ਫੁੱਟਬਾਲ ਮੈਚ 'ਚ ਉਰੂਗਵੇ ਦਾ ਸ਼ਿੰਕਜਾ, ਭਾਰਤੀ ਟੀਮ ਨੂੰ 6-1 ਗੋਲਾਂ ਨਾਲ ਕਰਾਰੀ ਹਾਰ ਦਾ ਕਰਨਾ ਪਿਆ ਸਾਹਮਣਾ
ਭਾਰਤ ਲਈ ਇੱਕੋ ਇੱਕ ਤਸੱਲੀ ਅਨਿਰੁਧ ਥਾਪਾ ਦਾ ਗੋਲ ਸੀ। ਥਾਪਾ ਉਰੂਗਵੇ ਖਿਲਾਫ ਗੋਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1982 ਦੇ ਨਹਿਰੂ ਕੱਪ ’ਚ ਮਾਨਸ ਭੱਟਾਚਾਰੀਆ ਨੇ ਈਡਨ ਗਾਰਡਨ ਸਟੇਡੀਅਮ 'ਚ ਉਰੂਗਵੇ ਖਿਲਾਫ ਗੋਲ ਕੀਤਾ ਸੀ।
Publish Date: Wed, 07 Oct 2026 11:28 AM (IST)
Updated Date: Wed, 07 Oct 2026 11:34 AM (IST)
ਵਿਸ਼ਾਲ ਸ਼੍ਰੇਸ਼ਠ, ਜਾਗਰਣ, ਕੋਲਕਾਤਾ : ਮੰਗਲਵਾਰ ਰਾਤ ਨੂੰ ਸਾਲਟ ਲੇਕ ਸਟੇਡੀਅਮ ’ਚ ਪਹਿਲਾਂ ਆਸਮਾਨ ’ਚ ਬਿਜਲੀ ਚਮਕੀ, ਫਿਰ ਉਰੂਗਵੇ ਨੇ ਗੋਲ ਕੀਤੇ। ਬ੍ਰਾਜ਼ੀਲ (4-0) ਤੋਂ ਬਾਅਦ ਉਰੂਗਵੇ ਨੇ ਵੀ ਭਾਰਤੀ ਟੀਮ ਨੂੰ ਅੰਤਰਰਾਸ਼ਟਰੀ ਫੁੱਟਬਾਲ 'ਚ ਆਪਣੀ ਸਥਿਤੀ ਤੋਂ ਜਾਣੂ ਕਰਵਾਇਆ। ਉਰੂਗਵੇ ਨੇ ਭਾਰਤੀ ਟੀਮ ਨੂੰ 6-1 ਨਾਲ ਹਰਾਇਆ। ਭਾਰਤ ਲਈ ਇੱਕੋ ਇੱਕ ਤਸੱਲੀ ਅਨਿਰੁਧ ਥਾਪਾ ਦਾ ਗੋਲ ਸੀ। ਥਾਪਾ ਉਰੂਗਵੇ ਖਿਲਾਫ ਗੋਲ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ 1982 ਦੇ ਨਹਿਰੂ ਕੱਪ ’ਚ ਮਾਨਸ ਭੱਟਾਚਾਰੀਆ ਨੇ ਈਡਨ ਗਾਰਡਨ ਸਟੇਡੀਅਮ 'ਚ ਉਰੂਗਵੇ ਖਿਲਾਫ ਗੋਲ ਕੀਤਾ ਸੀ।
ਉਰੂਗਵੇ ਨੇ ਸੁੱਟੀ ਬਿਜਲੀ ਥਾਪਾ ਦੇ ਗੋਲ ਨਾਲ 1-1 ਦੀ ਬਰਾਬਰੀ ਕਰਨ ਵਾਲੇ ਭਾਰਤ ਨੇ ਸ਼ੁਰੂਆਤ ’ਚ ਚੰਗਾ ਪ੍ਰਦਰਸ਼ਨ ਕੀਤਾ ਪਰ ਬਿਜਲੀ ਕੜਕਣ ਕਾਰਨ ਕਰੀਬ 30 ਮਿੰਟ ਤੱਕ ਖੇਡ ਰੁਕਣ ਤੋਂ ਬਾਅਦ ਜਦੋਂ ਭਾਰਤੀ ਖਿਡਾਰੀ ਮੈਦਾਨ ’ਤੇ ਪਰਤੇ ਤਾਂ ਉਹ ਆਪਣੀ ਲੈਅ ਗੁਆਉਣ ਲੱਗੇ। ਉਰੂਗਵੇ ਹੌਲੀ-ਹੌਲੀ ਮੈਚ ’ਤੇ ਹਾਵੀ ਹੋ ਗਿਆ। ਭਾਰਤ ਦੀ ਬੁਰੀ ਹਾਰ ਦਾ ਇਕ ਹੋਰ ਵੱਡਾ ਕਾਰਨ ਉਨ੍ਹਾਂ ਦੀ ਖਰਾਬ ਗੋਲਕੀਪਿੰਗ ਸੀ। ਇਸ ਮੈਚ ’ਚ ਕਪਤਾਨ ਗੁਰਪ੍ਰੀਤ ਸਿੰਘ ਸੰਧੂ ਨੇ ਕਈ ਗਲਤੀਆਂ ਕੀਤੀਆਂ। ਦੂਜੇ ਪਾਸੇ ਉਰੂਗੁਏ ਦੇ ਗੋਲਕੀਪਰ ਥਿਆਗੋ ਕਾਰਡੋਜ਼ੋ ਨੇ ਦਿਖਾਇਆ ਕਿ ਅੰਤਰਰਾਸ਼ਟਰੀ ਪੱਧਰ 'ਤੇ ਗੋਲਕੀਪਿੰਗ ਕਿਵੇਂ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਉਰੂਗਵੇ ਨੇ ਖੇਡ ਦੀ ਸ਼ੁਰੂਆਤ ਤੋਂ ਹੀ ਹਮਲੇ ਸ਼ੁਰੂ ਕਰ ਦਿੱਤੇ ਸਨ।
ਭਾਰਤੀ ਟੀਮ ਨੇ ਵੀ ਜਵਾਬੀ ਹਮਲਾ ਕੀਤਾ ਪਰ 10ਵੇਂ ਮਿੰਟ 'ਚ ਪਰਮਵੀਰ ਨੇ ਉਰੂਗਵੇ ਦੇ ਫੇਡਰਿਕੋ ਵਿਨਾਸ ਨੂੰ ਆਪਣੇ ਬਾਕਸ 'ਚ ਆਊਟ ਕਰ ਦਿੱਤਾ। ਰੈਫਰੀ ਨੇ ਉਰੂਗਵੇ ਨੂੰ ਪੈਨਲਟੀ ਦਿੱਤੀ। ਨੁਨੇਜ਼ ਨੇ ਪੈਨਲਟੀ ਕਿੱਕ 'ਤੇ ਗੋਲ ਕਰ ਕੇ ਉਰੂਗਵੇ ਨੂੰ 1-0 ਦੀ ਬੜ੍ਹਤ ਦਿਵਾਈ। ਪਛੜਨ ਤੋਂ ਬਾਅਦ ਭਾਰਤ ਹੋਰ ਹਮਲਾਵਰ ਹੋ ਗਿਆ। 22ਵੇਂ ਮਿੰਟ 'ਚ ਰਿਆਨ ਵਿਲੀਅਮਸ ਨੇ ਬਾਕਸ ਦੇ ਬਾਹਰ ਤੋਂ ਜ਼ਬਰਦਸਤ ਸ਼ਾਟ ਲਾਇਆ। ਉਰੂਗਵੇ ਦੇ ਗੋਲਕੀਪਰ ਦੇ ਹੱਥਾਂ ਨਾਲ ਲੱਗ ਕੇ ਬਾਲ ਨਿਕਲ ਗਈ। ਮੌਕੇ 'ਤੇ ਮੌਜੂਦ ਥਾਪਾ ਨੇ ਰੀਬਾਉਂਡ ਨੇ ਕੋਈ ਗਲਤੀ ਨਹੀਂ ਕੀਤੀ ਤੇ ਗੇਂਦ ਨੂੰ ਗੋਲ ਪੋਸਟ 'ਚ ਪਾ ਕੇ ਭਾਰਤ ਨੂੰ 1-1 ਨਾਲ ਬਰਾਬਰੀ ਦਿਵਾਈ। ਇਸ ਤੋਂ ਬਾਅਦ ਬਿਜਲੀ ਕੜਕਣ ਕਾਰਨ ਖੇਡ ਰੁਕ ਗਈ ਤੇ ਜਦੋਂ ਮੈਚ ਦੁਬਾਰਾ ਸ਼ੁਰੂ ਹੋਇਆ ਤਾਂ ਉਰੂਗਵੇ ਨੇ ਭਾਰਤ ਨੂੰ ਖੇਡ ਤੋਂ ਬਾਹਰ ਕਰ ਦਿੱਤਾ। ਮੈਕਸੀ ਅਰਾਹੋ ਨੇ ਦੋ ਗੋਲ ਕੀਤੇ। ਉਰੂਗਵੇ ਪਹਿਲੇ ਹਾਫ ਤੱਕ 2-1 ਗੋਲਾਂ ਨਾਲ ਅੱਗੇ ਸੀ ਪਰ ਦੂਜੇ ਹਾਫ ’ਚ ਉਹ ਪੂਰੀ ਤਰ੍ਹਾਂ ਹਾਵੀ ਹੋ ਗਿਆ ਤੇ ਚਾਰ ਗੋਲ ਕੀਤੇ। ਅਰਾਉਹੋ ਨੇ ਆਪਣਾ ਦੂਜਾ ਤੇ ਰੋਡਰੀਗੋ, ਐਗੁਏਰੇ ਤੇ ਸਾਨਾਬ੍ਰੀਆ ਨੇ ਇੱਕ-ਇੱਕ ਗੋਲ ਕੀਤਾ।