ਖੇਡਾਂ 'ਚ ਡੋਪਿੰਗ ਦਾ ਡਰਾਉਣਾ ਸੱਚ, ਮਿਹਨਤ ਦੀ ਥਾਂ ਗ਼ਲਤ ਰਸਤਾ ਚੁਣ ਰਹੇ ਖਿਡਾਰੀ; ਜਿੱਤ ਦੇ ਲਾਲਚ 'ਚ ਦਾਅ 'ਤੇ ਲੱਗ ਰਹੀ ਜਾਨ
ਸਰੀਰ ਨੂੰ ਜ਼ਿਆਦਾ ਤਾਕਤ ਲਈ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ। ਵੱਧ ਜ਼ੋਰ ਵਾਲੀਆਂ ਖੇਡਾਂ ਵਿਚ ਖਿਡਾਰੀ ਜ਼ਿਆਦਾ ਦੇਰ ਟਿਕੇ ਰਹਿਣ ਲਈ ਖ਼ੂਨ ਵਿਚ ਬਣਾਉਟੀ ਆਕਸੀਜਨ ਪਹੁੰਚਾਉਣ ਵਾਲੇ ਰਸਾਇਣਾਂ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਇਹ ਰਸਾਇਣ ਖ਼ੂਨ ਦੀ ਘਾਟ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਰਦਾਨ ਹਨ
Publish Date: Thu, 17 Sep 2026 01:18 PM (IST)
Updated Date: Thu, 17 Sep 2026 01:23 PM (IST)
ਸਪੋਰਟਸ ਡੈਸਕ,ਨਵੀਂ ਦਿੱਲੀ : ਖੇਡਾਂ ਦੁਨੀਆ ਭਰ ਵਿਚ ਬਹੁਤ ਮਾਣ-ਸਨਮਾਨ ਵਾਲਾ ਖੇਤਰ ਮੰਨੀਆਂ ਜਾਂਦੀਆਂ ਹਨ। ਜਿੱਥੇ ਖਿਡਾਰੀ ਜਿੱਤਣ ਲਈ ਜੀ-ਤੋੜ ਮਿਹਨਤ ਕਰਦੇ ਹਨ, ਉੱਥੇ ਹੀ ਲੱਖਾਂ ਲੋਕ ਉਨ੍ਹਾਂ ਨੂੰ ਰੱਬ ਵਾਂਗ ਪੂਜਦੇ ਹਨ। ਪਰ ਅੱਜਕੱਲ੍ਹ ਕਈ ਖਿਡਾਰੀ ਜਿੱਤਣ ਦੀ ਹਵਸ ਵਿਚ ਗ਼ਲਤ ਰਾਹ ਪੈ ਰਹੇ ਹਨ। ਦੇਸ਼ ਤੇ ਵਿਸ਼ਵ ਪੱਧਰ 'ਤੇ ਜਿੱਤ ਹਾਸਲ ਕਰਨ ਲਈ ਮਿਹਨਤ ਦੀ ਥਾਂ ਗ਼ਲਤ ਤਰੀਕਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸੇ ਲਾਲਚ ਵਿਚੋਂ ਡੋਪਿੰਗ ਪੈਦਾ ਹੁੰਦੀ ਹੈ। ਇਹ ਅਜਿਹੀਆਂ ਦਵਾਈਆਂ ਹੁੰਦੀਆਂ ਹਨ ਜੋ ਸਰੀਰ ਦੀ ਕੁਦਰਤੀ ਤਾਕਤ ਨੂੰ ਬਣਾਉਟੀ ਤਰੀਕੇ ਨਾਲ ਕਈ ਗੁਣਾ ਵਧਾ ਦਿੰਦੀਆਂ ਹਨ। ਹਾਲਾਂਕਿ ਖੇਡਾਂ ਵਿਚ ਇਹ ਗ਼ੈਰ-ਕਾਨੂੰਨੀ ਹਨ, ਫਿਰ ਵੀ ਕਈ ਖਿਡਾਰੀ ਇਨ੍ਹਾਂ ਦੀ ਵਰਤੋਂ ਕਰਦੇ ਹਨ।
ਖ਼ੂਨ ’ਚ ਪਾਣੀ ਦਾ ਪੱਧਰ ਵਧਾਉਣ ਵਾਲੀਆਂ ਦਵਾਈਆਂ ਜਦੋਂ ਸਰੀਰ ਲਗਾਤਾਰ ਮਿਹਨਤ ਕਰਦਾ ਹੈ ਤਾਂ ਥਕਾਵਟ ਹੋਣਾ ਸੁਭਾਵਿਕ ਹੈ। ਇਸ ਥਕਾਵਟ ਦਾ ਵੱਡਾ ਕਾਰਨ ਖ਼ੂਨ ਵਿਚ ਤਰਲ ਪਦਾਰਥ (ਪਲਾਜ਼ਮਾ) ਦਾ ਘੱਟ ਜਾਣਾ ਹੁੰਦਾ ਹੈ। ਆਮ ਆਦਮੀ ਤਾਂ ਆਰਾਮ ਕਰਕੇ ਜਾਂ ਕੁਝ ਖਾ-ਪੀ ਕੇ ਇਹ ਕਮੀ ਪੂਰੀ ਕਰ ਲੈਂਦਾ ਹੈ, ਪਰ ਖਿਡਾਰੀਆਂ ਕੋਲ ਮੈਦਾਨ ’ਚ ਆਰਾਮ ਕਰਨ ਦਾ ਸਮਾਂ ਨਹੀਂ ਹੁੰਦਾ। ਇਸ ਲਈ ਉਹ ਖ਼ੂਨ ਵਿਚ ਤਰਲ ਵਧਾਉਣ ਵਾਲੀਆਂ ਖ਼ਾਸ ਦਵਾਈਆਂ ਦੀ ਵਰਤੋਂ ਕਰਦੇ ਹਨ। ਇਹ ਦਵਾਈਆਂ ਅਸਲ ਵਿਚ ਹਸਪਤਾਲਾਂ ਵਿਚ ਮਰੀਜ਼ਾਂ ਦੇ ਆਪ੍ਰੇਸ਼ਨ ਜਾਂ ਸੱਟ ਲੱਗਣ ਵੇਲੇ ਖ਼ੂਨ ਦੀ ਕਮੀ ਪੂਰੀ ਕਰਨ ਲਈ ਬਣਾਈਆਂ ਗਈਆਂ ਹਨ, ਪਰ ਖਿਡਾਰੀ ਇਨ੍ਹਾਂ ਨੂੰ ਬਣਾਉਟੀ ਊਰਜਾ ਲਈ ਵਰਤਦੇ ਹਨ।
ਇਨ੍ਹਾਂ ਰਸਾਇਣਕ ਦਵਾਈਆਂ ਨਾਲ ਖਿਡਾਰੀ ਦਾ ਦਮ (ਸਟੈਮਿਨਾ) ਤਾਂ ਕੁਝ ਸਮੇਂ ਲਈ ਵਧ ਜਾਂਦਾ ਹੈ, ਪਰ ਇਸਦੇ ਮਾੜੇ ਅਸਰ ਬਹੁਤ ਗੰਭੀਰ ਹੁੰਦੇ ਹਨ। ਇਸ ਨਾਲ ਅਜਿਹੀ ਖ਼ਤਰਨਾਕ ਐਲਰਜੀ ਹੋ ਸਕਦੀ ਹੈ ਜਿਵੇਂ ਸਰੀਰ ਵਿਚ ਕੋਈ ਜ਼ਹਿਰੀਲਾ ਡੰਗ ਲੱਗ ਗਿਆ ਹੋਵੇ, ਜਿਸ ਨਾਲ ਜਾਨ ਵੀ ਜਾ ਸਕਦੀ ਹੈ। ਬਾਹਰੋਂ ਤੰਦਰੁਸਤ ਦਿਸਣ ਵਾਲੇ ਖਿਡਾਰੀ ਦੀ ਜਾਂਚ ਸਿਰਫ਼ ਦੇਖ ਕੇ ਨਹੀਂ ਹੋ ਸਕਦੀ, ਇਸ ਲਈ ਖ਼ਾਸ ਲੈਬ ਟੈਸਟਾਂ ਰਾਹੀਂ ਪਿਸ਼ਾਬ ਦੀ ਜਾਂਚ ਕੀਤੀ ਜਾਂਦੀ ਹੈ।
ਸਰੀਰ ਨੂੰ ਜ਼ਿਆਦਾ ਤਾਕਤ ਲਈ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਹੈ। ਵੱਧ ਜ਼ੋਰ ਵਾਲੀਆਂ ਖੇਡਾਂ ਵਿਚ ਖਿਡਾਰੀ ਜ਼ਿਆਦਾ ਦੇਰ ਟਿਕੇ ਰਹਿਣ ਲਈ ਖ਼ੂਨ ਵਿਚ ਬਣਾਉਟੀ ਆਕਸੀਜਨ ਪਹੁੰਚਾਉਣ ਵਾਲੇ ਰਸਾਇਣਾਂ ਦਾ ਸਹਾਰਾ ਲੈਂਦੇ ਹਨ। ਹਾਲਾਂਕਿ ਇਹ ਰਸਾਇਣ ਖ਼ੂਨ ਦੀ ਘਾਟ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਲਈ ਵਰਦਾਨ ਹਨ, ਪਰ ਖੇਡਾਂ ਵਿਚ ਇਨ੍ਹਾਂ ਦੀ ਗ਼ਲਤ ਵਰਤੋਂ ਖ਼ੂਨ ਵਿਚ ਇਨਫੈਕਸ਼ਨ ਫੈਲਾ ਸਕਦੀ ਹੈ। ਖ਼ੂਨ ਦੇ ਕੁਦਰਤੀ ਲਾਲ ਕਣਾਂ (ਹੀਮੋਗਲੋਬਿਨ) ਨਾਲ ਛੇੜਛਾੜ ਕਰਕੇ ਆਕਸੀਜਨ ਵਧਾਈ ਜਾਂਦੀ ਹੈ। ਇਸ ਨਾਲ ਖ਼ੂਨ ਦੇ ਵਹਿਣ ਦਾ ਕੁਦਰਤੀ ਤਰੀਕਾ ਬਦਲ ਜਾਂਦਾ ਹੈ। ਨਤੀਜੇ ਵਜੋਂ ਸਰੀਰ ਵਿਚ ਆਕਸੀਜਨ ਵਧਣ ਦੀ ਥਾਂ ਅਚਾਨਕ ਇਸਦਾ ਵਹਾਅ ਬੰਦ ਹੋਣ ਦਾ ਖ਼ਤਰਾ ਵੀ ਬਣ ਜਾਂਦਾ ਹੈ। ਕਿਉਂਕਿ ਇਹ ਬਣਾਉਟੀ ਤੱਤ ਵੱਖਰੇ ਰੰਗ ਤੇ ਬਣਾਵਟ ਦੇ ਹੁੰਦੇ ਹਨ, ਇਸ ਲਈ ਲੈਬਾਰਟਰੀ ਜਾਂਚ ਰਾਹੀਂ ਡੋਪ ਟੈਸਟ ਵਿਚ ਇਹ ਆਸਾਨੀ ਨਾਲ ਫੜੇ ਜਾਂਦੇ ਹਨ।
ਦਵਾਈਆਂ ਦੇ ਨੁਕਸਾਨ -ਇਹ ਦਵਾਈਆਂ ਖਿਡਾਰੀ ਦੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਹਨ। ਵਾਰ-ਵਾਰ ਬੁਖ਼ਾਰ ਚੜ੍ਹਨ ਦੀ ਸ਼ਿਕਾਇਤ ਹੁੰਦੀ ਹੈ।
-ਖ਼ੂਨ ਦੀਆਂ ਨਾੜਾਂ ਸੁੰਗੜਨ ਨਾਲ ਬਲੱਡ ਪ੍ਰੈਸ਼ਰ ਬਹੁਤ ਵਧ ਜਾਂਦਾ ਹੈ, ਜਿਸ ਨਾਲ ਗੁਰਦੇ ਫ਼ੇਲ੍ਹ ਹੋ ਸਕਦੇ ਹਨ।
-ਸਰੀਰ ’ਚ ਲੋਹੇ (ਆਇਰਨ) ਦੀ ਮਾਤਰਾ ਲੋੜ ਤੋਂ ਵੱਧ ਹੋਣ ਕਾਰਨ ਭਾਰ ਘਟਣ ਲੱਗਦਾ ਹੈ, ਲੀਵਰ 'ਤੇ ਸੋਜ਼ਿਸ਼ ਆ ਜਾਂਦੀ ਹੈ, ਤੇ ਦਿਲ ਕੰਮ ਕਰਨਾ ਬੰਦ ਕਰ ਸਕਦਾ ਹੈ।]
-ਬੇਵਜ੍ਹਾ ਗੁੱਸਾ, ਚਿੜਚਿੜਾਪਣ, ਨੀਂਦ ਨਾ ਆਉਣਾ, ਤਣਾਅ ਤੇ ਡਿਪ੍ਰੈਸ਼ਨ ਵਰਗੀਆਂ ਮਨੋਵਿਗਿਆਨਕ ਬਿਮਾਰੀਆਂ ਘੇਰ ਲੈਂਦੀਆਂ ਹਨ।
-ਮਰਦਾਨਾ ਕਮਜ਼ੋਰੀ, ਔਰਤਾਂ ’ਚ ਬਾਂਝਪਨ ਵਰਗੀਆਂ ਸਥਾਈ ਸਮੱਸਿਆਵਾਂ। ਕਈ ਮਾਮਲਿਆਂ ਵਿਚ ਮੈਦਾਨ ਦੇ ਅੰਦਰ ਹੀ ਖਿਡਾਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ।
ਖਿਡਾਰੀ ਦਾ ਪੂਰਾ ਕਰੀਅਰ ਹੋ ਜਾਂਦਾ ਹੈ ਤਬਾਹ ਡੋਪਿੰਗ ਦਾ ਨੁਕਸਾਨ ਸਿਰਫ਼ ਸਰੀਰਕ ਤੇ ਮਾਨਸਿਕ ਸਿਹਤ ਤੱਕ ਹੀ ਸੀਮਤ ਨਹੀਂ ਰਹਿੰਦਾ, ਸਗੋਂ ਇਹ ਖਿਡਾਰੀ ਦੇ ਪੂਰੇ ਕਰੀਅਰ ਅਤੇ ਸਮਾਜਿਕ ਰੁਤਬੇ ਨੂੰ ਵੀ ਤਬਾਹ ਕਰ ਦਿੰਦਾ ਹੈ। ਜਦੋਂ ਕੋਈ ਖਿਡਾਰੀ ਡੋਪ ਟੈਸਟ ਵਿਚ ਫੜਿਆ ਜਾਂਦਾ ਹੈ ਤਾਂ ਉਸ ’ਤੇ ਕਈ ਸਾਲਾਂ ਜਾਂ ਉਮਰ ਭਰ ਲਈ ਪਾਬੰਦੀ ਲੱਗ ਜਾਂਦੀ ਹੈ। ਉਸ ਵੱਲੋਂ ਜਿੱਤੇ ਗਏ ਮੈਡਲ, ਨਕਦ ਇਨਾਮ ਤੇ ਰਿਕਾਰਡ ਖੋਹ ਲਏ ਜਾਂਦੇ ਹਨ। ਜਿਸ ਖਿਡਾਰੀ ਨੂੰ ਲੋਕ ਆਦਰਸ਼ ਮੰਨਦੇ ਸਨ, ਉਹ ਰਾਤੋ-ਰਾਤ ਸਮਾਜ ਵਿਚ ਧੋਖੇਬਾਜ਼ ਵਜੋਂ ਦੇਖਿਆ ਜਾਣ ਲੱਗਦਾ ਹੈ। ਸਾਲਾਂ ਦੀ ਕੀਤੀ ਕਮਾਈ ਤੇ ਇੱਜ਼ਤ ਮਿੰਟਾਂ ਵਿਚ ਮਿੱਟੀ ਹੋ ਜਾਂਦੀ ਹੈ। ਜਿੱਤ ਦਾ ਸੁਆਦ ਚਾਹੇ ਕਿੰਨਾ ਵੀ ਮਿੱਠਾ ਕਿਉਂ ਨਾ ਹੋਵੇ, ਪਰ ਬਣਾਉਟੀ ਤਰੀਕਿਆਂ ਨਾਲ ਹਾਸਲ ਕੀਤੀ ਜਿੱਤ ਖਿਡਾਰੀ ਦੀ ਜ਼ਿੰਦਗੀ, ਸਿਹਤ ਤੇ ਭਵਿੱਖ ਦਾ ਸੌਦਾ ਹੁੰਦੀ ਹੈ। ਖੇਡਾਂ ਦੀ ਅਸਲ ਖ਼ੂਬਸੂਰਤੀ ਸੱਚੀ ਮਿਹਨਤ, ਸਮਰਪਣ ਤੇ ਨਿਯਮਾਂ ਦੀ ਪਾਲਣਾ ਵਿਚ ਹੀ ਹੈ।