- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਏਸ਼ੀਆ ਕੱਪ 2026: ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਖੇਡੇ ਗਏ ਫਾਈਨਲ ਮੈਚ ਤੋਂ ਬਾਅਦ ਫੈਨਜ਼ ਨੇ ਮੋਹਸਿਨ ਨਕਵੀ ਨੂੰ ਚਿੜ੍ਹਾਇਆ ਤੇ ਉਨ੍ਹਾਂ ਨੂੰ 'ਟਰਾਫੀ ਚੋਰ' ਕਹਿ ਕੇ ਨਾਅਰੇ ਲਗਾਏ।

ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (PCB) ਤੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਚੇਅਰਮੈਨ ਮੋਹਸਿਨ ਨਕਵੀ ਦੀ ਇੱਕ ਵਾਰ ਫਿਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ। ਮਹਿਲਾ ਏਸ਼ੀਆ ਕੱਪ ਦਾ ਫਾਈਨਲ ਬੀਤੀ ਰਾਤ ਦੁਬਈ ’ਚ ਖੇਡਿਆ ਗਿਆ, ਜਿੱਥੇ ਸਟੇਡੀਅਮ ’ਚ ਮੌਜੂਦ ਭਾਰਤੀ ਫੈਨਜ਼ ਨੇ ਨਕਵੀ ਨੂੰ ਘੇਰ ਲਿਆ। ਫੈਨਜ਼ ਨੇ ਨਕਵੀ ਨੂੰ 'ਟਰਾਫੀ ਚੋਰ' ਕਹਿ ਕੇ ਨਾਅਰੇਬਾਜ਼ੀ ਕੀਤੀ। ਮੈਚ ਤੋਂ ਬਾਅਦ ਨਕਵੀ ਚੁੱਪਚਾਪ ਆਪਣੀ ਗੱਡੀ ’ਚ ਬੈਠ ਕੇ ਉੱਥੋਂ ਚਲੇ ਗਏ।
ਭਾਰਤ ਨੇ ਏਸ਼ੀਆ ਕੱਪ ਦੇ ਫਾਈਨਲ ’ਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਅੱਠਵੀਂ ਵਾਰ ਖਿਤਾਬ ਆਪਣੇ ਨਾਮ ਕੀਤਾ। ਜਿੱਤ ਤੋਂ ਬਾਅਦ ਜਦੋਂ ਭਾਰਤੀ ਟੀਮ ਨੂੰ ਪਤਾ ਲੱਗਾ ਕਿ ਨਕਵੀ ਹੀ ਉਸ ਨੂੰ ਟਰਾਫੀ ਦੇਣਗੇ ਤਾਂ ਟੀਮ ਨੇ ਟਰਾਫੀ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਲਾਂਕਿ, ਨਕਵੀ ਨੇ ਉਪਵਿਜੇਤਾ ਟੀਮ ਸ਼੍ਰੀਲੰਕਾ ਨੂੰ ਚੈੱਕ ਜ਼ਰੂਰ ਦਿੱਤਾ ਤੇ ਕੁਝ ਸਮੇਂ ਲਈ ਸਟੇਜ ’ਤੇ ਵੀ ਖੜ੍ਹੇ ਰਹੇ, ਪਰ ਇਸ ਤੋਂ ਬਾਅਦ ਉੱਥੋਂ ਚਲੇ ਗਏ।
ਫੈਨਜ਼ ਨੇ ਲਗਾਏ ਨਾਅਰੇ
ਸੋਸ਼ਲ ਮੀਡੀਆ ’ਤੇ ਇਸ ਸਮੇਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਭਾਰਤੀ ਟੀਮ ਦੀ ਜਰਸੀ ਪਹਿਨੇ ਫੈਨਜ਼ ਨਕਵੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਨੂੰ 'ਟਰਾਫੀ ਚੋਰ, ਟਰਾਫੀ ਚੋਰ' ਕਹਿ ਕੇ ਚਿੜ੍ਹਾ ਰਹੇ ਹਨ। ਇਹ ਫੈਨਜ਼ ਸਟੇਜ ਤੋਂ ਕਾਫ਼ੀ ਦੂਰ ਬੈਠੇ ਸਨ, ਪਰ ਲਗਾਤਾਰ ਸਟੇਜ ਵੱਲ ਨਾਅਰੇ ਲਗਾ ਰਹੇ ਸਨ।
ਪਿਛਲੇ ਸਾਲ ਪੁਰਸ਼ ਏਸ਼ੀਆ ਕੱਪ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਫਾਈਨਲ ’ਚ ਪਾਕਿਸਤਾਨ ਨੂੰ ਹਰਾਇਆ ਸੀ ਤੇ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਨਕਵੀ ਟਰਾਫੀ ਆਪਣੇ ਨਾਲ ਲੈ ਕੇ ਚਲੇ ਗਏ ਸਨ। ਇਸੇ ਕਾਰਨ ਨਕਵੀ ਨੂੰ 'ਟਰਾਫੀ ਚੋਰ' ਕਿਹਾ ਜਾਣ ਲੱਗਾ ਤੇ ਭਾਰਤੀ ਫੈਨਜ਼ ਉਨ੍ਹਾਂ ਨੂੰ ਇਸੇ ਨਾਮ ਨਾਲ ਚਿੜ੍ਹਾਉਂਦੇ ਹਨ।
BCCI ਨੇ ਕੀਤਾ ਸੀ ਮਨ੍ਹਾ
ਭਾਰਤੀ ਟੀਮ ਦੇ ਕੋਚ ਅਮੋਲ ਮਜੂਮਦਾਰ ਨੇ ਮੈਚ ਤੋਂ ਬਾਅਦ ਦੱਸਿਆ ਕਿ BCCI ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਜੇਕਰ ਨਕਵੀ ਟਰਾਫੀ ਦਿੰਦੇ ਹਨ ਤਾਂ ਟੀਮ ਨੇ ਉਹ ਟਰਾਫੀ ਨਹੀਂ ਲੈਣੀ। ਭਾਰਤੀ ਟੀਮ ਨੇ ਇਸ ਫ਼ੈਸਲੇ ਦੀ ਪਾਲਣਾ ਕੀਤੀ।
BCCI ਸਕੱਤਰ ਦੇਵਜੀਤ ਸੈਕੀਆ ਨੇ 'ਸਪੋਰਟਸ ਟੁਡੇ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਕਵੀ ਤੋਂ ਟਰਾਫੀ ਨਾ ਲੈਣ ਦਾ ਫ਼ੈਸਲਾ ਦੇਸ਼ ਦੇ ਲੋਕਾਂ ਦੇ ਸਨਮਾਨ ਨੂੰ ਧਿਆਨ ’ਚ ਰੱਖਦਿਆਂ ਤੇ ਪਿਛਲੇ ਸਾਲ ਪੁਰਸ਼ ਟੀਮ ਨੂੰ ਟਰਾਫੀ ਨਾ ਮਿਲਣ ਦੀ ਘਟਨਾ ਕਾਰਨ ਲਿਆ ਗਿਆ।