- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਰਜਨਟੀਨਾ ਦੇ ਫੁੱਟਬਾਲ ਸੱਭਿਆਚਾਰ ਵਿੱਚ 'ਕਾਬਾਲਾ' (ਅੰਧਵਿਸ਼ਵਾਸ) ਦਾ ਖ਼ਾਸ ਮਹੱਤਵ ਹੈ। ਜਿੱਤ ਦੇ ਸਿਲਸਿਲੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਹਨ—ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿਲਣਾ।

ਸਪੋਰਟਸ ਡੈਸਕ, ਨਵੀਂ ਦਿੱਲੀ : ਅਰਜਨਟੀਨਾ ਦੇ ਫੁੱਟਬਾਲ ਸੱਭਿਆਚਾਰ ਵਿੱਚ 'ਕਾਬਾਲਾ' (ਅੰਧਵਿਸ਼ਵਾਸ) ਦਾ ਖ਼ਾਸ ਮਹੱਤਵ ਹੈ। ਜਿੱਤ ਦੇ ਸਿਲਸਿਲੇ ਦੌਰਾਨ ਪ੍ਰਸ਼ੰਸਕ ਅਕਸਰ ਇੱਕੋ ਜਿਹੀਆਂ ਆਦਤਾਂ ਦੁਹਰਾਉਂਦੇ ਹਨ—ਜਿਵੇਂ ਇੱਕੋ ਕੱਪੜੇ ਪਹਿਨਣਾ, ਇੱਕੋ ਥਾਂ ਬੈਠਣਾ, ਜਰਸੀ ਨਾ ਧੋਣਾ ਜਾਂ ਮੈਚ ਦੌਰਾਨ ਆਪਣੀ ਜਗ੍ਹਾ ਤੋਂ ਨਾ ਹਿਲਣਾ।
ਇਹ ਅੰਧਵਿਸ਼ਵਾਸ ਹੁਣ ਅਰਜਨਟੀਨਾ ਦੇ ਰਾਸ਼ਟਰਪਤੀ ਜੇਵਿਯਰ ਮੀਲੇਈ ਨੂੰ ਵੀ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਐਤਵਾਰ (ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਦੇਰ ਰਾਤ) ਹੋਣ ਵਾਲੇ ਫੀਫਾ ਵਿਸ਼ਵ ਕੱਪ ਫਾਈਨਲ ਵਿੱਚ ਜਾਣ ਤੋਂ ਰੋਕ ਰਿਹਾ ਹੈ। ਫਾਈਨਲ ਵਿੱਚ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ ਅਤੇ ਕਪਤਾਨ ਲਿਓਨੇਲ ਮੇਸੀ ਦੀ ਨਜ਼ਰ ਖ਼ਿਤਾਬ ਬਚਾਉਣ 'ਤੇ ਹੈ।
ਵੀਰਵਾਰ ਨੂੰ ਬੁਏਨਸ ਆਇਰਸ ਦੇ ਇੱਕ ਸਥਾਨਕ ਰੇਡੀਓ ਸਟੇਸ਼ਨ ਨਾਲ ਗੱਲਬਾਤ ਕਰਦੇ ਹੋਏ 55 ਸਾਲਾ ਮੀਲੇਈ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਰਾਸ਼ਟਰਪਤੀ ਨਿਵਾਸ ਓਲੀਵੋਸ ਨੂੰ ਛੱਡ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫੀਫਾ ਪ੍ਰਧਾਨ ਜਿਆਨੀ ਇਨਫੈਂਟੀਨੋ ਨਾਲ ਫਾਈਨਲ ਦੇਖਣ ਨਹੀਂ ਜਾਣਗੇ।
ਉਨ੍ਹਾਂ ਕਿਹਾ, "ਮੈਂ ਸਾਰੇ ਮੈਚ ਓਲੀਵੋਸ ਤੋਂ ਹੀ ਦੇਖਾਂਗਾ।"
ਮੀਲੇਈ ਨੇ ਦੱਸਿਆ ਕਿ ਇਹ ਫੈਸਲਾ ਉਨ੍ਹਾਂ ਦੇ ਅੰਧਵਿਸ਼ਵਾਸ 'ਤੇ ਆਧਾਰਿਤ ਹੈ। ਉਨ੍ਹਾਂ ਨੇ ਸਵਿਟਜ਼ਰਲੈਂਡ ਖ਼ਿਲਾਫ਼ ਕਵਾਰਟਰ ਫਾਈਨਲ ਦੌਰਾਨ ਵੀ ਇਹੀ ਤਰੀਕਾ ਅਪਣਾਇਆ ਸੀ।
ਉਨ੍ਹਾਂ ਕਿਹਾ, "ਠੰਢ ਹੋਣ ਕਰਕੇ ਮੈਂ ਹੀਟਰ ਨਹੀਂ ਚਲਾਉਂਦਾ ਅਤੇ ਜੈਕਟ ਪਹਿਨਦਾ ਹਾਂ। ਸਵਿਟਜ਼ਰਲੈਂਡ ਵਾਲੇ ਮੈਚ ਵਿੱਚ ਮੈਨੂੰ ਬਹੁਤ ਗਰਮੀ ਲੱਗੀ, ਮੈਂ ਜੈਕਟ ਉਤਾਰ ਦਿੱਤੀ ਅਤੇ ਉਸੇ ਵੇਲੇ ਉਨ੍ਹਾਂ ਨੇ ਸਾਡੇ ਖ਼ਿਲਾਫ਼ ਗੋਲ ਕਰ ਦਿੱਤਾ। ਮੈਂ ਫਿਰ ਜੈਕਟ ਪਾ ਲਈ ਅਤੇ ਮੈਚ ਖ਼ਤਮ ਹੋਣ ਤੱਕ ਨਹੀਂ ਉਤਾਰੀ।"
ਅਰਜਨਟੀਨਾ ਦੇ ਰਾਸ਼ਟਰਪਤੀ ਕਈ ਸਾਲਾਂ ਤੋਂ ਵਿਸ਼ਵ ਕੱਪ ਦੇ ਅਹਿਮ ਮੈਚਾਂ ਵਿੱਚ ਸਟੇਡੀਅਮ ਨਹੀਂ ਜਾਂਦੇ, ਤਾਂ ਜੋ ਟੀਮ ਲਈ ਕੋਈ ਮਾੜੀ ਕਿਸਮਤ ਨਾ ਬਣੇ।
ਇਹ ਰਿਵਾਜ 1990 ਦੇ ਵਿਸ਼ਵ ਕੱਪ ਤੋਂ ਸ਼ੁਰੂ ਹੋਇਆ। ਉਸ ਵੇਲੇ ਦੇ ਰਾਸ਼ਟਰਪਤੀ ਕਾਰਲੋਸ ਮੇਨੇਮ ਟੀਮ ਨੂੰ ਮਿਲਣ ਗਏ ਸਨ ਅਤੇ ਉਸ ਤੋਂ ਬਾਅਦ ਅਰਜਨਟੀਨਾ ਨੂੰ ਕੈਮਰੂਨ ਹੱਥੋਂ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਤੋਂ ਬਾਅਦ ਕੋਈ ਵੀ ਮੌਜੂਦਾ ਅਰਜਨਟੀਨੀ ਰਾਸ਼ਟਰਪਤੀ ਰਾਸ਼ਟਰੀ ਟੀਮ ਦਾ ਵਿਸ਼ਵ ਕੱਪ ਮੈਚ ਸਟੇਡੀਅਮ ਵਿੱਚ ਦੇਖਣ ਨਹੀਂ ਗਿਆ।
ਅਰਜਨਟੀਨਾ ਦੀ ਟੀਮ ਹੁਣ ਇਤਿਹਾਸ ਰਚਣ ਦੇ ਨੇੜੇ ਹੈ। ਜੇਕਰ ਉਹ ਫਾਈਨਲ ਜਿੱਤਦੀ ਹੈ ਤਾਂ ਲਗਾਤਾਰ ਦੋ ਵਿਸ਼ਵ ਕੱਪ ਖ਼ਿਤਾਬ ਜਿੱਤਣ ਵਾਲੀ ਤੀਜੀ ਟੀਮ ਬਣ ਜਾਵੇਗੀ। ਪਿਛਲਾ ਫੀਫਾ ਵਿਸ਼ਵ ਕੱਪ ਵੀ ਲਿਓਨੇਲ ਮੇਸੀ ਦੀ ਕਪਤਾਨੀ ਹੇਠ ਅਰਜਨਟੀਨਾ ਨੇ ਜਿੱਤਿਆ ਸੀ। ਇਸ ਵਾਰ ਸੈਮੀਫਾਈਨਲ ਵਿੱਚ ਉਸਨੇ ਇੰਗਲੈਂਡ ਨੂੰ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ।