'ਸਟਾਰਟਿੰਗ ਲਾਈਨ 'ਤੇ ਖੜ੍ਹੇ ਹੁੰਦਿਆਂ ਸਿਰਫ਼ ਮੈਡਲ ਦਿਸਦਾ ਹੈ', ਏਸ਼ਿਆਈ ਖੇਡਾਂ 'ਚ ਜਿੱਤ ਲਈ ਪੂਰੀ ਤਰ੍ਹਾਂ ਤਿਆਰ ਹਨ ਦੌੜਾਕ ਗੁਲਵੀਰ ਸਿੰਘ
ਗੁਲਵੀਰ ਨੇ ਕਿਹਾ ਕਿ ਯਕੀਨੀ ਤੌਰ ’ਤੇ ਦਬਾਅ ਹੋਵੇਗਾ ਕਿਉਂਕਿ ਏਸ਼ਿਆਈ ਖੇਡਾਂ ’ਚ ਉੱਚ ਪੱਧਰ ਦੇ ਐਥਲੀਟ ਹਿੱਸਾ ਲੈਂਦੇ ਹਨ। ਰਾਸ਼ਟਰਮੰਡਲ ਖੇਡਾਂ ’ਚ ਮੈਡਲ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ। ਸਰਕਾਰ ਤੋਂ ਲਗਾਤਾਰ ਸੁਪੋਰਟ ਵੀ ਮਿਲੀ ਹੈ, ਜੋ ਬੇਹੱਦ ਅਹਿਮ ਹੈ
Publish Date: Mon, 14 Sep 2026 12:16 PM (IST)
Updated Date: Mon, 14 Sep 2026 12:21 PM (IST)
ਨਵੀਂ ਦਿੱਲੀ (ਆਈਏਐੱਨਐੱਸ) : ਹਾਲ ਹੀ ਵਿਚ ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਆਪਣੀ ਸਫਲਤਾ ਤੋਂ ਉਤਸ਼ਾਹਿਤ ਭਾਰਤ ਦੇ ਸਿਖਰਲੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਦੀਆਂ ਨਜ਼ਰਾਂ ਹੁਣ 19 ਸਤੰਬਰ ਤੋਂ ਜਾਪਾਨ ਦੇ ਆਇਟੀ ਨਾਗੋਯਾ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ’ਚ ਭਾਰਤ ਲਈ ਮੈਡਲ ਜਿੱਤਣ ’ਤੇ ਟਿਕੀਆਂ ਹਨ। ਗੁਲਵੀਰ ਨੇ ਕਿਹਾ ਕਿ ਇਕ ਵਾਰ ਜਦੋਂ ਉਹ ਸਟਾਰਟਿੰਗ ਲਾਈਨ ’ਤੇ ਖੜ੍ਹਾ ਹੋ ਜਾਂਦਾ ਹੈ ਤਾਂ ਉਸਦਾ ਪੂਰਾ ਧਿਆਨ ਮੁਕਾਬਲੇਬਾਜ਼ਾਂ ਦੇ ਸਬੰਧ ’ਚ ਸੋਚਣ ਦੀ ਬਜਾਏ ਮੈਡਲ ਜਿੱਤਣ ’ਤੇ ਰਹਿੰਦਾ ਹੈ।
ਗੁਲਵੀਰ ਨੇ ਕਿਹਾ ਕਿ ਯਕੀਨੀ ਤੌਰ ’ਤੇ ਦਬਾਅ ਹੋਵੇਗਾ ਕਿਉਂਕਿ ਏਸ਼ਿਆਈ ਖੇਡਾਂ ’ਚ ਉੱਚ ਪੱਧਰ ਦੇ ਐਥਲੀਟ ਹਿੱਸਾ ਲੈਂਦੇ ਹਨ। ਰਾਸ਼ਟਰਮੰਡਲ ਖੇਡਾਂ ’ਚ ਮੈਡਲ ਨੇ ਮੈਨੂੰ ਬਹੁਤ ਆਤਮਵਿਸ਼ਵਾਸ ਦਿੱਤਾ। ਸਰਕਾਰ ਤੋਂ ਲਗਾਤਾਰ ਸੁਪੋਰਟ ਵੀ ਮਿਲੀ ਹੈ, ਜੋ ਬੇਹੱਦ ਅਹਿਮ ਹੈ। ਗੁਲਵੀਰ ਇਨ੍ਹਾਂ ਖੇਡਾਂ ’ਚ 500 ਮੀਟਰ, 5000 ਮੀਟਰ ਤੇ 10,000 ਮੀਟਰ ਇਵੈਂਟ ’ਚ ਹਿੱਸਾ ਲਵੇਗਾ। ਗਲਾਸਗੋ ’ਚ ਰਾਸ਼ਟਰਮੰਡਲ ਖੇਡਾਂ ’ਚ ਗੁਲਵੀਰ ਨੇ ਮਰਦਾਂ ਦੀ 5000 ਮੀਟਰ ਰੇਸ ’ਚ 13:24.95 ਦਾ ਸਮਾਂ ਕੱਢ ਕੇ ਬਰਾਊਂਜ਼ ਮੈਡਲ ਜਿੱਤਿਆ। ਇਸ ਤੋਂ ਬਾਅਦ ਮਰਦਾਂ ਦੀ 10,000 ਮੀਟਰ ਰੇਸ ’ਚ 27:49.78 ਦੀ ਟਾਈਮਿੰਗ ਨਾਲ ਸਿਲਵਰ ਮੈਡਲ ਜਿੱਤਿਆ। ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਲਈ ਇਹ ਇਤਿਹਾਸਕ ਪਹਿਲਾ ਮੌਕਾ ਸੀ।
ਗੁਲਵੀਰ ਨੇ ਕਿਹਾ ਕਿ ਜਦੋਂ ਤੁਸੀਂ ਸਟਾਰਟਿੰਗ ਲਾਈਨ ’ਤੇ ਖੜ੍ਹੇ ਹੁੰਦੇ ਹੋ ਤਾਂ ਤੁਹਾਡੇ ਦਿਮਾਗ਼ ’ਚ ਬਸ ਇਕ ਹੀ ਖ਼ਿਆਲ ਹੁੰਦਾ ਹੈ, ਦੇਸ਼ ਲਈ ਮੈਡਲ ਜਿੱਤਣਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡੇ ਨਾਲ ਕੌਣ ਖੜ੍ਹਾ ਹੈ। ਹਰ ਕੋਈ ਬਰਾਬਰ ਮਿਹਨਤ ਕਰਦਾ ਹੈ, ਤੇ ਰੇਸ ਦੇ ਦਿਨ, ਸਭ ਕੁਝ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿਸਦਾ ਸਰੀਰ ਬਿਹਤਰ ਤਰੀਕੇ ਨਾਲ ਟਿਕਦਾ ਹੈ। ਸਾਰੇ ਮੁਕਾਬਲੇਬਾਜ਼ ਪੂਰੀ ਤਿਆਰੀ ਨਾਲ ਆਉਣਗੇ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਭਾਰਤ ਲਈ ਮੈਡਲ ਲਿਆਵਾਂਗਾ। ਪਹਿਲਾਂ ਅਸੀਂ ਸੋਚਦੇ ਸੀ ਕਿ ਵਿਦੇਸ਼ੀ ਦੌੜਾਕ ਸਾਡੇ ਤੋਂ ਕਿਤੇ ਬਿਹਤਰ ਹਨ ਪਰ ਵੱਡੀ ਸਟੇਜ ’ਤੇ ਉਨ੍ਹਾਂ ਨਾਲ ਮੁਕਾਬਲਾ ਕਰਨ ਤੋਂ ਬਾਅਦ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਉਨ੍ਹਾਂ ਦੇ ਪੱਧਰ ’ਤੇ ਹਾਂ। ਮੇਰਾ ਕੋਚ ਸਕਾਟ ਸਿਮੰਸ ਅੰਤਰਰਾਸ਼ਟਰੀ ਦੌੜਾਕਾਂ ਦੇ ਗੇਮ ਪਲਾਨ ਦਾ ਵਿਸ਼ਲੇਸ਼ਣ ਕਰ ਕੇ ਖ਼ਾਸ ਤੌਰ ’ਤੇ ਸਾਡੇ ਟ੍ਰੇਨਿੰਗ ਸੈਸ਼ਨ ਨੂੰ ਡਿਜ਼ਾਈਨ ਕਰਦਾ ਹੈ।