ਏਸ਼ੀਆਈ ਖੇਡਾਂ 'ਚ ਫਿਰ ਦਿਸੇਗਾ 'ਬਲੂ ਬ੍ਰਿਗੇਡ' ਦਾ ਜਲਵਾ, ਨੀਲੀ ਜਰਸੀ ਪਾ ਕੇ ਮੈਦਾਨ 'ਚ ਉਤਰੇਗੀ ਭਾਰਤੀ ਹਾਕੀ ਟੀਮ
ਹਾਕੀ ਇੰਡੀਆ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਨੀਲੀ ਜਰਸੀ ਪਾ ਕੇ ਖੇਡਣਗੀਆਂ। ਟਿਰਕੀ ਨੇ ਕਿਹਾ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਟੀਮ ਕਿੱਟ ਦੇ ਰੰਗਾਂ ਨੂੰ ਲੈ ਕੇ ਬਦਲ ਦਿੱਤੇ ਸਨ
Publish Date: Wed, 09 Sep 2026 12:19 PM (IST)
Updated Date: Wed, 09 Sep 2026 12:24 PM (IST)
ਨਵੀਂ ਦਿੱਲੀ (ਪੀਟੀਆਈ) : ਹਾਕੀ ਇੰਡੀਆ ਦੇ ਚੇਅਰਮੈਨ ਦਿਲੀਪ ਟਿਰਕੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੀਆਂ ਮਰਦ ਤੇ ਮਹਿਲਾ ਟੀਮਾਂ ਜਾਪਾਨ ਦੇ ਆਈਚੀ-ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਨੀਲੀ ਜਰਸੀ ਪਾ ਕੇ ਖੇਡਣਗੀਆਂ। ਟਿਰਕੀ ਨੇ ਕਿਹਾ ਕਿ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਟੀਮ ਕਿੱਟ ਦੇ ਰੰਗਾਂ ਨੂੰ ਲੈ ਕੇ ਬਦਲ ਦਿੱਤੇ ਸਨ, ਜਿਸ ਤੋਂ ਬਾਅਦ ਹਾਕੀ ਇੰਡੀਆ ਨੇ ਭਾਰਤੀ ਟੀਮ ਦੀ ਜਰਸੀ ਲਈ ਨੀਲੇ ਰੰਗ ਨੂੰ ਪਹਿਲੀ ਪਸੰਦ ਬਣਾਇਆ।
ਟਿਰਕੀ ਨੇ ਏਸ਼ਿਆਈ ਖੇਡਾਂ ’ਚ ਹਿੱਸਾ ਲੈਣ ਜਾ ਰਹੇ ਖਿਡਾਰੀਆਂ ਲਈ ਕਰਵਾਏ ਗਏ ਵਿਦਾਇਗੀ ਸਮਾਰੋਹ ਤੋਂ ਬਾਅਦ ਕਿਹਾ ਕਿ ਆਈਓਏ ਨੇ ਸਾਨੂੰ ਟੀਮ ਕਿੱਟ ਲਈ ਰੰਗਾਂ ਦੇ ਬਦਲ ਦਿੱਤੇ ਸਨ। ਹਾਕੀ ਇੰਡੀਆ ਨੇ ਭਾਰਤੀ ਟੀਮ ਦੀ ਜਰਸੀ ਲਈ ਪਹਿਲਾ ਰੰਗ ਨੀਲਾ ਤੇ ਦੂਜਾ ਰੰਗ ਸੰਤਰੀ ਚੁਣਿਆ ਹੈ। ਹਾਲ ਹੀ ਵਿਚ ਨੀਦਰਲੈਂਡ ਤੇ ਬੈਲਜੀਅਮ ’ਚ ਹੋਏ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਹਾਕੀ ਟੀਮ ਦੀ ਜਰਸੀ ਦਾ ਰੰਗ ਰਵਾਇਤੀ ਨੀਲੇ ਤੋਂ ਬਦਲ ਕੇ ਸੰਤਰੀ ਕੀਤੇ ਜਾਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਉਸ ਸਮੇਂ ਟਿਰਕੀ ਨੇ ਇਸ ਪ੍ਰਕਿਰਿਆ ’ਤੇ ਸਵਾਲ ਚੁੱਕਦੇ ਹੋਏ ਕਿਹਾ ਸੀ ਕਿ ਉਨ੍ਹਾਂ ਦੀ ਜਾਂ ਕਾਰਜਕਾਰੀ ਬੋਰਡ ਦੀ ਜਾਣਕਾਰੀ ਦੇ ਬਿਨਾਂ ਜਰਸੀ ਦਾ ਰੰਗ ਬਦਲਣ ਦਾ ਫ਼ੈਸਲਾ ਲਿਆ ਗਿਆ ਸੀ।
ਹਾਰ ਨੂੰ ਭੁਲਾ ਕੇ ਅੱਗੇ ਵਧਣ ਹਾਕੀ ਟੀਮਾਂ : ਮਾਂਡਵੀਆ ਨਵੀਂ ਦਿੱਲੀ (ਪੀਟੀਆਈ) : ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਹਾਕੀ ਵਿਸ਼ਵ ਕੱਪ ਤੋਂ ਬਾਅਦ ਸਮੀਖਿਆ ਮੀਟਿੰਗ ’ਚ ਕਪਤਾਨਾਂ ਤੇ ਕੋਚਾਂ ਨੂੰ ਹਾਰ ਦੀ ਬਜਾਏ ਉਸਦੇ ਕਾਰਨਾਂ ’ਤੇ ਫੋਕਸ ਕਰ ਕੇ ਏਸ਼ਿਆਈ ਖੇਡਾਂ ’ਚ ਬਿਹਤਰ ਪ੍ਰਦਰਸ਼ਨ ਕਰਨ ਲਈ ਕਿਹਾ। ਸੂਤਰਾਂ ਅਨੁਸਾਰ, ਸੋਮਵਾਰ ਨੂੰ ਖੇਡ ਮੰਤਰੀ ਨੇ ਮਰਦ ਟੀਮ ਦੇ ਕੋਚ ਕ੍ਰੇਗ ਫੁਲਟਨ, ਕਪਤਾਨ ਹਰਮਨਪ੍ਰੀਤ ਸਿੰਘ, ਮਹਿਲਾ ਟੀਮ ਦੇ ਕੋਚ ਸ਼ੋਰਡ ਮਾਰਿਨ ਤੇ ਕਪਤਾਨ ਸਲੀਮਾ ਟੇਟੇ ਨਾਲ ਮੀਟਿੰਗ ’ਚ ਵਿਸ਼ਵ ਕੱਪ ’ਚ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਤੇ ਕਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨ ’ਤੇ ਫੋਕਸ ਕਰਨ ਲਈ ਕਿਹਾ। ਸੂਤਰਾਂ ਅਨੁਸਾਰ, ਕਰੀਬ ਇਕ ਘੰਟੇ ਤੱਕ ਸਾਈ ਹੈੱਡਕੁਆਰਟਰ ’ਚ ਹੋਈ ਮੀਟਿੰਗ ’ਚ ਖੇਡ ਮੰਤਰੀ ਨੇ ਦੋਵਾਂ ਟੀਮਾਂ ਦੇ ਕਪਤਾਨਾਂ ਤੇ ਕੋਚਾਂ ਤੋਂ ਇਲਾਵਾ ਹਾਕੀ ਇੰਡੀਆ ਦੇ ਅਹੁਦੇਦਾਰਾਂ ਨਾਲ ਗੱਲ ਕੀਤੀ। ਉਨ੍ਹਾਂ ਵਿਸ਼ਵ ਕੱਪ ਦੀ ਨਿਰਾਸ਼ਾ ਨੂੰ ਭੁਲਾਉਣ ਤੇ ਏਸ਼ਿਆਈ ਖੇਡਾਂ ’ਚ ਬਿਹਤਰੀਨ ਪ੍ਰਦਰਸ਼ਨ ਕਰ ਕੇ ਲਾਸ ਏਂਜਲਸ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਟੀਚਾ ਰੱਖਣ ਲਈ ਕਿਹਾ।