- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਤਾਮਿਲਨਾਡੂ ਨੂੰ 5 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਮੁਕਾਬਲਾ ਇੰਦੌਰ ਦੇ ਡੇਲੀ ਕਾਲਜ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਗਿਆ।

ਰਣਜੀਤ ਸਿੰਘ ਰਾਣਾ ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟੀ-20 ਟਰਾਫੀ ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਤਾਮਿਲਨਾਡੂ ਨੂੰ 5 ਦੌੜਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਹ ਮੁਕਾਬਲਾ ਇੰਦੌਰ ਦੇ ਡੇਲੀ ਕਾਲਜ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਗਿਆ।
ਤਾਮਿਲਨਾਡੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 165 ਦੌੜਾਂ ਬਣਾਈਆਂ। ਪੰਜਾਬ ਵੱਲੋਂ ਕਪਤਾਨ ਰਮਨਦੀਪ ਸਿੰਘ ਨੇ 23 ਗੇਂਦਾਂ ਵਿੱਚ 36 ਦੌੜਾਂ ਦੀ ਪਾਰੀ ਖੇਡੀ, ਜਦਕਿ ਸਨਵੀਰ ਸਿੰਘ ਨੇ 21 ਗੇਂਦਾਂ ਵਿੱਚ ਨਾਬਾਦ 34 ਦੌੜਾਂ ਬਣਾਈਆਂ। ਸੁਖਦੀਪ ਬਾਜਵਾ ਨੇ ਸਿਰਫ਼ 7 ਗੇਂਦਾਂ ਵਿੱਚ ਨਾਬਾਦ 20 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ ਮਜ਼ਬੂਤੀ ਦਿੱਤੀ। ਕ੍ਰਿਸ਼ ਭਗਤ ਨੇ ਵੀ 15 ਦੌੜਾਂ ਦਾ ਯੋਗਦਾਨ ਪਾਇਆ।
166 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਤਾਮਿਲਨਾਡੂ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਹੀ ਬਣਾ ਸਕੀ ਅਤੇ ਪੰਜਾਬ ਨੇ ਇਹ ਮੁਕਾਬਲਾ 5 ਦੌੜਾਂ ਨਾਲ ਜਿੱਤ ਲਿਆ।
ਪੰਜਾਬ ਵੱਲੋਂ ਕਾਰਤਿਕ ਚੱਢਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 30 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਕ੍ਰਿਸ਼ ਭਗਤ ਅਤੇ ਸੁਖਦੀਪ ਬਾਜਵਾ ਨੇ 2-2 ਵਿਕਟਾਂ ਲਈਆਂ, ਜਦਕਿ ਉਮੇਸ਼ ਯਾਦਵ ਅਤੇ ਹਰਪ੍ਰੀਤ ਬਰਾੜ ਨੇ 1-1 ਵਿਕਟ ਹਾਸਲ ਕੀਤੀ।
ਆਪਣੀ ਸ਼ਾਨਦਾਰ ਗੇਂਦਬਾਜ਼ੀ ਲਈ ਕਾਰਤਿਕ ਚੱਢਾ ਨੂੰ ਪਲੇਅਰ ਆਫ਼ ਦ ਮੈਚ ਐਲਾਨਿਆ ਗਿਆ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖਿਡਾਰੀਆਂ ਨੇ ਜਿਸ ਜਜ਼ਬੇ, ਦ੍ਰਿੜ੍ਹ ਇਰਾਦੇ ਅਤੇ ਟੀਮ ਭਾਵਨਾ ਨਾਲ ਖੇਡ ਦਾ ਪ੍ਰਦਰਸ਼ਨ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਖਾਸ ਤੌਰ 'ਤੇ ਕਾਰਤਿਕ ਚੱਢਾ ਦੀ ਮੈਚ ਜਿਤਾਊ ਗੇਂਦਬਾਜ਼ੀ ਦੀ ਪ੍ਰਸ਼ੰਸਾ ਕੀਤੀ ਅਤੇ ਪੂਰੀ ਟੀਮ ਨੂੰ ਟੂਰਨਾਮੈਂਟ ਦੇ ਆਉਣ ਵਾਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।