ਮੀਂਹ ਵਿਚਾਲੇ ਏਸ਼ਿਆਈ ਖੇਡਾਂ 'ਚ ਐਥਲੈਟਿਕਸ ਦਾ ਸ਼ਾਨਦਾਰ ਪ੍ਰਦਰਸ਼ਨ, ਭਾਰਤ ਨੇ ਇੱਕ ਗੋਲਡ ਸਮੇਂਤ ਜਿੱਤੇ 5 ਤਮਗੇ
ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਏਸ਼ਿਆਈ ਖੇਡਾਂ ’ਚ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਮਰਦਾਂ ਦੀ 5000 ਮੀਟਰ ਰੇਸ ’ਚ 13 ਮਿੰਟ 32.75 ਸਕਿੰਟਾਂ ਦਾ ਸਮਾਂ ਕੱਢ ਕੇ ਕਾਂਸੀ ਦਾ ਤਮਗਾ ਜਿੱਤਿਆ, ਜੋ ਇਨ੍ਹਾਂ ਖੇਡਾਂ ’ਚ ਉਸ ਦਾ ਤੀਜਾ ਤਮਗਾ ਸੀ
Publish Date: Wed, 30 Sep 2026 11:24 AM (IST)
Updated Date: Wed, 30 Sep 2026 11:29 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਇਚੀ-ਨਾਗੋਯਾ ’ਚ ਚੱਲ ਰਹੀਆਂ 20ਵੀਆਂ ਏਸ਼ਿਆਈ ਖੇਡਾਂ ਦੇ ਟਰੈਕ ਐਂਡ ਫੀਲਡ ਮੁਕਾਬਲਿਆਂ ’ਚ ਭਾਰਤ ਲਈ ਮੰਗਲਵਾਰ ਦਾ ਦਿਨ ਬਹੁਤ ਹੀ ਸ਼ਾਨਦਾਰ ਰਿਹਾ। ਨਾਗੋਯਾ ’ਚ ਮੀਂਹ ਵਿਚਾਲੇ ਭਾਰਤ ਨੇ ਇਕ ਸੋਨੇ ਦੇ ਤਮਗੇ ਸਮੇਤ ਪੰਜ ਤਮਗੇ ਆਪਣੇ ਨਾਂ ਕੀਤੇ। ਭਾਰਤ ਦੀਆਂ ਕਿਰਨ ਪਹਿਲ, ਪੂਵੰਮਾ ਮਾਚੇਤਿਰਾ, ਪ੍ਰਾਚੀ ਤੇ ਵਿੱਥਿਆ ਰਾਮਰਾਜ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ’ਚ ਮਹਿਲਾਵਾਂ ਦੀ 4x400 ਮੀਟਰ ਰੇਸ ’ਚ ਸੋਨਾ ਜਿੱਤਿਆ, ਜੋ ਕਿ ਇਨ੍ਹਾਂ ਖੇਡਾਂ ’ਚ ਐਥਲੈਟਿਕਸ ’ਚ ਭਾਰਤ ਦਾ ਪਹਿਲਾ ਸੋਨਾ ਹੈ। ਭਾਰਤੀ ਟੀਮ ਨੇ ਤਿੰਨ ਮਿੰਟ 29.69 ਸਕਿੰਟ ਦਾ ਸਮਾਂ ਕੱਢਿਆ। ਬਹਿਰੀਨ ਦੂਜੇ ਤੇ ਚੀਨ ਤੀਜੇ ਸਥਾਨ ’ਤੇ ਰਿਹਾ।
ਇਸ ਤੋਂ ਪਹਿਲਾਂ ਗੁਰਿੰਦਰਵੀਰ ਸਿੰਘ, ਅਨਿਮੇਸ਼ ਕੁਜੂਰ, ਸਨੇਹਾ ਸੱਤਿਆਨਾਰਾਇਣ ਤੇ ਹਰਿਤਾ ਭਦਰਾ ਨੇ 4x100 ਮੀਟਰ ਮਿਕਸਡ ਰਿਲੇਅ ਫਾਈਨਲ ’ਚ ਸੈਸ਼ਨ ਦਾ ਸਰਬੋਤਮ 41.06 ਸਕਿੰਟਾਂ ਦਾ ਸਮਾਂ ਕੱਢ ਕੇ ਕਾਂਸੀ ਦਾ ਤਮਗਾ ਜਿੱਤਿਆ। ਚੀਨ ਨੂੰ ਸੋਨਾ ਤੇ ਥਾਈਲੈਂਡ ਨੂੰ ਚਾਂਦੀ ਮਿਲੀ। ਇਸੇ ਤਰ੍ਹਾਂ, ਮਰਦਾਂ ਦੀ 4x400 ਮੀਟਰ ਰਿਲੇਅ ’ਚ ਵਿਸ਼ਾਲ, ਧਰਮਵੀਰ, ਮਨੂ ਤੇ ਰਾਜੇਸ਼ ਨੇ ਕਾਂਸੀ ਦਾ ਤਮਗਾ ਜਿੱਤਿਆ। ਭਾਰਤ ਦੇ ਦੇਵ ਕੁਮਾਰ ਮੀਣਾ ਨੇ ਮਰਦਾਂ ਦੇ ਪੋਲ ਵਾਲਟ ’ਚ ਰਾਸ਼ਟਰੀ ਰਿਕਾਰਡ ਬਣਾਉਂਦੇ ਹੋਏ 5.50 ਮੀਟਰ ਦੀ ਕੋਸ਼ਿਸ਼ ਕੀਤੀ ਪਰ ਉਹ ਸੱਤਵੇਂ ਸਥਾਨ ’ਤੇ ਰਿਹਾ। ਮਹਿਲਾਵਾਂ ਦੀ 800 ਮੀਟਰ ’ਚ ਪੂਜਾ ਓਲਾ ਤੇ ਮਰਦਾਂ ’ਚ ਮੁਹੰਮਦ ਅਫਜ਼ਲ ਲੜੀਵਾਰ ਸੱਤਵੇਂ ਤੇ ਅੱਠਵੇਂ ਸਥਾਨ ’ਤੇ ਰਹੇ।
ਗੁਲਵੀਰ ਦਾ ਇਤਿਹਾਸਕ ਪ੍ਰਦਰਸ਼ਨ, ਲਗਾਈ ਤਮਗਿਆਂ ਦੀ ਹੈਟ੍ਰਿਕ ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਏਸ਼ਿਆਈ ਖੇਡਾਂ ’ਚ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦੇ ਹੋਏ ਮਰਦਾਂ ਦੀ 5000 ਮੀਟਰ ਰੇਸ ’ਚ 13 ਮਿੰਟ 32.75 ਸਕਿੰਟਾਂ ਦਾ ਸਮਾਂ ਕੱਢ ਕੇ ਕਾਂਸੀ ਦਾ ਤਮਗਾ ਜਿੱਤਿਆ, ਜੋ ਇਨ੍ਹਾਂ ਖੇਡਾਂ ’ਚ ਉਸ ਦਾ ਤੀਜਾ ਤਮਗਾ ਸੀ। ਗੁਲਵੀਰ ਨੇ ਇਸ ਤੋਂ ਪਹਿਲਾਂ ਮਰਦਾਂ ਦੀ 1500 ਮੀਟਰ ਤੇ 10000 ਮੀਟਰ ਦੌੜ ’ਚ ਸਿਲਵਰ ਮੈਡਲ ਜਿੱਤਿਆ ਸੀ। ਇਸ ਨਾਲ ਉਹ ਟਰੈਕ ਐਂਡ ਫੀਲਡ ਮੁਕਾਬਲਿਆਂ ’ਚ ਇਕ ਹੀ ਏਸ਼ਿਆਈ ਖੇਡਾਂ ’ਚ ਤਿੰਨ ਤਮਗੇ ਜਿੱਤਣ ਵਾਲਾ ਭਾਰਤ ਦਾ ਦੂਜਾ ਮਰਦ ਖਿਡਾਰੀ ਬਣ ਗਿਆ ਹੈ। ਇਸ ਤੋਂ ਪਹਿਲਾਂ 1951 ’ਚ ਦਿੱਲੀ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਭਾਰਤ ਦੇ ਲੇਵੀ ਪਿੰਟੋ ਨੇ 100 ਮੀਟਰ, 200 ਮੀਟਰ ’ਚ ਸੋਨਾ ਤੇ ਚਾਰ ਗੁਣਾ 100 ਮੀਟਰ ਰਿਲੇਅ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਇਸੇ ਤਰ੍ਹਾਂ, ਪੀਟੀ ਊਸ਼ਾ ਨੇ ਸਿਓਲ ’ਚ 1986 ਦੀਆਂ ਏਸ਼ਿਆਈ ਖੇਡਾਂ ’ਚ ਚਾਰ ਗੋਲਡ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ ਸੀ। ਮੱਧ ਦੂਰੀ ਦੀ ਦੌੜਾਕ ਕੇਐਮ ਬੀਨਾਮੋਲ ਨੇ 2002 ਬੁਸਾਨ ਏਸ਼ਿਆਈ ਖੇਡਾਂ ’ਚ ਤਿੰਨ ਤਮਗੇ ਜਿੱਤੇ ਸਨ। ਮਰਦਾਂ ਦੇ 5000 ਮੀਟਰ ਮੁਕਾਬਲੇ ’ਚ ਰਾਸ਼ਟਰੀ ਰਿਕਾਰਡਧਾਰਕ ਗੁਲਵੀਰ ਨੇ 2026 ਗਲਾਸਗੋ ਰਾਸ਼ਟਰਮੰਡਲ ਖੇਡਾਂ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਰਾਸ਼ਟਰਮੰਡਲ ਖੇਡਾਂ ’ਚ ਇਸ ਮੁਕਾਬਲੇ ’ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਮਰਦ ਬਣਿਆ।
ਪੂਜਾ ਨੇ ਉੱਚੀ ਛਾਲ ’ਚ 24 ਸਾਲ ਦਾ ਸੋਕਾ ਮੁਕਾਇਆ ਇਸ ਦੌਰਾਨ, ਪੂਜਾ ਨੇ ਮਹਿਲਾਵਾਂ ਦੀ ਉੱਚੀ ਛਾਲ ’ਚ ਕਾਂਸੀ ਦਾ ਤਮਗਾ ਜਿੱਤ ਕੇ 24 ਸਾਲ ਦੇ ਸੋਕੇ ਨੂੰ ਖ਼ਤਮ ਕਰ ਦਿੱਤਾ। ਫਾਈਨਲ ’ਚ ਪੂਜਾ ਨੇ 1.84 ਮੀਟਰ ਦੀ ਛਾਲ ਨਾਲ ਤੀਜਾ ਸਥਾਨ ਹਾਸਲ ਕੀਤਾ। ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ’ਚ 1.93 ਮੀਟਰ ਦੀ ਛਾਲ ਨਾਲ ਸਹਾਨਾ ਕੁਮਾਰੀ ਦਾ 14 ਸਾਲ ਪੁਰਾਣਾ ਨੈਸ਼ਨਲ ਰਿਕਾਰਡ ਤੋੜਨ ਵਾਲੀ 19 ਸਾਲਾ ਪੂਜਾ ਮੰਗਲਵਾਰ ਨੂੰ ਫਾਈਨਲ ’ਚ 1.84 ਮੀਟਰ ਦੀ ਛਾਲ ਤੋਂ ਬਾਅਦ ਅੱਗੇ ਰਹੀ ਪਰ ਤਿੰਨ ਕੋਸ਼ਿਸ਼ਾਂ ਦੇ ਬਾਵਜੂਦ 1.87 ਮੀਟਰ ਦੀ ਉੱਚਾਈ ਪਾਰ ਨਹੀਂ ਕਰ ਸਕੀ, ਜਿਸ ਕਾਰਨ ਉਸ ਨੂੰ ਕਾਂਸੀ ਦਾ ਤਮਗਾ ਮਿਲਿਆ। ਇਹ ਏਸ਼ਿਆਈ ਖੇਡਾਂ ’ਚ ਮਹਿਲਾਵਾਂ ਦੀ ਉੱਚੀ ਛਾਲ ’ਚ ਭਾਰਤ ਦਾ ਪਹਿਲਾ ਕਾਂਸੀ ਤਮਗਾ ਹੈ। ਇਸ ਤੋਂ ਪਹਿਲਾਂ ਬਾਬੀ ਐਲਾਇਸੀਅਸ ਨੇ 2002 ’ਚ ਚਾਂਦੀ ਦਾ ਤਮਗਾ ਜਿੱਤਿਆ ਸੀ। ਪੂਜਾ ਤੋਂ ਪਹਿਲਾਂ ਸੋਮਵਾਰ ਨੂੰ ਸਰਵੇਸ਼ ਕੁਸ਼ਾਰੇ ਨੇ ਮਰਦਾਂ ਦੀ ਉੱਚੀ ਛਾਲ ’ਚ ਚਾਂਦੀ ਦਾ ਤਮਗਾ ਜਿੱਤਿਆ ਸੀ।