ਯੂਐੱਸ ਓਪਨ : ਸਾਢੇ ਚਾਰ ਘੰਟੇ ਚੱਲੇ ਮੈਰਾਥਨ ਮੁਕਾਬਲੇ 'ਚ ਹਾਰੇ ਅਲਕਾਰਾਜ਼, ਬੇਂਜਾਮਿਨ ਸ਼ੈਲਟਨ ਨੇ ਧੂੜ ਚਟਾਈ
ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਅਲਕਰਾਜ਼ ਨੇ ਗੁੱਟ ਦੀ ਸੱਟ ਨਾਲ ਜੂਝਦੇ ਹੋਏ ਇਸ ਮੈਚ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਿਸੇ ਵੀ ਮੈਚ ਵਿਚ ਉਨ੍ਹਾਂ ਦੀ ਖੇਡ ਦੇਖ ਕੇ ਨਹੀਂ ਲੱਗਦਾ ਸੀ ਕਿ ਉਹ ਪੰਜ ਮਹੀਨੇ ਤੱਕ ਟੈਨਿਸ ਤੋਂ ਦੂਰ ਰਹੇ ਹਨ
Publish Date: Thu, 10 Sep 2026 11:38 AM (IST)
Updated Date: Thu, 10 Sep 2026 11:44 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ: 23 ਸਾਲਾ ਅਮਰੀਕੀ ਯੁਵਕ ਬੇਂਜਾਮਿਨ ਸ਼ੈਲਟਨ ਨੇ ਮੰਗਲਵਾਰ ਦੇਰ ਰਾਤ ਵੱਡਾ ਉਲਟਫੇਰ ਕਰਦਿਆਂ ਮੌਜੂਦਾ ਚੈਂਪੀਅਨ ਸਪੇਨ ਦੇ ਕਾਰਲੋਸ ਅਲਕਰਾਜ਼ ਨੂੰ ਸਾਢੇ ਚਾਰ ਘੰਟੇ ਤੱਕ ਚੱਲੇ ਮੈਰਾਥਨ ਮੁਕਾਬਲੇ ਵਿਚ ਹਰਾਉਂਦਿਆਂ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਪੰਜ ਸੈੱਟਾਂ ਤੱਕ ਖਿੱਚਿਆ ਇਹ ਮੁਕਾਬਲਾ ਅਮਰੀਕੀ ਸਮੇਂ ਮੁਤਾਬਕ ਸਵੇਰੇ 3:33 ਵਜੇ ਖਤਮ ਹੋਇਆ ਤੇ ਇਸ ਨਾਲ ਇਹ ਟੂਰਨਾਮੈਂਟ ਵਿਚ ਹੁਣ ਤੱਕ ਦਾ ਸਭ ਤੋਂ ਦੇਰ ਨਾਲ ਖਤਮ ਹੋਇਆ ਮੈਚ ਬਣ ਗਿਆ। ਹੋਰ ਮੁਕਾਬਲਿਆਂ ਵਿਚ ਐਰਿਨਾ ਸਬਾਲੇਂਕਾ ਨੇ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਦੇ ਖ਼ਿਲਾਫ਼ ਸੰਘਰਸ਼ਪੂਰਨ ਜਿੱਤ ਦਰਜ ਕਰਦਿਆਂ ਖਿਤਾਬ ਦੀ ਉਮੀਦ ਨੂੰ ਜਿਊਂਦਾ ਰੱਖਿਆ।
ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਅਲਕਰਾਜ਼ ਨੇ ਗੁੱਟ ਦੀ ਸੱਟ ਨਾਲ ਜੂਝਦੇ ਹੋਏ ਇਸ ਮੈਚ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਿਸੇ ਵੀ ਮੈਚ ਵਿਚ ਉਨ੍ਹਾਂ ਦੀ ਖੇਡ ਦੇਖ ਕੇ ਨਹੀਂ ਲੱਗਦਾ ਸੀ ਕਿ ਉਹ ਪੰਜ ਮਹੀਨੇ ਤੱਕ ਟੈਨਿਸ ਤੋਂ ਦੂਰ ਰਹੇ ਹਨ, ਪਰ ਇਸ ਮੈਚ ਵਿਚ ਸ਼ੈਲਟਨ ਨੇ ਉਨ੍ਹਾਂ ਨੂੰ 6-7(5), 6-1, 6-3, 1-6, 7-6(10-7) ਨਾਲ ਹਰਾ ਦਿੱਤਾ। 23 ਸਾਲਾ ਅਲਕਰਾਜ਼ ਦੀ ਖੇਡ ਵਿਚ ਸਟੀਕਤਾ ਦੀ ਕੋਈ ਨਾਮੋਨਿ•ਸ਼ਾਨ ਨਹੀਂ ਸੀ ਅਤੇ ਉਨ੍ਹਾਂ ਨੇ 53 ਅਣਚਾਹੀਆਂ ਗਲਤੀਆਂ ਕੀਤੀਆਂ। ਸ਼ੈਲਟਨ ਨੇ ਜਿੱਤ ਦੇ ਬਾਅਦ ਕਿਹਾ ਕਿ ਕਾਰਲੋਸ ਹੁਣੇ ਹੀ ਸਾਡੇ ਖੇਡ ਦੇ ਮਹਾਨਤਮ ਚੈਂਪੀਅਨਾਂ ਵਿਚੋਂ ਇਕ ਹਨ। ਉਨ੍ਹਾਂ ਦੇ ਖ਼ਿਲਾਫ਼ ਖੇਡਣਾ ਹਮੇਸ਼ਾ ਮਜ਼ੇਦਾਰ ਹੁੰਦਾ ਹੈ। ਕਈ ਵਾਰੀ ਉਨ੍ਹਾਂ ਦੀ ਕਲਾ ਦੇਖਣਾ ਅਦਭੁਤ ਹੁੰਦਾ ਹੈ ਪਰ ਇਹ ਮੇਰੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਆਨੰਦਮਈ ਮੈਚ ਸੀ। ਇਸ ਮੈਚ ਤੋਂ ਪਹਿਲਾਂ ਅਲਕਰਾਜ਼ ਕਿਸੇ ਵੀ ਗ੍ਰੈਂਡਸਲੈਮ ਟੂਰਨਾਮੈਂਟ ਵਿਚ ਕਿਸੇ ਅਮਰੀਕੀ ਖਿਡਾਰੀ ਤੋਂ ਨਹੀਂ ਹਾਰੇ ਸਨ, ਅਮਰੀਕੀ ਮੁਕਾਬਲਿਆਂ ਵਿਚ ਉਨ੍ਹਾਂ ਦਾ ਰਿਕਾਰਡ 13-0 ਸੀ।
ਸੈਮੀਫਾਈਨਲ ਵਿਚ ਸ਼ੈਲਟਨ ਦਾ ਮੁਕਾਬਲਾ 11ਵੀਂ ਦਰਜਾ ਪ੍ਰਾਪਤ ਸਾਥੀ ਫ੍ਰਾਂਸਿਸ ਟਿਆਫੋ ਨਾਲ ਹੋਵੇਗਾ, ਜਿਸਨੇ ਪਹਿਲੇ ਦੋ ਸੈੱਟ ਹਾਰਨ ਦੇ ਬਾਅਦ ਅਮਰੀਕਾ ਦੇ ਐਲੈਕਸ ਮਿਚੇਲਸਨ ਨੂੰ 5-7, 3-6, 7-5, 6-3, 7-6 (10-6) ਨਾਲ ਹਰਾਇਆ। ਆਲ ਅਮਰੀਕਨ ਸੈਮੀਫਾਈਨਲ ਨਾਲ ਇਹ ਪੱਕਾ ਹੋ ਗਿਆ ਹੈ ਕਿ ਇਸ ਵਾਰੀ ਦੇ ਫਾਈਨਲ ਵਿਚ ਇਕ ਅਮਰੀਕੀ ਜ਼ਰੂਰ ਖੇਡੇਗਾ।
ਸੈਮੀਫਾਈਨਲ ’ਚ ਪਹੁੰਚੀਆਂ ਸਬਾਲੇਂਕਾ ਤੇ ਪੇਗੁਲਾ ਐਰੀਨਾ ਸਬਾਲੇਂਕਾ ਨੇ ਨੰਬਰ ਇਕ ਰੈਂਕਿੰਗ ਤੇ ਯੂਐੱਸ ਓਪਨ ਦੀ ਆਪਣੀ ਬਾਦਸ਼ਾਹਤ ਨੂੰ ਆਪਣੇ ਹੱਥਾਂ ਨਾਲ ਫਿਸਲਦੇ ਦੇਖਦਿਆਂ ਅਜਿਹੀ ਜ਼ੋਰਦਾਰ ਵਾਪਸੀ ਕਰ ਦਿੱਤੀ ਕਿ 21 ਸਾਲਾ ਲਿੰਡਾ ਨੋਸਕੋਵਾ ਹੈਰਾਨ ਰਹਿ ਗਈ। ਸਬਾਲੇਂਕਾ ਨੇ ਲਗਾਤਾਰ ਤੀਜੇ ਯੂਐੱਸ ਓਪਨ ਟਾਈਟਲ ਦੀ ਆਪਣੀ ਉਮੀਦਾਂ ਨੂੰ ਜਿਊਂਦਾ ਰੱਖਦਿਆਂ ਨੋਸਕੋਵਾ ਨੂੰ 7-6 (1), 3-6, 7-6 (10-7) ਨਾਲ ਹਰਾਇਆ। ਮੈਚ ਦੇ ਬਾਅਦ ਉਨ੍ਹਾਂ ਨੇ ਕਿਹਾ, "ਕੀ ਕਮਾਲ ਦਾ ਮੈਚ ਸੀ, ਉਹ ਅਦਭੁਤ ਖਿਡਾਰੀ ਹਨ ਤੇ ਹੁਣ ਮੇਰੇ ਕੋਲ ਸ਼ਬਦ ਨਹੀਂ ਹਨ ਕਿਉਂਕਿ ਇਸ ਮੈਚ ਨੂੰ ਜਿੱਤਣ ਲਈ ਮੈਂ ਆਪਣੇ ਆਪ ਨੂੰ ਹੱਦਾਂ ਤੱਕ ਖਿੱਚਿਆ, ਖਾਸ ਕਰਕੇ ਤੀਜੇ ਸੈੱਟ ਵਿਚ। ਸੱਚਮੁੱਚ ਮੈਨੂੰ ਲੱਗਾ ਕਿ ਹੁਣ ਹੋ ਗਿਆ, ਮੈਚ ਖਤਮ ਹੈ, ਪਰ ਸ਼ਾਇਦ ਇਸ ਨੇ ਮੈਨੂੰ ਐਸੀ ਵਾਪਸੀ ਕਰਨ ਵਿਚ ਮਦਦ ਕੀਤੀ। ਰੈਂਕਿੰਗ ਵਿਚ ਟਾਪ ਸਥਾਨ 'ਤੇ ਬਣੇ ਰਹਿਣ ਦੀ ਉਮੀਦਾਂ ਨੂੰ ਬਚਾਉਣ ਲਈ ਸਬਾਲੇਂਕਾ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਸੀ ਤੇ ਹੁਣ ਉਹ ਅਮਰੀਕਾ ਦੀ ਜੈਸਿਕਾ ਪੇਗੁਲਾ ਨਾਲ ਮੁਕਾਬਲਾ ਕਰਨਗੀਆਂ। ਤੀਜੀ ਦਰਜਾ ਪੇਗੁਲਾ ਨੇ ਨੰਬਰ 26 'ਤੇ ਕਾਬਿਜ਼ ਐਮਮਾ ਨਵਾਰੋ ਨੂੰ 3-6, 6-4, 6-3 ਨਾਲ ਹਰਾਇਆ।