ਅੱਜ ਮੈਦਾਨ ’ਚ ਚੀਨ ਖ਼ਿਲਾਫ਼ ਉਤਰੇਗੀ ਭਾਰਤੀ ਹਾਕੀ ਟੀਮ, ਹਰਮਨਪ੍ਰੀਤ ਤੇ ਮਨਦੀਪ ’ਤੇ ਹੋਣਗੀਆਂ ਨਜ਼ਰਾਂ
ਏਸ਼ੀਅਨ ਹਾਕੀ ਚੈਪੀਅਨਜ਼ ਟਰਾਫੀ 2026 ਦੇ ਦੂਜੇ ਦਿਨ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਅੱਜ ਤਿੰਨ ਮੈਚ ਖੇਡੇ ਜਾਣਗੇ। ਭਾਵੇਂ ਕਿ ਸਾਰੀਆਂ ਟੀਮਾਂ ਦੇ ਮੈਚ ਰੋਮਾਂਚਕ ਹੋਣਗੇ ਪਰ ਭਾਰਤ ਚੀਨ ਵਿਚਾਲੇ ਖੇਡੇ ਜਾਣ ਵਾਲੇ ਮੈਚ ’ਤੇ ਹਰ ਕਿਸੇ ਦੀ ਨਜ਼ਰ ਹੋਵੇਗੀ
Publish Date: Thu, 29 Oct 2026 11:21 AM (IST)
Updated Date: Thu, 29 Oct 2026 11:31 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਏਸ਼ੀਅਨ ਹਾਕੀ ਚੈਪੀਅਨਜ਼ ਟਰਾਫੀ 2026 ਦੇ ਦੂਜੇ ਦਿਨ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਅੱਜ ਤਿੰਨ ਮੈਚ ਖੇਡੇ ਜਾਣਗੇ। ਭਾਵੇਂ ਕਿ ਸਾਰੀਆਂ ਟੀਮਾਂ ਦੇ ਮੈਚ ਰੋਮਾਂਚਕ ਹੋਣਗੇ ਪਰ ਭਾਰਤ ਚੀਨ ਵਿਚਾਲੇ ਖੇਡੇ ਜਾਣ ਵਾਲੇ ਮੈਚ ’ਤੇ ਹਰ ਕਿਸੇ ਦੀ ਨਜ਼ਰ ਹੋਵੇਗੀ। ਭਾਰਤੀ ਪੁਰਸ਼ ਹਾਕੀ ਟੀਮ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ ਵੀਰਵਾਰ ਨੂੰ ਚੀਨ ਖ਼ਿਲਾਫ਼ ਸ਼ਾਮ 7 ਵਜੇ ਮੈਦਾਨ ’ਚ ਉਤਰੇਗੀ। ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਜੋ ਗੁਰੂਨਗਰੀ ਅੰਮ੍ਰਿਤਸਰ ਦੇ ਹਨ ਤੇ ਓਲੰਪੀਅਨ ਮਨਦੀਪ ਸਿੰਘ ਜੋ ਜਲੰਧਰ ਦੇ ਮਿੱਠਾਪੁਰ ਦੇ ਹਨ, ਦੀ ਪਹਿਲੇ ਮੈਚ ’ਚ ਬੰਗਲਾਦੇਸ਼ ਖਿਲਾਫ ਘਰੇਲੂ ਮੈਦਾਨ ’ਚ ਸ਼ਾਨਦਾਰ ਫਾਰਮ ਨੂੰ ਦੇਖਦਿਆਂ ਪੂਰੇ ਦੇਸ਼ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਖਿਡਾਰੀਆਂ ’ਤੇ ਟਿਕੀਆਂ ਹੋਈਆਂ ਹਨ।
ਸਾਰੀ ਟੀਮ ਨੂੰ ਪੂਰੀ ਵਿਉੰਤਬੰਦੀ ਨਾਲ ਨਾਲ ਲੈ ਕੇ ਚੱਲਣ ਵਾਲਾ ਕਪਤਾਨ ਬਿਨਾਂ ਕਿਸੇ ਜਲਦਬਾਜ਼ੀ ਦੇ ਬਹੁਤ ਠਰੰਮੇ ਅਤੱ ਚੋਤਰਫਾ ਧਿਆਨ ਰੱਖਦਿਆਂ ਗੇਂਦ ਨੂੰ ਕੰਟਰੋਲ ਕਰਕੇ ਗੋਲ ਕਰਨ ’ਚ ਮਾਹਰ ਹੈ। ਓਲੰਪੀਅਨ ਮਨਦੀਪ ਸਿੰਘ ਨੇ ਘਰੇਲੂ ਮੈਦਾਨ ’ਚ ਅੰਤਰਰਾਸ਼ਟਰੀ ਮੈਚ ਦੌਰਾਨ ਸ਼ਾਨਦਾਰ ਹੈਟ੍ਰਿਕ (3 ਗੋਲ) ਲਗਾ ਕੇ ਆਪਣੀ ਟੀਮ 'ਚ ਨੂੰ ਮਜ਼ਬੂਤ ਕੀਤਾ।
ਹਰ ਵਾਰ ਵੱਖਰੀ ਰਣਨੀਤੀ ਭਾਰਤੀ ਹਾਕੀ ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟਨ ਅਨੁਸਾਰ ਚੀਨ ਦੀ ਟੀਮ ’ਚ ਕੁੱਲ ਨਵੇਂ ਖਿਡਾਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਨੂੰ ਪਹਿਲਾਂ ਖੇਡਦਿਆਂ ਨਹੀਂ ਦੇਖਿਆ ਗਿਆ। ਹਾਲਾਂਕਿ, ਸੁਰਜੀਤ ਹਾਕੀ ਸਟੇਡੀਅਮ 'ਚ ਪ੍ਰੈੱਸ ਕਾਨਫਰੰਸ ਦੌਰਾਨ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਾਫ਼ ਕੀਤਾ ਸੀ ਕਿ ਟੀਮ ਨੇ ਹਰੇਕ ਵਿਰੋਧੀ ਟੀਮ ਲਈ ਅਲੱਗ ਤੇ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਸਾਰੇ ਖਿਡਾਰੀ ਪੂਰੀ ਤਰ੍ਹਾਂ ਫਾਰਮ ’ਚ ਹਨ। ਬੰਗਲਾਦੇਸ਼ ਖ਼ਿਲਾਫ਼ ਹੈਟ੍ਰਿਕ ਲਗਾਉਣ ਵਾਲੇ ਮਨਦੀਪ ਸਿੰਘ ਨੇ ਵੀ ਕਿਹਾ ਕਿ ਉਹ ਹਰ ਟੀਮ ਨੂੰ ਇੱਕ ਮਜ਼ਬੂਤ ਪ੍ਰਤੀਯੋਗੀ ਵਜੋਂ ਦੇਖਦੇ ਹਨ।
ਅੱਜ ਦੇ ਮੈਚਾਂ ਦਾ ਸ਼ਡਿਊਲ (ਵੀਰਵਾਰ) ਮੈਚ | ਸਮਾਂ |
ਮਲੇਸ਼ੀਆ ਬਨਾਮ ਦੱਖਣੀ ਕੋਰੀਆ | ਦੁਪਹਿਰ 02:30 ਵਜੇ
ਜਾਪਾਨ ਬਨਾਮ ਬੰਗਲਾਦੇਸ਼ | ਸ਼ਾਮ 04:45 ਵਜੇ
ਭਾਰਤ ਬਨਾਮ ਚੀਨ | ਸ਼ਾਮ 07:00 ਵਜੇ