- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਸਟ ਜ਼ੋਨ ਦੀ ਕਪਤਾਨੀ ਈਸ਼ਾਨ ਕਿਸ਼ਨ ਕਰ ਰਹੇ ਸਨ, ਪਰ ਉਨ੍ਹਾਂ ਤੋਂ ਜ਼ਿਆਦਾ ਚਰਚਾ ਉਪ-ਕਪਤਾਨ ਵੈਭਵ ਸੂਰਿਆਵੰਸ਼ੀ ਦੀ ਰਹੀ। ਵੈਭਵ ਇਸ ਮੈਚ ’ਚ ਬੱਲੇ ਨਾਲੋਂ ਜ਼ਿਆਦਾ ਮੈਦਾਨ ’ਤੇ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ ’ਚ ਰਹੇ।

ਸਪੋਰਟਸ ਡੈਸਕ, ਨਵੀਂ ਦਿੱਲੀ : ਦਲੀਪ ਟਰਾਫੀ ਦਾ ਫਾਈਨਲ ਹੋ ਚੁੱਕਾ ਹੈ। ਈਸਟ ਜ਼ੋਨ ਨੇ ਸਾਊਥ ਜ਼ੋਨ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਈਸਟ ਜ਼ੋਨ ਦੀ ਕਪਤਾਨੀ ਈਸ਼ਾਨ ਕਿਸ਼ਨ ਕਰ ਰਹੇ ਸਨ, ਪਰ ਉਨ੍ਹਾਂ ਤੋਂ ਜ਼ਿਆਦਾ ਚਰਚਾ ਉਪ-ਕਪਤਾਨ ਵੈਭਵ ਸੂਰਿਆਵੰਸ਼ੀ ਦੀ ਰਹੀ। ਵੈਭਵ ਇਸ ਮੈਚ ’ਚ ਬੱਲੇ ਨਾਲੋਂ ਜ਼ਿਆਦਾ ਮੈਦਾਨ ’ਤੇ ਆਪਣੀਆਂ ਹਰਕਤਾਂ ਕਾਰਨ ਸੁਰਖੀਆਂ ’ਚ ਰਹੇ। ਅਜਿਹਾ ਹੀ ਇੱਕ ਮਾਮਲਾ ਸਾਊਥ ਜ਼ੋਨ ਦੇ ਕਪਤਾਨ ਤਿਲਕ ਵਰਮਾ ਨਾਲ ਜੁੜਿਆ ਹੈ। ਮੈਚ ਦੌਰਾਨ ਦੋਵੇਂ ਖਿਡਾਰੀ ਦੋ ਵਾਰ ਆਹਮੋ-ਸਾਹਮਣੇ ਹੋਏ। ਸਾਊਥ ਜ਼ੋਨ ਵੱਲੋਂ ਤਿਲਕ ਵਰਮਾ ਨੇ ਪੂਰਾ ਜ਼ੋਰ ਲਾਇਆ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਹਾਲਾਂਕਿ, ਤਿਲਕ ਤੇ ਵੈਭਵ ਵਿਚਾਲੇ ਹੋਈ ਮਜ਼ਾਕੀਆ ਨੋਕ-ਝੋਕ, ਇੱਕ-ਦੂਜੇ ਨੂੰ ਅੱਖਾਂ ’ਚ ਅੱਖਾਂ ਪਾ ਕੇ ਦੇਖਣਾ ਤੇ ਛੇੜਛਾੜ ਚਰਚਾ ਦਾ ਕੇਂਦਰ ਬਣ ਗਈ।
ਵੈਭਵ ਨੇ ਕੀਤੀ ਸ਼ਿਕਾਇਤ
ਈਸਟ ਜ਼ੋਨ ਦੀ ਪਹਿਲੀ ਪਾਰੀ ’ਚ ਜਦੋਂ ਵੈਭਵ ਬੱਲੇਬਾਜ਼ੀ ਕਰ ਰਹੇ ਸਨ, ਉਦੋਂ ਤਿਲਕ ਵਰਮਾ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ ਤੇ ਸਲੇਜਿੰਗ ਕਰ ਰਹੇ ਸਨ। ਦੋਵੇਂ ਇੱਕ-ਦੂਜੇ ਨਾਲ ਟਕਰਾ ਵੀ ਗਏ ਸਨ ਤੇ ਫਿਰ ਇੱਕ-ਦੂਜੇ ਨੂੰ ਘੂਰਦੇ ਨਜ਼ਰ ਆਏ। ਜਦੋਂ ਮੈਚ ਦੇ ਚੌਥੇ ਦਿਨ ਤਿਲਕ ਬੱਲੇਬਾਜ਼ੀ ਕਰਨ ਆਏ ਤਾਂ ਵੈਭਵ ਨੇ ਉਨ੍ਹਾਂ ਨੂੰ ਸਲੇਜ ਕਰਨਾ ਸ਼ੁਰੂ ਕਰ ਦਿੱਤਾ। ਉਹ ਤਿਲਕ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੇ ਸਨ ਤੇ ਉਨ੍ਹਾਂ ਨੂੰ ਕੁਝ ਕਹਿ ਰਹੇ ਸਨ। ਇਸ ਤੋਂ ਬਾਅਦ ਤਿਲਕ ਨੇ ਅੰਪਾਇਰ ਕੋਲ ਵੈਭਵ ਦੀ ਸ਼ਿਕਾਇਤ ਕੀਤੀ। ਇਸ ’ਤੇ ਵੈਭਵ ਨੇ ਜੋ ਜਵਾਬ ਦਿੱਤਾ, ਉਹ ਇਸ ਸਮੇਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੈਭਵ ਨੇ ਕਿਹਾ, “ਸਰ, ਫਰਸਟ ਇਨਿੰਗਜ਼ ’ਚ ਮੇਰੇ ਨਾਲ ਵੀ ਇਹੋ ਜਿਹਾ ਹੋਇਆ ਸੀ। ਮੇਰੀ ਗਲਤੀ ਨਹੀਂ ਹੈ।”
ਮਸਤੀ ਦੇ ਮੂਡ ’ਚ ਸਨ ਦੋਵੇਂ
ਵੈਭਵ ਤੇ ਤਿਲਕ ਵਿਚਾਲੇ ਜੋ ਕੁਝ ਵੀ ਹੋਇਆ, ਉਹ ਗੰਭੀਰ ਮਾਮਲਾ ਨਹੀਂ ਲੱਗ ਰਿਹਾ ਸੀ। ਪਹਿਲਾਂ ਤਿਲਕ ਵੱਡੇ ਹੋਣ ਦੇ ਨਾਤੇ ਵੈਭਵ ਨਾਲ ਮਸਤੀ ਕਰ ਰਹੇ ਸਨ ਤੇ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੇ ਸਨ। ਇਸੇ ਤਰ੍ਹਾਂ ਵੈਭਵ ਨੇ ਵੀ ਬਾਅਦ ’ਚ ਤਿਲਕ ਨਾਲ ਮਜ਼ਾਕ ਕੀਤਾ। ਜਦੋਂ ਵੈਭਵ ਤਿਲਕ ਨੂੰ ਪਰੇਸ਼ਾਨ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਹਲਕੀ ਮੁਸਕਾਨ ਵੀ ਦੇਖੀ ਜਾ ਸਕਦੀ ਸੀ। ਉੱਥੇ ਹੀ ਜਦੋਂ ਤਿਲਕ ਨੇ ਵੈਭਵ ਦੀ ਸ਼ਿਕਾਇਤ ਕੀਤੀ ਤਾਂ ਉਹ ਵੀ ਮਸਤੀ ਦੇ ਅੰਦਾਜ਼ ’ਚ ਹੀ ਨਜ਼ਰ ਆਏ। ਵੈਭਵ ਮਹਿਜ਼ 15 ਸਾਲ ਦੇ ਖਿਡਾਰੀ ਹਨ ਤੇ ਕਈ ਸੀਨੀਅਰ ਖਿਡਾਰੀ ਵੀ ਉਨ੍ਹਾਂ ਨਾਲ ਇਸੇ ਤਰ੍ਹਾਂ ਮਜ਼ਾਕ-ਮਸਤੀ ਕਰਦੇ ਨਜ਼ਰ ਆ ਚੁੱਕੇ ਹਨ। ਵੈਭਵ ਵੀ ਇਸ ਮਸਤੀ ਦਾ ਖੂਬ ਆਨੰਦ ਲੈਂਦੇ ਹਨ।