ਆਈਸਕ੍ਰੀਮ ਤੇ ਗਣਿਤ ਤੋਂ ਦੂਰੀ ਬਣਾ ਕੇ 17 ਸਾਲਾ ਤੀਰਅੰਦਾਜ਼ ਕੁਮਕੁਮ ਮਹੋੜ ਨੇ ਰਚਿਆ ਇਤਿਹਾਸ, ਜਿੱਤਿਆ ਗੋਲਡ ਮੈਡਲ
11 ਸਤੰਬਰ ਨੂੰ ਇੱਥੇ ਆਉਣ ਤੋਂ ਬਾਅਦ ਮੈਂ ਆਈਸਕ੍ਰੀਮ ਨਹੀਂ ਖਾਧੀ। ਇਹ ਮੁਸ਼ਕਲ ਸੀ, ਪਰ ਮੇਰੇ ਮਨ ’ਚ ਆਪਣਾ ਟੀਚਾ ਸੀ।" ਉਸ ਨੇ ਕਿਹਾ ਕਿ "ਮੇਰੀ ਮਾਂ ਨੇ ਮੈਨੂੰ ਤੀਰਅੰਦਾਜ਼ੀ ਬਾਰੇ ਜਾਣੂ ਕਰਵਾਇਆ।
Publish Date: Sun, 04 Oct 2026 11:35 AM (IST)
Updated Date: Sun, 04 Oct 2026 11:40 AM (IST)
ਨਾਗੋਯਾ, (ਪੀਟੀਆਈ) : ਨਿਸ਼ਾਨਾ ਲਗਾਉਂਦੇ ਸਮੇਂ 17 ਸਾਲ ਦੀ ਉਮਰ ਦੇ ਬਾਵਜੂਦ ਕੁਮਕੁਮ ਮਹੋੜ ਦਾ ਸਬਰ ਤੇ ਆਤਮਵਿਸ਼ਵਾਸ ਦੇਖਣਯੋਗ ਸੀ। ਪਰ ਜਿਵੇਂ ਹੀ ਉਹ ਧਨੁਸ਼ ਨੂੰ ਹੇਠਾਂ ਰੱਖਦੀ ਹੈ ਤਾਂ ਉਨ੍ਹਾਂ ਦੇ ਅੰਦਰਲਾ ਬੱਚਾ ਬਾਹਰ ਆ ਜਾਂਦਾ ਹੈ। ਭਾਰਤੀ ਤੀਰਅੰਦਾਜ਼ੀ ਦੇ ਇਸ ਯੁਵਾ ਸਿਤਾਰੇ ਨੂੰ ਆਈਸਕ੍ਰੀਮ ਬਹੁਤ ਪਸੰਦ ਹੈ, ਪਰ ਏਸ਼ਿਆਈ ਖੇਡਾਂ ਤੋਂ ਪਹਿਲਾਂ ਉਸ ਨੇ ਇਸ ਨੂੰ ਛੱਡ ਦਿੱਤਾ। ਹੁਣ ਇਤਿਹਾਸਕ ਤੌਰ 'ਤੇ ਦੋ ਗੋਲਡ ਮੈਡਲ ਜਿੱਤਣ ਮਗਰੋਂ ਉਸਦੇ ਸਾਹਮਣੇ ਗਣਿਤ ਪ੍ਰਤੀ ਆਪਣੇ ਪਿਆਰ ਨੂੰ ਮੁੜ ਕਾਇਮ ਕਰਨ ਦੀ ਚੁਣੌਤੀ ਹੈ।
ਮਹਾਰਾਸ਼ਟਰ ਦੀ 17 ਸਾਲਾ ਕੁਮਕੁਮ ਨੇ ਇਸ ਸਾਲ ਵਿਸ਼ਵ ਕੱਪ ’ਚ ਮਹਿਲਾ ਟੀਮ ਤੇ ਮਿਕਸਡ ਟੀਮ ਮੁਕਾਬਲਿਆਂ ’ਚ ਗੋਲਡ ਜਿੱਤਿਆ ਸੀ। ਇੱਥੇ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਖੇਡਾਂ ’ਚ ਵਿਅਕਤੀਗਤ ਰਿਕਰਵ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦਾ ਸਨਮਾਨ ਹਾਸਲ ਕੀਤਾ। ਸ਼ੁੱਕਰਵਾਰ ਨੂੰ ਉਸ ਨੇ ਭਾਰਤੀ ਟੀਮ ਨੂੰ ਟੀਮ ਮੁਕਾਬਲੇ ’ਚ ਸੋਨਾ ਜਿੱਤਾਉਣ ’ਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਆਪਣੇ ਏਸ਼ਿਆਈ ਖੇਡਾਂ ਦੇ ਪਹਿਲੇ ਦੌਰੇ ’ਚ ਉਸ ਨੇ ਮਿਕਸਡ ਟੀਮ ’ਚ ਸਿਲਵਰ ਮੈਡਲ ਵੀ ਜਿੱਤਿਆ।
ਉਸਦੀ ਇਸ ਪ੍ਰਾਪਤੀ ’ਚ ਸਭ ਤੋਂ ਖਾਸ ਗੱਲ ਇਹ ਸੀ ਕਿ ਵਿਅਕਤੀਗਤ ਕੁਆਰਟਰ ਫਾਈਨਲ ’ਚ ਉਸ ਨੇ ਆਪਣੀ ਆਦਰਸ਼ ਤੇ ਸਾਬਕਾ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਦੀ ਕਾਂਗ ਚੇਯੰਗ ਨੂੰ ਹਰਾਇਆ। ਇਤਿਹਾਸਕ ਜਿੱਤ ਮਗਰੋਂ ਕੁਮਕੁਮ ਨੇ ਕਿਹਾ ਕਿ "ਮੈਨੂੰ ਆਈਸਕ੍ਰੀਮ ਖਾਣਾ ਬਹੁਤ ਪਸੰਦ ਹੈ। ਮੈਨੂੰ ਬਟਰਸਕੌਚ ਫਲੇਵਰ ਪਸੰਦ ਹੈ। ਪਰ 11 ਸਤੰਬਰ ਨੂੰ ਇੱਥੇ ਆਉਣ ਤੋਂ ਬਾਅਦ ਮੈਂ ਆਈਸਕ੍ਰੀਮ ਨਹੀਂ ਖਾਧੀ। ਇਹ ਮੁਸ਼ਕਲ ਸੀ, ਪਰ ਮੇਰੇ ਮਨ ’ਚ ਆਪਣਾ ਟੀਚਾ ਸੀ।" ਉਸ ਨੇ ਕਿਹਾ ਕਿ "ਮੇਰੀ ਮਾਂ ਨੇ ਮੈਨੂੰ ਤੀਰਅੰਦਾਜ਼ੀ ਬਾਰੇ ਜਾਣੂ ਕਰਵਾਇਆ। ਮੈਂ ਪੜ੍ਹਾਈ ’ਚ ਬਹੁਤ ਚੰਗੀ ਸੀ। ਮੇਰੇ ਹਮੇਸ਼ਾ 90 ਫ਼ੀਸਦੀ ਤੋਂ ਵੱਧ ਅੰਕ ਆਉਂਦੇ ਸਨ ਅਤੇ ਮੇਰਾ ਪਸੰਦੀਦਾ ਵਿਸ਼ਾ ਗਣਿਤ ਹੈ, ਪਰ ਹੁਣ ਪੜ੍ਹਾਈ ਪਿੱਛੇ ਛੁੱਟ ਗਈ ਹੈ।"
ਕੁਮਕੁਮ ਨੇ ਕਿਹਾ ਕਿ ਉਹ ਇਸ ਸਮੇਂ ਫੋਨ ਦੀ ਵਰਤੋਂ ਵੀ ਨਹੀਂ ਕਰ ਰਹੀ। ਉਸ ਨੇ ਕਿਹਾ ਕਿ "ਇਸ ਸਮੇਂ ਮੈਂ ਬਹੁਤ ਜ਼ਿਆਦਾ ਲੋਕਾਂ ਨਾਲ ਸੰਪਰਕ ’ਚ ਨਹੀਂ ਹਾਂ। ਮੇਰੀ ਗੱਲਬਾਤ ਸਿਰਫ ਪਰਿਵਾਰ, ਕੋਚ ਤੇ ਇੱਥੇ ਟੀਮ ਦੇ ਲੋਕਾਂ ਨਾਲ ਹੁੰਦੀ ਹੈ।" ਉਹ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਦੇ ਸਟਾਰ ਖਿਡਾਰੀ ਧੀਰਜ ਬੋਮਮਾਦੇਵਰਾ ਨੂੰ ਵੀ ਆਪਣਾ ਆਦਰਸ਼ ਮੰਨਦੀ ਹੈ। ਕੁਮਕੁਮ ਨੇ ਦੱਸਿਆ ਕਿ ਉਹ ਹਮੇਸ਼ਾ ਵੱਡੇ ਸੁਪਨੇ ਦੇਖਣ ਵਾਲੀ ਰਹੀ ਹੈ। ਏਸ਼ਿਆਈ ਖੇਡਾਂ ’ਚ ਸੋਨਾ ਜਿੱਤਣ ਦਾ ਟੀਚਾ ਹਾਸਲ ਕਰਨ ਮਗਰੋਂ ਹੁਣ ਉਸ ਦੀ ਨਜ਼ਰ 2028 ਲਾਸ ਐਂਜਲਿਸ ਓਲੰਪਿਕ ’ਚ ਪੋਡੀਅਮ 'ਤੇ ਜਗ੍ਹਾ ਬਣਾਉਣ 'ਤੇ ਹੈ। ਉਸ ਦੇ ਵਿਅਕਤੀਗਤ ਗੋਲਡ ਮੈਡਲ ਨਾਲ ਭਾਰਤ ਨੇ ਓਲੰਪਿਕ ਲਈ ਇਕ ਕੋਟਾ ਸਥਾਨ ਵੀ ਹਾਸਲ ਕਰ ਲਿਆ ਹੈ। ਸ਼ਨੀਵਾਰ ਨੂੰ ਫਾਈਨਲ ’ਚ ਕੁਮਕੁਮ ਨੇ ਵੱਧ ਅਨੁਭਵੀ ਤੇ ਮਜ਼ਬੂਤ ਮੰਨੀ ਜਾਣ ਵਾਲੀ ਦੱਖਣੀ ਕੋਰੀਆ ਦੀ ਓ ਯੇਜਿਨ ਨੂੰ ਸ਼ੂਟ-ਆਫ ’ਚ 6-5 ਨਾਲ ਹਰਾਇਆ ਅਤੇ ਦਬਾਅ ਦੇ ਪਲਾਂ ’ਚ ਸ਼ਾਨਦਾਰ ਸੰਜਮ ਦਿਖਾਇਆ। ਉਸ ਨੇ ਕਿਹਾ ਕਿ "ਮੈਂ ਸ਼ੂਟ-ਆਫ ਲਈ ਤਿਆਰ ਹੋ ਕੇ ਆਈ ਸੀ। ਇੱਥੇ ਆਉਣ ਤੋਂ ਪਹਿਲਾਂ ਮੈਂ ਕਲਪਨਾ ਕਰਦੀ ਸੀ ਕਿ ਜੇ ਸ਼ੂਟ-ਆਫ ਹੋਇਆ ਤਾਂ ਮੈਂ ਐਕਸ 'ਤੇ ਨਿਸ਼ਾਨਾ ਲਗਾਉਂਦੀ ਤੇ ਮੈਂ ਓਹੀ ਕੀਤਾ। ਮੈਨੂੰ ਆਪਣੇ ’ਤੇ ਵਿਸ਼ਵਾਸ ਸੀ, ਇਸ ਲਈ ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਕਰ ਸਕੀ। ਟੀਮ ਨੇ ਵੀ ਸਕਾਰਾਤਮਕ ਸੋਚ ਬਣਾਈ ਰੱਖਣ ’ਚ ਮੇਰਾ ਸਾਥ ਦਿੱਤਾ।"
ਕੁਮਕੁਮ ਨੇ ਕਿਹਾ ਕਿ "ਬਚਪਨ ਤੋਂ ਹੀ ਮੈਂ ਵੱਡੇ ਸੁਪਨੇ ਦੇਖਦੀ ਆਈ ਹਾਂ। ਜੂਨੀਅਰ ਹੋਵੇ ਜਾਂ ਸੀਨੀਅਰ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਮੇਰਾ ਟੀਚਾ ਆਪਣਾ ਸਰਬੋਤਮ ਦੇਣਾ ਤੇ ਪ੍ਰਕਿਰਿਆ 'ਤੇ ਧਿਆਨ ਕੇਂਦਰਿਤ ਕਰਨਾ ਹੈ ਅਤੇ ਮੈਂ ਸਿਰਫ ਇਹੀ ਕੀਤਾ। ਮੈਂ ਓਲੰਪਿਕ ’ਚ ਖੇਡਣ ਦਾ ਸੁਪਨਾ ਦੇਖਦੀ ਰਹੀ ਹਾਂ।" ਉਸ ਨੇ ਕਿਹਾ ਕਿ "2020 ’ਚ ਜਦੋਂ ਮੈਂ ਸਬ-ਜੂਨੀਅਰ ਰਾਸ਼ਟਰੀ ਮੁਕਾਬਲੇ ’ਚ ਹਿੱਸਾ ਲਿਆ, ਉਦੋਂ ਤੋਂ ਮੈਂ ਵੱਡੇ ਸੁਪਨੇ ਦੇਖਣੇ ਸ਼ੁਰੂ ਕਰ ਦਿੱਤੇ ਸਨ। ਉਸ ਸਮੇਂ ਸੁਪਨਾ ਰਾਸ਼ਟਰੀ ਟੀਮ ’ਚ ਜਗ੍ਹਾ ਬਣਾਉਣ ਦਾ ਸੀ। ਹੌਲੀ-ਹੌਲੀ ਤਜਰਬਾ, ਪ੍ਰਦਰਸ਼ਨ ਤੇ ਬਿਹਤਰ ਸੋਚ ਨਾਲ ਮੇਰੇ ਟੀਚੇ ਵੀ ਵੱਡੇ ਹੋ ਗਏ ਹਨ ਤੇ ਹੁਣ ਮੇਰਾ ਟੀਚਾ ਲਾਸ ਐਂਜਲਿਸ 2028 ਹੈ।