ਰੁਕਣਾ ਮਨਪ੍ਰੀਤ ਦੀ ਫਿਤਰਤ ਨਹੀਂ, 2028 ਲਾਸ ਏਂਜਲਸ ਓਲੰਪਿਕ 'ਚ ਇਤਿਹਾਸ ਸਿਰਜਣ ਲਈ ਤਿਆਰ ਮਿੱਠਾਪੁਰ ਦਾ ਪੁੱਤ
ਉਸ ਦੀ ਸਭ ਤੋਂ ਵੱਡੀ ਇੱਛਾ ਭਾਰਤ ਨੂੰ ਓਲੰਪਿਕ ਸੋਨ ਤਗਮਾ ਦਿਵਾਉਣ ਦੀ ਹੈ। ਭਾਰਤ ਨੇ ਆਖਰੀ ਵਾਰ 1980 ਦੀਆਂ ਮਾਸਕੋ ਓਲੰਪਿਕ ਖੇਡਾਂ ’ਚ ਹਾਕੀ ਦਾ ਸੋਨ ਤਮਗ਼ਾ ਜਿੱਤਿਆ ਸੀ। ਉਸ ਤੋਂ ਬਾਅਦ ਦੇਸ਼ ਨੂੰ ਮੁੜ ਇਸ ਇਤਿਹਾਸਕ ਪਲ ਦੀ ਉਡੀਕ ਹੈ। ਮਨਪ੍ਰੀਤ ਵਰਗੇ ਤਜਰਬੇਕਾਰ ਖਿਡਾਰੀ ਦੀ ਮੌਜੂਦਗੀ ਭਾਰਤੀ ਟੀਮ ਲਈ ਵੱਡੀ ਤਾਕਤ ਸਾਬਤ ਹੋ ਸਕਦੀ ਹੈ।
Publish Date: Wed, 11 Nov 2026 10:59 AM (IST)
Updated Date: Wed, 11 Nov 2026 11:10 AM (IST)
ਜਗਰੂਪ ਸਿੰਘ ਜਰਖੜ : ਭਾਰਤੀ ਹਾਕੀ ਦੇ ਇਤਿਹਾਸ ’ਚ ਕੁਝ ਖਿਡਾਰੀ ਅਜਿਹੇ ਹੁੰਦੇ ਹਨ, ਜਿਹੜੇ ਆਪਣੀ ਖੇਡ, ਮਿਹਨਤ, ਲਗਨ ਤੇ ਸਮਰਪਣ ਨਾਲ ਇੱਕ ਵੱਖਰੀ ਪਛਾਣ ਬਣਾਉਂਦੇ ਹਨ। ਅਜਿਹੇ ਹੀ ਖਿਡਾਰੀਆਂ ’ਚ ਸ਼ੁਮਾਰ ਹੈ ਪੰਜਾਬ ਦੀ ਧਰਤੀ ਦੇ ਜੰਮਪਲ 4 ਵਾਰ ਦੇ ਓਲੰਪੀਅਨ ਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਮਿੱਠਾਪੁਰ ਦਾ। 4 ਓਲੰਪਿਕ ਖੇਡਣ ਤੋਂ ਬਾਅਦ ਵੀ ਉਸ ਦੇ ਹੌਸਲੇ ਬੁਲੰਦ ਹਨ ਤੇ ਉਸ ਦੀਆਂ ਨਜ਼ਰਾਂ ਹੁਣ 2028 ’ਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ’ਤੇ ਟਿਕੀਆਂ ਹੋਈਆਂ ਹਨ। ਮਨਪ੍ਰੀਤ ਸਿੰਘ ਮਿੱਠਾਪੁਰ ਤੋਂ ਪਹਿਲਾਂ ਸਿਰਫ ਚਾਰ ਖਿਡਾਰੀ ਚਾਰ ਆਰੰਪਕਾ ਖੇਡੇ ਹਨ ਜਿਨ੍ਹਾਂ ’ਚ ਸਰਦਾਰ ਊਧਮ ਸਿੰਘ ਕੁਲਾਰ ਸੰਸਾਰਪੁਰ, ਲੇਜਲੀ ਕਲੋਡੀਅਸ, ਧੰਨਰਾਜ ਪਿੱਲੇ, ਗੋਲਕੀਪਰਸਰੀ ਪੀ. ਆਰ ਸ਼੍ਰੀਜੇਸ਼। ਮਨਪ੍ਰੀਤ ਸਿੰਘ ਦਾ ਸੁਪਨਾ ਸਿਰਫ਼ ਪੰਜਵੀਂ ਵਾਰ ਓਲੰਪਿਕ ਖੇਡਣ ਤੱਕ ਸੀਮਤ ਨਹੀਂ, ਸਗੋਂ ਉਹ ਭਾਰਤੀ ਹਾਕੀ ਟੀਮ ਨੂੰ ਓਲੰਪਿਕ ਸੋਨ ਤਮਗ਼ਾ ਜਿੱਤਦਾ ਦੇਖਣਾ ਚਾਹੁੰਦਾ ਹੈ। ਜੇਕਰ ਉਹ 2028 ਦੀਆਂ ਓਲੰਪਿਕ ਖੇਡਾਂ ’ਚ ਭਾਰਤੀ ਟੀਮ ਦਾ ਹਿੱਸਾ ਬਣਦਾ ਹੈ ਤਾਂ ਪੰਜ ਵਾਰ ਓਲੰਪਿਕ ਖੇਡਣ ਵਾਲਾ ਪਹਿਲਾ ਇੱਕੋ ਇੱਕ ਖਿਡਾਰੀ ਮਨਪ੍ਰੀਤ ਹੋਵੇਗਾ।
ਮਿੱਠਾਪੁਰ ਦੀਆਂ ਗਲੀਆਂ ਤੋਂ ਓਲੰਪਿਕ ਦੇ ਮੈਦਾਨ ਤੱਕ ਜਲੰਧਰ ਜ਼ਿਲ੍ਹੇ ਦਾ ਪਿੰਡ ਮਿੱਠਾਪੁਰ ਭਾਰਤੀ ਹਾਕੀ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਨੇ ਭਾਰਤੀ ਹਾਕੀ ਨੂੰ ਕਈ ਅੰਤਰਰਾਸ਼ਟਰੀ ਖਿਡਾਰੀ ਤੇ ਮਹਾਨ ਓਲੰਪੀਅਨ ਦਿੱਤੇ ਹਨ। ਇਸੇ ਪਿੰਡ ਦੀ ਮਿੱਟੀ ’ਚੋਂ ਉੱਠਿਆ ਮਨਪ੍ਰੀਤ ਸਿੰਘ ਬਚਪਨ ਤੋਂ ਹੀ ਹਾਕੀ ਪ੍ਰਤੀ ਸਮਰਪਿਤ ਸੀ।
26 ਜੂਨ 1992 ਨੂੰ ਜਨਮੇ ਮਨਪ੍ਰੀਤ ਨੇ ਆਪਣੀ ਮਿਹਨਤ ਤੇ ਖੇਡ ਪ੍ਰਤੀ ਜਨੂੰਨ ਸਦਕਾ 19 ਸਾਲ ਦੀ ਉਮਰ ’ਚ 2011 ਦੌਰਾਨ ਭਾਰਤੀ ਸੀਨੀਅਰ ਹਾਕੀ ਟੀਮ ’ਚ ਜਗ੍ਹਾ ਬਣਾਈ। ਉਸ ਨੇ ਮਿਡਫੀਲਡਰ ਵਜੋਂ ਆਪਣੀ ਖੇਡ ਦਾ ਅਜਿਹਾ ਲੋਹਾ ਮਨਵਾਇਆ ਕਿ ਜਲਦੀ ਹੀ ਉਹ ਭਾਰਤੀ ਟੀਮ ਦਾ ਅਹਿਮ ਹਿੱਸਾ ਬਣ ਗਿਆ।
ਉਸ ਦੀ ਖੇਡ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਮੈਦਾਨ ’ਚ ਤੇਜ਼ੀ ਨਾਲ ਫੈਸਲੇ ਲੈਣਾ, ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣਾ, ਸਾਥੀ ਖਿਡਾਰੀਆਂ ਨੂੰ ਗੋਲ ਕਰਨ ਦੇ ਮੌਕੇ ਬਣਾਉਣਾ ਤੇ ਮੁਸ਼ਕਲ ਸਮੇਂ ਟੀਮ ਨੂੰ ਸੰਭਾਲਣਾ ਹੈ।
4 ਓਲੰਪਿਕ ਖੇਡਾਂ ਤੇ 2 ਇਤਿਹਾਸਕ ਕਾਂਸੀ ਦੇ ਤਮਗ਼ੇ ਮਨਪ੍ਰੀਤ ਸਿੰਘ ਨੇ ਆਪਣੀ ਖੇਡ ਜ਼ਿੰਦਗੀ ’ਚ ਹੁਣ ਤੱਕ ਚਾਰ ਓਲੰਪਿਕ ਖੇਡਾਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
1. ਲੰਦਨ ਓਲੰਪਿਕ 2012।
2. ਰੀਓ ਡੀ ਜਨੇਰੀਓ ਓਲੰਪਿਕ 2016।
3. ਟੋਕੀਓ ਓਲੰਪਿਕ 2020।
4. ਪੈਰਿਸ ਓਲੰਪਿਕ 2024।
ਟੋਕੀਓ ਓਲੰਪਿਕ 2020 ਮਨਪ੍ਰੀਤ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰੀ ਪੜਾਅ ਬਣਿਆ, ਜਦੋਂ ਉਸ ਦੀ ਕਪਤਾਨੀ ਹੇਠ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਤਮਗ਼ਾ ਜਿੱਤਣ ਦਾ ਮਾਣ ਹਾਸਲ ਕੀਤਾ। ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਦਾ ਤਮਗ਼ਾ ਜਿੱਤਿਆ।
ਇਸ ਇਤਿਹਾਸਕ ਜਿੱਤ ਨਾਲ ਭਾਰਤੀ ਹਾਕੀ ਨੇ ਵਿਸ਼ਵ ਪੱਧਰ ’ਤੇ ਮੁੜ ਆਪਣੀ ਪਛਾਣ ਮਜ਼ਬੂਤ ਕੀਤੀ।
ਇਸ ਤੋਂ ਬਾਅਦ ਪੈਰਿਸ ਓਲੰਪਿਕ 2024 ’ਚ ਵੀ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਤਰ੍ਹਾਂ ਮਨਪ੍ਰੀਤ ਲਗਾਤਾਰ ਦੋ ਓਲੰਪਿਕ ਖੇਡਾਂ ’ਚ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਿਹਾ।
ਟੋਕੀਓ ਓਲੰਪਿਕ ’ਚ ਭਾਰਤੀ ਦਲ ਦਾ ਝੰਡਾਬਰਦਾਰ ਬਣਨ ਦਾ ਮਾਣ ਵੀ ਮਨਪ੍ਰੀਤ ਨੂੰ ਮਿਲਿਆ, ਜੋ ਉਸ ਦੀ ਖੇਡ ਜ਼ਿੰਦਗੀ ਦਾ ਇੱਕ ਹੋਰ ਵੱਡਾ ਸਨਮਾਨ ਸੀ।
ਏਸ਼ਿਆਈ ਖੇਡਾਂ ’ਚ 2 ਸੋਨ ਤਮਗ਼ੇ ਮਨਪ੍ਰੀਤ ਸਿੰਘ ਦੀਆਂ ਪ੍ਰਾਪਤੀਆਂ ਸਿਰਫ਼ ਓਲੰਪਿਕ ਤੱਕ ਹੀ ਸੀਮਤ ਨਹੀਂ ਹਨ। ਉਸ ਨੇ ਏਸ਼ਿਆਈ ਖੇਡਾਂ ’ਚ ਵੀ ਭਾਰਤ ਦਾ ਨਾਂ ਉੱਚਾ ਕੀਤਾ ਹੈ।
2014 ਦੀਆਂ ਇੰਚੀਓਨ ਏਸ਼ਿਆਈ ਖੇਡਾਂ ’ਚ ਭਾਰਤ ਨੇ ਸੋਨ ਤਮਗ਼ਾ ਜਿੱਤਿਆ। ਇਸ ਤੋਂ ਬਾਅਦ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ’ਚ ਕਾਂਸੀ ਦਾ ਤਮਗ਼ਾ ਤੇ 2022 ਤੇ 2026 ਦੀਆਂ ਏਸ਼ੀਅਨ ਖੇਡਾਂ ’ਚ ਮੁੜ ਸੋਨ ਤਮਗ਼ਾ ਜਿੱਤਿਆ।
ਏਸ਼ਿਆਈ ਚੈਂਪੀਅਨਜ਼ ਟਰਾਫੀ ’ਚ ਵੀ ਉਸ ਨੇ ਭਾਰਤ ਦੀਆਂ ਕਈ ਜਿੱਤਾਂ ’ਚ ਅਹਿਮ ਭੂਮਿਕਾ ਨਿਭਾਈ। 2013, 2018, 2023 ਤੇ 2024 ’ਚ ਭਾਰਤ ਦੀਆਂ ਖਿਤਾਬੀ ਜਿੱਤਾਂ ਉਸ ਦੇ ਕਰੀਅਰ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਹਨ।
2014 ਤੇ 2022 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਭਾਰਤ ਵੱਲੋਂ ਚਾਂਦੀ ਦੇ ਤਮਗ਼ੇ ਜਿੱਤਣ ਵਾਲੀ ਟੀਮ ’ਚ ਵੀ ਮਨਪ੍ਰੀਤ ਸ਼ਾਮਲ ਰਿਹਾ।
ਅੰਤਰਰਾਸ਼ਟਰੀ ਹਾਕੀ ’ਚ ਨਵਾਂ ਰਿਕਾਰਡ ਮਨਪ੍ਰੀਤ ਦੀ ਸਭ ਤੋਂ ਵੱਡੀ ਪ੍ਰਾਪਤੀ ਉਸ ਦੀ ਲੰਬੀ ਖੇਡ ਉਮਰ ਤੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਹੈ।
17 ਜੂਨ 2026 ਨੂੰ ਹਾਕੀ ਇੰਡੀਆ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ 413 ਅੰਤਰਰਾਸ਼ਟਰੀ ਮੈਚ ਖੇਡ ਕੇ ਭਾਰਤੀ ਪੁਰਸ਼ ਹਾਕੀ ’ਚ ਸਭ ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ। ਉਸ ਨੇ ਸਾਬਕਾ ਕਪਤਾਨ ਦਿਲੀਪ ਟਿਰਕੀ ਦੇ 412 ਮੈਚਾਂ ਦੇ ਰਿਕਾਰਡ ਨੂੰ ਪਿੱਛੇ ਛੱਡਿਆ।
ਇਹ ਪ੍ਰਾਪਤੀ ਉਸ ਦੀ ਫਿਟਨੈੱਸ, ਅਨੁਸ਼ਾਸਨ, ਖੇਡ ਪ੍ਰਤੀ ਸਮਰਪਣ ਤੇ ਲੰਬੇ ਸਮੇਂ ਤੱਕ ਉੱਚ ਪੱਧਰੀ ਪ੍ਰਦਰਸ਼ਨ ਕਰਨ ਦੀ ਸਮਰੱਥਾ ਦਾ ਸਬੂਤ ਹੈ।
ਖੇਡ ਜਗਤ ਦੇ ਵੱਕਾਰੀ ਐਵਾਰਡਾਂ ਨਾਲ ਸਨਮਾਨਿਤ ਭਾਰਤੀ ਹਾਕੀ ’ਚ ਪਾਏ ਯੋਗਦਾਨ ਲਈ ਮਨਪ੍ਰੀਤ ਸਿੰਘ ਨੂੰ ਕਈ ਵੱਕਾਰੀ ਸਨਮਾਨ ਮਿਲੇ ਹਨ।
- 2014 ਤੇ 2021 ’ਚ ਹਾਕੀ ਇੰਡੀਆ ਦਾ ਮਿਡਫੀਲਡਰ ਆਫ ਦਿ ਈਅਰ ਐਵਾਰਡ।
- 2018 ’ਚ ਭਾਰਤ ਸਰਕਾਰ ਵੱਲੋਂ ਅਰਜੁਨ ਐਵਾਰਡ।
- 2019 ’ਚ ਐਫਆਈਐਚ ਪਲੇਅਰ ਆਫ ਦਿ ਈਅਰ ਐਵਾਰਡ।
- 2019 ’ਚ ਹਾਕੀ ਇੰਡੀਆ ਦਾ ਬਲਬੀਰ ਸਿੰਘ ਸੀਨੀਅਰ ਪਲੇਅਰ ਆਫ ਦਿ ਈਅਰ ਐਵਾਰਡ।
- 2021 ’ਚ ਦੇਸ਼ ਦਾ ਵੱਕਾਰੀ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ।
ਇਹ ਸਨਮਾਨ ਉਸ ਦੀ ਖੇਡ ਪ੍ਰਤਿਭਾ ਤੇ ਭਾਰਤੀ ਹਾਕੀ ਵਿੱਚ ਪਾਏ ਯੋਗਦਾਨ ਦੀ ਗਵਾਹੀ ਭਰਦੇ ਹਨ।
ਪੰਜਾਬ ਪੁਲਿਸ ’ਚ ਐੱਸ.ਪੀ. ਪਰ ਦਿਲ ’ਚ ਹਾਕੀ ਦਾ ਜਨੂੰਨ ਮਨਪ੍ਰੀਤ ਸਿੰਘ ਪੰਜਾਬ ਪੁਲਿਸ ’ਚ ਐੱਸ.ਪੀ. ਦੇ ਅਹੁਦੇ ’ਤੇ ਸੇਵਾਵਾਂ ਨਿਭਾ ਰਿਹਾ ਹੈ। ਇੱਕ ਜ਼ਿੰਮੇਵਾਰ ਪੁਲਿਸ ਅਧਿਕਾਰੀ ਵਜੋਂ ਆਪਣੀ ਡਿਊਟੀ ਨਿਭਾਉਣ ਦੇ ਨਾਲ-ਨਾਲ ਹਾਕੀ ਉਸ ਦੇ ਜੀਵਨ ਦਾ ਅਟੁੱਟ ਹਿੱਸਾ ਬਣੀ ਹੋਈ ਹੈ।
ਉਸ ਲਈ ਹਾਕੀ ਸਿਰਫ਼ ਇੱਕ ਖੇਡ ਨਹੀਂ, ਸਗੋਂ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮਾਣ ਤੇ ਪੰਜਾਬ ਦੀ ਖੇਡ ਵਿਰਾਸਤ ਨੂੰ ਅੱਗੇ ਵਧਾਉਣ ਦਾ ਜ਼ਰੀਆ ਹੈ।
ਉਮਰ ਦੇ ਇੱਕ ਅਹਿਮ ਪੜਾਅ ਉੱਤੇ ਪਹੁੰਚਣ ਦੇ ਬਾਵਜੂਦ ਉਸ ਦਾ ਪੰਜਵੀਂ ਓਲੰਪਿਕ ਖੇਡਣ ਦਾ ਸੁਪਨਾ ਇਹ ਦਰਸਾਉਂਦਾ ਹੈ ਕਿ ਅਸਲ ਖਿਡਾਰੀ ਕਦੇ ਵੀ ਆਪਣੇ ਟੀਚੇ ਤੋਂ ਪਿੱਛੇ ਨਹੀਂ ਹਟਦਾ।
2028 ਲਾਸ ਏਂਜਲਸ ਓਲੰਪਿਕ – ਨਵਾਂ ਇਤਿਹਾਸ ਸਿਰਜਣ ਦੀ ਉਮੀਦ ਹੁਣ ਮਨਪ੍ਰੀਤ ਸਿੰਘ ਦੀਆਂ ਨਜ਼ਰਾਂ 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ’ਤੇ ਹਨ। ਜੇਕਰ ਉਹ ਆਪਣੀ ਫਿਟਨੈੱਸ, ਖੇਡ ਪ੍ਰਦਰਸ਼ਨ ਤੇ ਚੋਣ ਦੇ ਮਾਪਦੰਡਾਂ ਉੱਤੇ ਖਰਾ ਉਤਰਦਾ ਹੈ ਤਾਂ ਪੰਜਵੀਂ ਵਾਰ ਓਲੰਪਿਕ ਖੇਡਣ ਦਾ ਉਸ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
ਉਸ ਦੀ ਸਭ ਤੋਂ ਵੱਡੀ ਇੱਛਾ ਭਾਰਤ ਨੂੰ ਓਲੰਪਿਕ ਸੋਨ ਤਗਮਾ ਦਿਵਾਉਣ ਦੀ ਹੈ। ਭਾਰਤ ਨੇ ਆਖਰੀ ਵਾਰ 1980 ਦੀਆਂ ਮਾਸਕੋ ਓਲੰਪਿਕ ਖੇਡਾਂ ’ਚ ਹਾਕੀ ਦਾ ਸੋਨ ਤਮਗ਼ਾ ਜਿੱਤਿਆ ਸੀ। ਉਸ ਤੋਂ ਬਾਅਦ ਦੇਸ਼ ਨੂੰ ਮੁੜ ਇਸ ਇਤਿਹਾਸਕ ਪਲ ਦੀ ਉਡੀਕ ਹੈ।
ਮਨਪ੍ਰੀਤ ਵਰਗੇ ਤਜਰਬੇਕਾਰ ਖਿਡਾਰੀ ਦੀ ਮੌਜੂਦਗੀ ਭਾਰਤੀ ਟੀਮ ਲਈ ਵੱਡੀ ਤਾਕਤ ਸਾਬਤ ਹੋ ਸਕਦੀ ਹੈ। ਉਸ ਦੇ ਤਜਰਬੇ ਤੋਂ ਨੌਜਵਾਨ ਖਿਡਾਰੀਆਂ ਨੂੰ ਵੀ ਬਹੁਤ ਕੁਝ ਸਿੱਖਣ ਦਾ ਮੌਕਾ ਮਿਲ ਸਕਦਾ ਹੈ।
ਧਿਆਨ ਚੰਦ ਵਾਂਗ ਸਦੀਆਂ ਤੱਕ ਯਾਦ ਰਹਿਣ ਦੀ ਇੱਛਾ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੇ ਆਪਣੀ ਖੇਡ ਨਾਲ ਵਿਸ਼ਵ ਹਾਕੀ ’ਚ ਭਾਰਤ ਦਾ ਨਾਂ ਸੁਨਹਿਰੀ ਅੱਖਰਾਂ ’ਚ ਦਰਜ ਕਰਵਾਇਆ ਸੀ। ਮਨਪ੍ਰੀਤ ਸਿੰਘ ਵੀ ਆਪਣੀਆਂ ਪ੍ਰਾਪਤੀਆਂ ਤੇ ਭਵਿੱਖ ਦੇ ਟੀਚਿਆਂ ਰਾਹੀਂ ਭਾਰਤੀ ਹਾਕੀ ਦੇ ਇਤਿਹਾਸ ’ਚ ਇੱਕ ਅਜਿਹੀ ਪਛਾਣ ਬਣਾਉਣਾ ਚਾਹੁੰਦਾ ਹੈ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ।
4 ਓਲੰਪਿਕ, 2 ਓਲੰਪਿਕ ਕਾਂਸੀ ਦੇ ਤਮਗ਼ੇ, 3 ਏਸ਼ਿਆਈ ਖੇਡਾਂ ਦੇ ਸੋਨ ਤਮਗ਼ੇ, ਕਈ ਕੌਮਾਂਤਰੀ ਖਿਤਾਬ ਤੇ 413 ਅੰਤਰਰਾਸ਼ਟਰੀ ਮੈਚਾਂ ਦਾ ਰਿਕਾਰਡ ਉਸ ਦੀ ਸ਼ਾਨਦਾਰ ਖੇਡ ਯਾਤਰਾ ਦਾ ਹਿੱਸਾ ਹਨ।
ਮਨਪ੍ਰੀਤ ਸਿੰਘ ਮਿੱਠਾਪੁਰ ਦੀ ਕਹਾਣੀ ਸਿਰਫ਼ ਇੱਕ ਹਾਕੀ ਖਿਡਾਰੀ ਦੀ ਕਹਾਣੀ ਨਹੀਂ, ਸਗੋਂ ਸੰਘਰਸ਼, ਅਨੁਸ਼ਾਸਨ, ਹਿੰਮਤ ਅਤੇ ਕਦੇ ਨਾ ਮੁੱਕਣ ਵਾਲੇ ਜਜ਼ਬੇ ਦੀ ਕਹਾਣੀ ਹੈ।
ਜੇਕਰ 2028 ਵਿੱਚ ਉਹ ਪੰਜਵੀਂ ਵਾਰ ਓਲੰਪਿਕ ਦੇ ਮੈਦਾਨ ’ਚ ਉਤਰਦਾ ਹੈ ਤੇ ਭਾਰਤ ਨੂੰ ਸੋਨ ਤਮਗ਼ਾ ਜਿੱਤਾਉਣ ’ਚ ਸਫਲ ਹੁੰਦਾ ਹੈ ਤਾਂ ਇਹ ਉਸ ਦੇ ਨਿੱਜੀ ਕਰੀਅਰ ਦੇ ਨਾਲ-ਨਾਲ ਭਾਰਤੀ ਹਾਕੀ ਲਈ ਵੀ ਇੱਕ ਇਤਿਹਾਸਕ ਪ੍ਰਾਪਤੀ ਹੋਵੇਗੀ।
ਮਿੱਠਾਪੁਰ ਦਾ ਇਹ ਪੁੱਤ ਜੇ ਰੁਕਣ ਲਈ ਤਿਆਰ ਨਹੀਂ। ਉਸ ਦੀ ਮੰਜ਼ਿਲ ਅਜੇ ਦੂਰ ਹੈ, ਨਿਸ਼ਚਾ ਦ੍ਰਿੜ ਹੈ ਅਤੇ ਉਸ ਦੀਆਂ ਨਜ਼ਰਾਂ ਭਾਰਤੀ ਹਾਕੀ ਦੇ ਸੁਨਹਿਰੀ ਭਵਿੱਖ ਉੱਤੇ ਟਿਕੀਆਂ ਹੋਈਆਂ ਹਨ।