- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀਆਂ ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰਾਂ ਕ੍ਰਮਵਾਰ ਅਨਵੈ ਦ੍ਰਾਵਿੜ ਤੇ ਆਰਿਆਵੀਰ ਸਹਿਵਾਗ ਨੂੰ ਅੰਡਰ-19 ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ।

ਨਵੀਂ ਦਿੱਲੀ, ਪੀਟੀਆਈ : ਭਾਰਤੀ ਕ੍ਰਿਕਟ ਦੇ ਦਿੱਗਜ਼ ਖਿਡਾਰੀਆਂ ਰਾਹੁਲ ਦ੍ਰਾਵਿੜ ਤੇ ਵਰਿੰਦਰ ਸਹਿਵਾਗ ਦੇ ਪੁੱਤਰਾਂ ਕ੍ਰਮਵਾਰ ਅਨਵੈ ਦ੍ਰਾਵਿੜ ਤੇ ਆਰਿਆਵੀਰ ਸਹਿਵਾਗ ਨੂੰ ਅੰਡਰ-19 ਏਸ਼ੀਆ ਕੱਪ ਲਈ ਸ਼ੁੱਕਰਵਾਰ ਨੂੰ ਐਲਾਨੀ ਗਈ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਏਸ਼ੀਅਨ ਕ੍ਰਿਕਟ ਕੌਂਸਲ ਦਾ ਇਹ ਅੰਡਰ-19 ਏਸ਼ੀਆ ਕੱਪ, ਜੋ ਇੱਕ ਰੋਜ਼ਾ ਫਾਰਮੈਟ ’ਚ ਖੇਡਿਆ ਜਾਵੇਗਾ, ਓਮਾਨ ਦੀ ਰਾਜਧਾਨੀ ਮਸਕਟ ’ਚ 5 ਤੋਂ 14 ਨਵੰਬਰ ਤੱਕ ਆਯੋਜਿਤ ਹੋਵੇਗਾ। ਕਰਨਾਟਕ ਦੀ ਨੁਮਾਇੰਦਗੀ ਕਰਨ ਵਾਲੇ ਅਨਵੈ ਅਤੇ ਦਿੱਲੀ ਦੇ ਆਰਿਆਵੀਰ ਨੇ ਹਾਲ ਹੀ ’ਚ ਸਮਾਪਤ ਹੋਈ ‘ਵਿਨੂ ਮਾਨਕਡ ਟਰਾਫੀ’ ’ਚ ਆਪਣੀ ਹਮਲਾਵਰ ਬੱਲੇਬਾਜ਼ੀ ਨਾਲ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਮਹੀਨੇ ਦੀ ਸ਼ੁਰੂਆਤ ’ਚ 17 ਸਾਲਾ ਅਨਵੈ ਨੇ ਅੰਡਰ-19 ਟੂਰਨਾਮੈਂਟ ਦੌਰਾਨ ਗੁਜਰਾਤ ਵਿਰੁੱਧ ਸਿਰਫ਼ 100 ਗੇਂਦਾਂ ’ਤੇ 151 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਦੀ ਮਦਦ ਨਾਲ ਕਰਨਾਟਕ 300 ਤੋਂ ਵੱਧ ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਨ ’ਚ ਕਾਮਯਾਬ ਰਿਹਾ।
ਇਸ ਤੋਂ ਪਹਿਲਾਂ ਜੁਲਾਈ ’ਚ ਉਸ ਨੇ ਹੰਬਨਟੋਟਾ (ਸ੍ਰੀਲੰਕਾ) ਵਿਖੇ ਇੱਕ ਯੂਥ ਵਨ-ਡੇ ਮੈਚ ’ਚ ਵੀ ਆਪਣੀ ਪ੍ਰਤਿਭਾ ਦਿਖਾਈ ਸੀ, ਜਿੱਥੇ ਉਸ ਨੇ 67 ਗੇਂਦਾਂ ’ਤੇ 87 ਦੌੜਾਂ ਬਣਾਈਆਂ ਸਨ। 19 ਸਾਲਾ ਆਰਿਆਵੀਰ ਸਹਿਵਾਗ ਨੇ ਵੀ ‘ਵਿਨੂ ਮਾਨਕਡ ਟਰਾਫੀ’ ’ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵਿਜ਼ਿਆਨਗਰਮ ’ਚ ਚੰਡੀਗੜ੍ਹ ਵਿਰੁੱਧ 143 ਗੇਂਦਾਂ ’ਤੇ 173 ਦੌੜਾਂ ਬਣਾਈਆਂ। ਲਕਸ਼ਯ ਰਾਏਚੰਦਾਨੀ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਯਸ਼ਵਰਧਨ ਸਿੰਘ ਚੌਹਾਨ ਉਪ-ਕਪਤਾਨ ਦੀ ਭੂਮਿਕਾ ਨਿਭਾਉਣਗੇ। ਭਾਰਤ ਨੂੰ ਪਾਕਿਸਤਾਨ, ਨੇਪਾਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਨਾਲ ਗਰੁੱਪ-ਏ ’ਚ ਰੱਖਿਆ ਗਿਆ ਹੈ। ਗਰੁੱਪ-ਬੀ ’ਚ ਬੰਗਲਾਦੇਸ਼, ਸ੍ਰੀਲੰਕਾ, ਅਫਗਾਨਿਸਤਾਨ ਤੇ ਮਲੇਸ਼ੀਆ ਸ਼ਾਮਲ ਹਨ। ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ’ਚ ਪਹੁੰਚਣਗੀਆਂ।