- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਗਾਤਾਰ ਪੰਜ ਸੈੱਟਾਂ ਵਾਲੇ ਮੁਕਾਬਲੇ ਖੇਡਣ ਤੋਂ ਬਾਅਦ ਆਖ਼ਿਰਕਾਰ ਜ਼ਵੇਰੇਵ ਨੂੰ ਇੱਕ ਆਸਾਨ ਮੈਚ ਮਿਲਿਆ। ਉਨ੍ਹਾਂ ਨੇ ਚਿਲੀ ਦੇ ਤਾਬਿਲੋ ਨੂੰ 6-2, 7-6(2), 6-2 ਨਾਲ ਹਰਾਇਆ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਲੈਕਜ਼ੈਂਡਰ ਜ਼ਵੇਰੇਵ ਨੇ ਆਪਣਾ ਦੂਜਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਜ਼ਿੰਦਾ ਰੱਖਦਿਆਂ ਚਿਲੀ ਦੇ ਅਲੇਹਾਂਦਰੋ ਤਾਬਿਲੋ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ US Open ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਮਹਿਲਾ ਵਰਗ ’ਚ ਕੋਕੋ ਗੌਫ ਨੇ ਘਰੇਲੂ ਦਰਸ਼ਕਾਂ ਨੂੰ ਰਾਹਤ ਦਿੰਦਿਆਂ ਅਗਲੇ ਦੌਰ ’ਚ ਜਗ੍ਹਾ ਬਣਾਈ, ਜਦਕਿ ਕਈ ਹੋਰ ਅਮਰੀਕੀ ਖਿਡਾਰਨਾਂ ਸ਼ਨੀਵਾਰ ਨੂੰ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ। ਜਾਪਾਨ ਦੀ ਨਾਓਮੀ ਓਸਾਕਾ ਨੇ ਵੀ ਸਖ਼ਤ ਮੁਕਾਬਲੇ ਤੋਂ ਬਾਅਦ ਅਗਲੇ ਦੌਰ ’ਚ ਪ੍ਰਵੇਸ਼ ਕੀਤਾ। 2022 ਦੀ ਚੈਂਪੀਅਨ ਇਗਾ ਸਵਿਆਤੇਕ ਤੇ ਏਲੇਨਾ ਰਿਬਾਕੀਨਾ ਨੇ ਵੀ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ।
ਆਖ਼ਿਰਕਾਰ ਜ਼ਵੇਰੇਵ ਨੂੰ ਮਿਲੀ ਆਸਾਨ ਜਿੱਤ
ਲਗਾਤਾਰ ਪੰਜ ਸੈੱਟਾਂ ਵਾਲੇ ਮੁਕਾਬਲੇ ਖੇਡਣ ਤੋਂ ਬਾਅਦ ਆਖ਼ਿਰਕਾਰ ਜ਼ਵੇਰੇਵ ਨੂੰ ਇੱਕ ਆਸਾਨ ਮੈਚ ਮਿਲਿਆ। ਉਨ੍ਹਾਂ ਨੇ ਚਿਲੀ ਦੇ ਤਾਬਿਲੋ ਨੂੰ 6-2, 7-6(2), 6-2 ਨਾਲ ਹਰਾਇਆ। ਜਿੱਤ ਤੋਂ ਬਾਅਦ ਜ਼ਵੇਰੇਵ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਅੱਜ ਦਾ ਦਿਨ ਪਿਛਲੇ ਕੁਝ ਦਿਨਾਂ ਨਾਲੋਂ ਕਾਫ਼ੀ ਬਿਹਤਰ ਰਿਹਾ। ਮੈਂ ਬੇਸਲਾਈਨ ਤੋਂ ਆਪਣੇ ਖੇਡ ’ਚ ਕਾਫ਼ੀ ਸੁਧਾਰ ਕੀਤਾ ਹੈ। ਮੈਂ ਦੂਜੇ ਸੈੱਟ ਤੋਂ ਖੁਸ਼ ਨਹੀਂ ਸੀ, ਖ਼ਾਸ ਕਰਕੇ ਇਸ ਦੇ ਅੰਤ ’ਚ। ਸ਼ਾਇਦ ਮੇਰਾ ਧਿਆਨ ਥੋੜ੍ਹਾ ਭਟਕ ਗਿਆ ਸੀ। ਮੈਂ ਚੰਗਾ ਨਹੀਂ ਖੇਡ ਰਿਹਾ ਸੀ। ਪਰ ਜੇ ਪਹਿਲੇ ਤੇ ਤੀਜੇ ਸੈੱਟ ਨੂੰ ਦੇਖੀਏ ਤਾਂ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਮੁਕਾਬਲੇ ਮੈਂ ਕਾਫ਼ੀ ਬਿਹਤਰ ਖੇਡਿਆ।”
ਪੁਰਸ਼ ਵਰਗ ’ਚ ਇੱਕ ਹੋਰ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ। ਪੰਜਵੀਂ ਵਰੀਅਤਾ ਪ੍ਰਾਪਤ ਇਟਲੀ ਦੇ ਫਲਾਵਿਓ ਕੋਬੋਲੀ ਨੂੰ ਬੈਲਜੀਅਮ ਦੇ ਅਲੈਕਜ਼ੈਂਡਰ ਬਲੋਕਸ ਨੇ 6-7(4), 6-3, 6-0, 6-3 ਨਾਲ ਹਰਾ ਦਿੱਤਾ।
ਅਮਰੀਕੀ ਵਾਈਲਡ ਕਾਰਡ ਖਿਡਾਰੀ ਮਾਈਕਲ ਝੇਂਗ ਨੂੰ ਫਰਾਂਸ ਦੇ ਆਰਥਰ ਜੀਆ ਨੇ 7-6(7), 3-6, 4-6, 6-3, 6-2 ਨਾਲ ਹਰਾਇਆ। ਅਮਰੀਕਾ ਦੇ ਲਰਨਰ ਟੀਅਨ ਨੇ ਚੈਕ ਗਣਰਾਜ ਦੇ ਯਾਕੁਬ ਮੇਨਸਿਕ ਨੂੰ 6-3, 1-6, 6-7(2), 6-3, 6-4 ਨਾਲ ਮਾਤ ਦਿੱਤੀ। ਮੈਜ਼ਬਾਨ ਦੇਸ਼ ਦੇ ਟੇਲਰ ਫ੍ਰਿਟਜ਼ ਨੇ ਇਸ ਤੋਂ ਪਹਿਲਾਂ ਨਿਊਯਾਰਕ ’ਚ ਇੱਕ ਵੀ ਸੈੱਟ ਨਹੀਂ ਗੁਆਇਆ ਸੀ, ਪਰ ਅਰਜਨਟੀਨਾ ਦੇ ਫ੍ਰਾਂਸਿਸਕੋ ਸੇਰੁੰਦੋਲੋ ਨੇ ਉਨ੍ਹਾਂ ਨੂੰ 3-6, 4-6, 6-3, 6-4, 6-4 ਨਾਲ ਹਰਾ ਦਿੱਤਾ।
ਸਵਿਆਤੇਕ ਤੇ ਸਬਾਲੇਂਕਾ ਪ੍ਰੀ-ਕੁਆਰਟਰ ਫਾਈਨਲ ’ਚ
ਅੱਠਵੀਂ ਵਰੀਅਤਾ ਪ੍ਰਾਪਤ ਇਗਾ ਸਵਿਆਤੇਕ ਨੇ ਇੱਕ ਹੋਰ ਸ਼ਾਨਦਾਰ ਜਿੱਤ ਦਰਜ ਕੀਤੀ। ਮਹਿਲਾ ਵਰਗ ਦੇ ਤੀਜੇ ਦੌਰ ’ਚ ਅੱਠ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸਵਿਆਤੇਕ ਨੇ ਚੈਕ ਗਣਰਾਜ ਦੀ ਮੈਰੀ ਬੋਜ਼ਕੋਵਾ ਨੂੰ 7-6(3), 7-6(3) ਨਾਲ ਹਰਾ ਕੇ ਪ੍ਰੀ-ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ। ਹੁਣ ਉਨ੍ਹਾਂ ਦਾ ਸਾਹਮਣਾ ਚੀਨ ਦੀ ਝੇਂਗ ਕਿਨਵੈਨ ਨਾਲ ਹੋਵੇਗਾ। ਇਸੇ ਤਰ੍ਹਾਂ, ਮੌਜੂਦਾ ਚੈਂਪੀਅਨ ਏਰੀਨਾ ਸਬਾਲੇਂਕਾ ਵੀ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਉਨ੍ਹਾਂ ਨੇ ਪ੍ਰੀ-ਕੁਆਰਟਰ ਫਾਈਨਲ ’ਚ ਅਮਰੀਕਾ ਦੀ ਟੇਲਰ ਟਾਊਨਸੈਂਡ ਨੂੰ 6-4, 6-3 ਨਾਲ ਹਰਾ ਕੇ ਆਸਾਨ ਜਿੱਤ ਦਰਜ ਕੀਤੀ। ਦੋ ਵਾਰ ਦੀ US Open ਚੈਂਪੀਅਨ ਤੇ 13ਵੀਂ ਵਰੀਅਤਾ ਪ੍ਰਾਪਤ ਨਾਓਮੀ ਓਸਾਕਾ ਨੇ ਬੈਲਜੀਅਮ ਦੀ ਐਲੀਸ ਮਰਟੈਂਸ ਨੂੰ 6-3, 3-6, 7-5 ਨਾਲ ਹਰਾਇਆ। ਇਸ ਮੈਚ ’ਚ ਓਸਾਕਾ ਨੂੰ ਸਖ਼ਤ ਚੁਣੌਤੀ ਮਿਲੀ ਤੇ ਦੂਜਾ ਸੈੱਟ ਗੁਆਉਣ ਦੌਰਾਨ ਉਨ੍ਹਾਂ ਦੀ ਨਿਰਾਸ਼ਾ ਸਾਫ਼ ਦਿਖਾਈ ਦਿੱਤੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਮੈਚ 'ਤੇ ਮੁੜ ਕਾਬੂ ਪਾ ਲਿਆ ਤੇ ਜਿੱਤ ਦਰਜ ਕੀਤੀ।
ਚੌਥੀ ਵਰੀਅਤਾ ਪ੍ਰਾਪਤ ਕੋਕੋ ਗੌਫ ਨੇ ਇਸ ਤੋਂ ਪਹਿਲਾਂ ਸਪੇਨ ਦੀ ਕ੍ਰਿਸਟੀਨਾ ਬੁਕਸਾ ਨੂੰ 6-3, 6-4 ਨਾਲ ਆਸਾਨੀ ਨਾਲ ਹਰਾ ਦਿੱਤਾ। ਦੂਜੀ ਵਰੀਅਤਾ ਪ੍ਰਾਪਤ ਏਲੇਨਾ ਰਿਬਾਕੀਨਾ ਦਾ ਸਫ਼ਰ ਵੀ ਜਾਰੀ ਰਿਹਾ। ਉਨ੍ਹਾਂ ਨੇ ਯੂਕਰੇਨ ਦੀ ਯੂਲੀਆ ਸਟਾਰੋਦੁਬਤਸੇਵਾ ਨੂੰ 7-6(6), 6-3 ਨਾਲ ਮਾਤ ਦਿੱਤੀ। ਫਰੈਂਚ ਓਪਨ ਚੈਂਪੀਅਨ ਮੀਰਾ ਆਂਦਰੀਵਾ ਨੇ ਚੈਕ ਗਣਰਾਜ ਦੀ ਨਿਕੋਲਾ ਬਾਰਤੁੰਕੋਵਾ ਨੂੰ 6-2, 7-6(5) ਨਾਲ ਹਰਾਇਆ।
ਮੈਜ਼ਬਾਨ ਦੇਸ਼ ਦੀ 22ਵੀਂ ਵਰੀਅਤਾ ਪ੍ਰਾਪਤ ਮੈਡਿਸਨ ਕੀਜ਼ ਤੇ 10ਵੀਂ ਵਰੀਅਤਾ ਪ੍ਰਾਪਤ ਅਮਾਂਡਾ ਅਨਿਸਿਮੋਵਾ ਨੂੰ ਤੀਜੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਫਲਸ਼ਿੰਗ ਮੀਡੋਜ਼ ’ਚ ਘਰੇਲੂ ਪ੍ਰਸ਼ੰਸਕਾਂ ਨੂੰ ਇੱਕ ਵਾਰ ਫਿਰ ਨਿਰਾਸ਼ਾ ਹੋਈ। ਚੀਨ ਦੀ ਝੇਂਗ ਕਿਨਵੈਨ ਨੇ ਕੀਜ਼ ਨੂੰ 1-6, 7-6(3), 7-5 ਨਾਲ ਹਰਾਇਆ। ਉੱਥੇ ਹੀ, 10ਵੀਂ ਵਰੀਅਤਾ ਪ੍ਰਾਪਤ ਅਨਿਸਿਮੋਵਾ ਨੂੰ ਆਸਟ੍ਰੀਆ ਦੀ ਅਨਾਸਤਾਸੀਆ ਪੋਤਾਪੋਵਾ ਨੇ 6-2, 7-5 ਨਾਲ ਹਰਾ ਦਿੱਤਾ।
ਯੂਕੀ ਭਾਂਬਰੀ ਤੇ ਅਨਿਰੁੱਧ ਚੰਦਰਸ਼ੇਖਰ ਹਾਰੇ
ਭਾਰਤ ਦੇ ਯੂਕੀ ਭਾਂਬਰੀ ਤੇ ਅਨਿਰੁੱਧ ਚੰਦਰਸ਼ੇਖਰ ਨੂੰ ਪੁਰਸ਼ ਡਬਲਜ਼ ਦੇ ਪਹਿਲੇ ਦੌਰ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਦੋਵਾਂ ਖਿਡਾਰੀਆਂ ਦਾ US Open ’ਚ ਸਫ਼ਰ ਖ਼ਤਮ ਹੋ ਗਿਆ। ਭਾਂਬਰੀ ਤੇ ਉਨ੍ਹਾਂ ਦੇ ਨਿਊਜ਼ੀਲੈਂਡ ਦੇ ਜੋੜੀਦਾਰ ਮਾਈਕਲ ਵੀਨਸ ਨੂੰ ਅਮਰੀਕਾ ਦੀ ਰਿਆਨ ਸੇਗਮੈਨ ਤੇ ਪੈਟ੍ਰਿਕ ਟ੍ਰਹਾਕ ਦੀ ਜੋੜੀ ਨੇ ਸਖ਼ਤ ਮੁਕਾਬਲੇ ’ਚ 7-6(4), 7-6(3) ਨਾਲ ਹਰਾਇਆ। ਇਹ ਹਾਰ ਭਾਂਬਰੀ ਤੇ ਵੀਨਸ ਲਈ ਖ਼ਾਸ ਤੌਰ 'ਤੇ ਨਿਰਾਸ਼ਾਜਨਕ ਰਹੀ, ਕਿਉਂਕਿ ਦੋਵੇਂ ਪਿਛਲੇ ਸਾਲ US Open ਦੇ ਸੈਮੀਫਾਈਨਲ ਤੱਕ ਪਹੁੰਚੇ ਸਨ।
ਅਨਿਰੁੱਧ ਚੰਦਰਸ਼ੇਖਰ ਤੇ ਉਨ੍ਹਾਂ ਦੇ ਬੇਲਾਰੂਸ ਦੇ ਜੋੜੀਦਾਰ ਇਵਾਨ ਲਿਊਤਾਰੇਵਿਚ ਨੂੰ ਵੀ ਪਹਿਲੇ ਦੌਰ ’ਚ ਸਖ਼ਤ ਮੁਕਾਬਲੇ ਤੋਂ ਬਾਅਦ ਹਾਰ ਮਿਲੀ। ਬ੍ਰਿਟੇਨ ਦੇ ਆਰਥਰ ਫੇਰੀ ਤੇ ਜੋਸ਼ੂਆ ਪੈਰਿਸ ਨੇ ਉਨ੍ਹਾਂ ਨੂੰ 4-6, 7-5, 4-6 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾਈ।