਦਾ ਧਿਆਨ ਕੇਂਦਰਤ ਨਹੀਂ ਕਰਨਾ ਚਾਹੁੰਦੀ। ਮੇਰੀ ਰਣਨੀਤੀ ਆਪਣੇ ਪ੍ਰਦਰਸ਼ਨ ’ਤੇ ਧਿਆਨ ਦੇਣ, ਹਰ ਲਿਫਟ ਨੂੰ ਆਤਮਵਿਸ਼ਵਾਸ ਨਾਲ ਕਰਨ ਤੇ ਦਬਾਅ ’ਚ ਸਬਰ ਬਣਾਈ ਰੱਖਣ ’ਤੇ ਹੋਵੇਗੀ। ਮੈਂ ਉਨ੍ਹਾਂ ਤਕਨੀਕੀ ਪੱਖਾਂ ’ਤੇ ਧਿਆਨ ਦੇਵਾਂਗੀ, ਜਿਨ੍ਹਾਂ ’ਤੇ ਅਸੀਂ ਟ੍ਰੇਨਿੰਗ ਦੌਰਾਨ ਕੰਮ ਕੀਤਾ ਹੈ ਤੇ ਮੁਕਾਬਲੇਬਾਜ਼ੀ ’ਚ ਇਕ-ਇਕ ਲਿਫਟ ’ਤੇ ਧਿਆਨ ਕੇਂਦਰਤ ਕਰਾਂਗੀ। ਜੇ ਮੈਂ ਆਪਣੀ ਸਮਰੱਥਾ ਮੁਤਾਬਕ ਪ੍ਰਦਰਸ਼ਨ ਕਰ ਸਕੀ ਤਾਂ ਮੇਰਾ ਮੰਨਣਾ ਹੈ ਕਿ ਮੇਰੇ ਕੋਲ ਚੰਗਾ ਨਤੀਜਾ ਹਾਸਲ ਕਰਨ ਦਾ ਮਜ਼ਬੂਤ ਮੌਕਾ ਹੋਵੇਗਾ।
-ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣਾ ਤੁਹਾਡੇ ਕਰੀਅਰ ਲਈ ਕਿੰਨਾ ਅਹਿਮ ਹੈ?
ਏਸ਼ਿਆਈ ਖੇਡਾਂ ’ਚ ਮੈਡਲ ਜਿੱਤਣਾ ਮੇਰੇ ਕਰੀਅਰ ’ਚ ਇਕ ਬੇਹੱਦ ਅਹਿਮ ਉਪਲੱਬਧੀ ਹੋਵੇਗੀ। ਇਹ ਏਸ਼ਿਆਈ ਖੇਡਾਂ ਦੇ ਸਭ ਤੋਂ ਵੱਡੇ ਮੰਚਾਂ ’ਚੋਂ ਇਕ ਹੈ ਤੇ ਉਥੇ ਭਾਰਤ ਦੀ ਨੁਮਾਇੰਦਗੀ ਕਰਨਾ ਆਪਣੇ ਆਪ ’ਚ ਮਾਣ ਦੀ ਗੱਲ ਹੈ। ਬੇਸ਼ੱਕ ਮੇਰਾ ਟੀਚਾ ਜਿੰਨਾ ਸੰਭਵ ਹੋਵੇ ਉਨਾ ਉੱਚਾ ਹਾਸਲ ਕਰਨਾ ਹੈ ਤੇ ਮੈਂ ਭਾਰਤ ਲਈ ਮੈਡਲ ਜਿੱਤਣਾ ਚਾਹਾਂਗੀ। ਨਾਲ ਹੀ, ਮੈਂ ਖ਼ੁਦ ’ਤੇ ਗ਼ੈਰ-ਲੁੜੀਂਦਾ ਦਬਾਅ ਪਾਉਣ ਦੀ ਬਜਾਏ ਪ੍ਰਕਿਰਿਆ ’ਤੇ ਧਿਆਨ ਕੇਂਦਰਤ ਕਰਨਾ ਚਾਹੁੰਦੀ ਹਾਂ। ਮੇਰਾ ਟੀਚਾ ਸਖ਼ਤ ਮਿਹਨਤ ਨਾਲ ਟ੍ਰੇਨਿੰਗ ਕਰਨਾ, ਲਗਾਤਾਰਤਾ ਬਣਾਈ ਰੱਖਣਾ ਤੇ ਮੁਕਾਬਲੇਬਾਜ਼ੀ ਦੇ ਦਿਨ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਹੈ।
-ਭਾਰਤ ’ਚ ਵੇਟ ਲਿਫਟਿੰਗ ਨੂੰ ਲੈ ਕੇ ਲਗਾਤਾਰ ਉਮੀਦਾਂ ਵੱਧ ਰਹੀਆਂ ਹਨ। ਤੁਸੀਂ ਏਸ਼ਿਆਈ ਖੇਡਾਂ ’ਚ ਦੇਸ਼ ਲਈ ਮੈਡਲ ਜਿੱਤਣ ਦੇ ਦਬਾਅ ਨੂੰ ਕਿਸ ਤਰ੍ਹਾਂ ਸੰਭਾਲ ਰਹੇ ਹੋ?
ਮੇਰੇ ਲਈ ਭਾਰਤ ਦੀ ਨੁਮਾਇੰਦਗੀ ਕਰਨਾ ਦਬਾਅ ਦੀ ਬਜਾਏ ਮਾਣ ਦੀ ਗੱਲ ਹੈ। ਉਮੀਦਾਂ ਮੈਨੂੰ ਹੋਰ ਸਖ਼ਤ ਮਿਹਨਤ ਕਰਨ ਤੇ ਆਪਣਾ ਸਰਬੋਤਮ ਦੇਣ ਲਈ ਪ੍ਰੇਰਿਤ ਕਰਦਾ ਹੈ। ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਮੇਰਾ ਸਮਰਥਨ ਕਰਨਗੇ ਤੇ ਮੇਰੇ ’ਤੇ ਵਿਸ਼ਵਾਸ ਕਰਨਗੇ ਤੇ ਮੈਂ ਉਨ੍ਹਾਂ ਦੇ ਸਮਰਥਨ ਨੂੰ ਸਕਾਰਾਤਮਕ ਊਰਜਾ ’ਚ ਬਦਲਣਾ ਚਾਹੁੰਦੀ ਹਾਂ। ਮੈਂ ਆਪਣੀ ਟ੍ਰੇਨਿੰਗ ’ਤੇ ਧਿਆਨ ਕੇਂਦਰਤ ਕਰ ਰਹੀ ਹਾਂ, ਮਾਨਸਿਕ ਤੌਰ ’ਤੇ ਮਜ਼ਬੂਤ ਬਣੇ ਰਹਿਣ ਤੇ ਇਕ-ਇਕ ਕਦਮ ਅੱਗੇ ਵਧਣ ’ਤੇ ਕੰਮ ਕਰ ਰਹੀ ਹਾਂ। ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਜਿੰਨੀ ਚੰਗੀ ਤਿਆਰੀ ਕਰ ਸਕਦੀ ਹਾਂ, ਉਨੀ ਕਰਾਂ ਤੇ ਮੁਕਾਬਲੇਬਾਜ਼ੀ ਦੇ ਮੰਚ ’ਤੇ ਆਪਣਾ ਸਰਬੋਤਮ ਪ੍ਰਦਰਸ਼ਨ ਦੇਵਾਂ। ਮੈਨੂੰ ਉਮੀਦ ਹੈ ਕਿ ਮੈਂ ਆਪਣੇ ਦੇਸ਼, ਆਪਣੇ ਪਰਿਵਾਰ, ਆਪਣੇ ਕੋਚਾਂ ਤੇ ਮੇਰਾ ਸਮਰਥਨ ਕਰਨ ਵਾਲੇ ਹਰ ਵਿਅਕਤੀ ਨੂੰ ਮਾਣ ਮਹਿਸੂਸ ਕਰਵਾ ਸਕਾਂਗੀ।