ਸਾਕਸ਼ੀ ਚੌਧਰੀ ਦੀ ਨਜ਼ਰ ਏਸ਼ਿਆਈ ਖੇਡਾਂ ਦੇ ਸੋਨ ’ਤੇ, ਕਿਹਾ- ‘ਮੇਰਾ ਸਭ ਤੋਂ ਵੱਡਾ ਸੁਪਨਾ ਓਲੰਪਿਕ ਗੋਲਡ’
ਭਾਰਤੀ ਨੌਜਵਾਨ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ। 25 ਸਾਲ ਦੀ ਸਾਕਸ਼ੀ ਹੁਣ ਆਉਣ ਵਾਲੀ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹੈ
Publish Date: Mon, 07 Sep 2026 12:22 PM (IST)
Updated Date: Mon, 07 Sep 2026 12:33 PM (IST)
ਸਪੋਰਟਸ ਡੈਸਕ, ਏਸ਼ੀਅਨ ਖੇਡਾਂ 2026 : ਭਾਰਤੀ ਨੌਜਵਾਨ ਮੁੱਕੇਬਾਜ਼ ਸਾਕਸ਼ੀ ਚੌਧਰੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ। 25 ਸਾਲ ਦੀ ਸਾਕਸ਼ੀ ਹੁਣ ਆਉਣ ਵਾਲੀ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਨ੍ਹੀਂ ਦਿਨੀਂ ਰਿੰਗ ’ਚ ਸਖ਼ਤ ਮਿਹਨਤ ਕਰ ਰਹੀ ਹੈ। ਉਸ ਦੀ ਨਜ਼ਰ ਜਾਪਾਨ ਦੇ ਏਚੀ-ਨਾਗੋਆ ’ਚ 19 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ 'ਚ ਇਕ ਵਾਰ ਫਿਰ ਵਧੀਆ ਪ੍ਰਦਰਸ਼ਨ ਕਰਨ ਤੇ ਸੋਨ ਤਮਗਾ ਜਿੱਤਣ ’ਤੇ ਹੈ। ਇਨ੍ਹੀਂ ਦਿਨੀਂ ਸਾਕਸ਼ੀ ਫਿਟਨੈੱਸ, ਤਕਨੀਕ ਤੇ ਮਾਨਸਿਕ ਤਾਕਤ 'ਤੇ ਲਗਾਤਾਰ ਕੰਮ ਕਰ ਰਹੀ ਹੈ। ਸ਼ੇਖਰ ਝਾਅ ਨੇ ਸਾਕਸ਼ੀ ਚੌਧਰੀ ਨਾਲ ਖਾਸ ਗੱਲਬਾਤ ਕੀਤੀ।
ਏਸ਼ੀਅਨ ਖੇਡਾਂ ਲਈ ਤੁਹਾਡੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਹਨ? ਭਾਰਤ ਦੀ ਨੁਮਾਇੰਦਗੀ ਕਰਨਾ ਮੇਰੇ ਲਈ ਹਮੇਸ਼ਾ ਮਾਣ ਵਾਲੀ ਗੱਲ ਹੁੰਦੀ ਹੈ ਤੇ ਏਸ਼ੀਅਨ ਖੇਡਾਂ ਵਰਗੇ ਵੱਡੇ ਮੰਚ 'ਤੇ ਦੇਸ਼ ਲਈ ਖੇਡਣਾ ਮੇਰੇ ਲਈ ਬਹੁਤ ਖਾਸ ਹੈ। ਤਿਆਰੀਆਂ ਚੰਗੀ ਤਰ੍ਹਾਂ ਚੱਲ ਰਹੀਆਂ ਹਨ ਤੇ ਮੈਂ ਆਪਣੀ ਫਿਟਨੈੱਸ, ਤਕਨੀਕ ਤੇ ਮਾਨਸਿਕ ਤਾਕਤ 'ਤੇ ਲਗਾਤਾਰ ਕੰਮ ਕਰ ਰਿਹਾ ਹਾਂ। ਹਾਲ ਹੀ ਦੇ ਮੁਕਾਬਲਿਆਂ ਨੇ ਮੈਨੂੰ ਚੰਗਾ ਆਤਮ-ਵਿਸ਼ਵਾਸ ਦਿੱਤਾ ਹੈ।
ਏਸ਼ਿਆਈ ਖੇਡਾਂ ’ਚ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਕੀ ਹੋਣ ਵਾਲੀ ਹੈ ਏਸ਼ੀਆ ਦੇ ਕਈ ਮਜ਼ਬੂਤ ਦੇਸ਼ਾਂ ਦੇ ਚੰਗੇ ਮੁੱਕੇਬਾਜ਼ ਏਸ਼ੀਆਈ ਖੇਡਾਂ 'ਚ ਹਿੱਸਾ ਲੈਣਗੇ, ਇਸ ਲਈ ਮੁਕਾਬਲੇ ਸਖ਼ਤ ਹੋਣਗੇ। ਮੈਂ ਇਸ ਨੂੰ ਇੱਕ ਚੰਗੀ ਚੁਣੌਤੀ ਦੇ ਰੂਪ ’ਚ ਦੇਖਦੀ ਹਾਂ ਤੇ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਵਿਸ਼ਵ ਕੱਪ ਅਤੇ ਰਾਸ਼ਟਰ ਮੰਡਲ ਖੇਡਾਂ ’ਚ ਮਿਲੇ ਤਜਰਬੇ ਨੇ ਮੈਨੂੰ ਵੱਖ-ਵੱਖ ਸ਼ੈਲੀਆਂ ਦੇ ਮੁੱਕੇਬਾਜ਼ਾਂ ਖ਼ਿਲਾਫ਼ ਖੇਡਣ ਦੀ ਸਮਝ ਦਿੱਤੀ ਹੈ। ਮੈਂ ਆਪਣੇ ਵਿਰੋਧੀਆਂ ਦੀ ਖੇਡ ਨੂੰ ਧਿਆਨ 'ਚ ਰੱਖ ਕੇ ਤਿਆਰੀ ਕਰ ਰਿਹਾ ਹਾਂ ਪਰ ਰਿੰਗ ’ਚ ਸਥਿਤੀ ਮੁਤਾਬਕ ਖੁਦ ਨੂੰ ਬਦਲਣਾ ਵੀ ਓਨਾ ਹੀ ਜ਼ਰੂਰੀ ਹੋਵੇਗਾ।
ਰਾਸ਼ਟਰਮੰਡਲ ਖੇਡਾਂ ਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਅਨੁਭਵ ਨੇ ਤੁਹਾਡੀ ਮੁੱਕੇਬਾਜ਼ੀ ਨੂੰ ਕਿਵੇਂ ਬਦਲਿਆ ਹੈ? ਵੱਡੀਆਂ ਅੰਤਰਰਾਸ਼ਟਰੀ ਲੜਾਈਆਂ ਨੇ ਮੈਨੂੰ ਰਿੰਗ ਦੇ ਅੰਦਰ ਤੇ ਬਾਹਰ ਬਹੁਤ ਕੁਝ ਸਿਖਾਇਆ ਹੈ। ਹੁਣ ਮੈਂ ਹਾਲਾਤਾਂ ਨੂੰ ਜਲਦੀ ਸਮਝਣ ਤੇ ਮੈਚ ਦੌਰਾਨ ਸਹੀ ਫੈਸਲੇ ਲੈਣ ’ਚ ਪਹਿਲਾਂ ਨਾਲੋਂ ਜ਼ਿਆਦਾ ਸਮਰੱਥ ਹਾਂ। ਪਹਿਲਾਂ ਮੈਂ ਸਿਰਫ ਆਪਣੀ ਤਕਨੀਕ ’ਤੇ ਧਿਆਨ ਦਿੰਦੀ ਸੀ ਪਰ ਹੁਣ ਮੈਂ ਵਿਰੋਧੀ ਦੀ ਖੇਡ ਨੂੰ ਪੜ੍ਹਨ ਤੇ ਉਸ ਅਨੁਸਾਰ ਆਪਣੀ ਰਣਨੀਤੀ ਬਣਾਉਣ ’ਤੇ ਬਰਾਬਰ ਧਿਆਨ ਦਿੰਦਾ ਹਾਂ। ਇਨ੍ਹਾਂ ਤਜ਼ਰਬਿਆਂ ਨੇ ਮੈਨੂੰ ਵਧੇਰੇ ਸ਼ਾਂਤ, ਸਮਝਦਾਰ ਤੇ ਆਤਮ-ਵਿਸ਼ਵਾਸ ਵਾਲਾ ਮੁੱਕੇਬਾਜ਼ ਬਣਾਇਆ ਹੈ।
ਏਸ਼ੀਅਨ ਖੇਡਾਂ 'ਚ ਤਮਗਾ ਜਿੱਤਣ ਲਈ ਤੁਹਾਡੇ 'ਤੇ ਉਮੀਦਾਂ ਤੇ ਦਬਾਅ ਦੋਵੇਂ ਹੀ ਹੋਣਗੇ। ਤੁਸੀਂ ਇਸ ਦਬਾਅ ਨੂੰ ਕਿਵੇਂ ਸੰਭਾਲਦੇ ਹੋ? ਮੈਂ ਲੋਕਾਂ ਦੀਆਂ ਉਮੀਦਾਂ ਨੂੰ ਦਬਾਅ ਵਜੋਂ ਨਹੀਂ ਲੈਂਦੀ, ਜਦੋਂ ਲੋਕ ਮੇਰੇ 'ਤੇ ਭਰੋਸਾ ਕਰਦੇ ਹਨ ਤੇ ਮੇਰੇ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਨ ਤਾਂ ਇਹ ਮੈਨੂੰ ਪ੍ਰੇਰਿਤ ਕਰਦਾ ਹੈ। ਮੈਂ ਜਾਣਦਾ ਹਾਂ ਕਿ ਰਿੰਗ ’ਚ ਦਾਖਲ ਹੋਣ ਤੋਂ ਬਾਅਦ ਕੋਈ ਵੀ ਬਾਹਰੀ ਚੀਜ਼ ਮੇਰੇ ਲਈ ਲੜਾਈ ਨਹੀਂ ਜਿੱਤ ਸਕਦੀ, ਉਥੇ ਸਿਰਫ ਮੇਰੀ ਤਿਆਰੀ ਤੇ ਮੇਰਾ ਪ੍ਰਦਰਸ਼ਨ ਮਾਇਨੇ ਰੱਖਦਾ ਹੈ। ਇਸ ਲਈ ਉਮੀਦਾਂ ਬਾਰੇ ਜ਼ਿਆਦਾ ਸੋਚਣ ਦੀ ਬਜਾਏ ਮੈਂ ਆਪਣੀ ਤਿਆਰੀ ਤੇ ਆਪਣੀ ਖੇਡ 'ਤੇ ਧਿਆਨ ਦਿੰਦੀ ਹਾਂ।
ਏਸ਼ੀਅਨ ਖੇਡਾਂ 'ਚ ਕਿਸ ਤਮਗੇ 'ਤੇ ਤੁਹਾਡੀ ਨਜ਼ਰ ਹੈ ਮੇਰਾ ਟੀਚਾ ਸੋਨ ਤਮਗਾ ਜਿੱਤਣਾ ਹੈ। ਮੈਂ ਆਪਣਾ ਸਰਬੋਤਮ ਦੇਣ ਤੇ ਸਿਖਰ 'ਤੇ ਪਹੁੰਚਣ ਦੇ ਇਰਾਦੇ ਨਾਲ ਹਰ ਮੁਕਾਬਲੇ ’ਚ ਦਾਖਲ ਹੁੰਦੀ ਹਾਂ ਪਰ ਮੈਂ ਇੱਕ ਵਾਰ ਵਿੱਚ ਪੂਰੇ ਮੁਕਾਬਲੇ ਦੇ ਬਾਰੇ ਵਿੱਚ ਨਹੀਂ ਸੋਚਦੀ ਹਰ ਇੱਕ ਮੁਕਾਬਲੇ ਨੂੰ ਇੱਕ-ਇੱਕ ਕਰ ਕੇ ਲੈਣਾ ਜ਼ਰੂਰੀ ਹੈ। ਮੇਰਾ ਧਿਆਨ ਹਰ ਦੌਰ ’ਚ ਆਪਣੀ ਰਣਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਨ ਤੇ ਜਿੱਤ ਵੱਲ ਵਧਣ 'ਤੇ ਰਹੇਗਾ।
ਤੁਹਾਡੇ ਕੈਰੀਅਰ ’ਚ ਕਿਹੜਾ ਮੁਕਾਬਲਾ ਰਿਹਾ ਹੈ, ਜਿਸ ਨੇ ਤੁਹਾਨੂੰ ਮਾਨਸਿਕ ਤੌਰ ’ਤੇ ਸਭ ਤੋਂ ਮਜ਼ਬੂਤ ਬਣਾਇਆ ਹੈ ਤੇ ਇਹ ਅਨੁਭਵ ਏਸ਼ਿਆਈ ਖੇਡਾਂ ’ਚ ਕਿਵੇਂ ਲਾਭਦਾਇਕ ਹੋਵੇਗਾ? ਸੱਟ ਤੋਂ ਬਾਅਦ ਵਾਪਸੀ ਦਾ ਦੌਰ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਉਸ ਸਮੇਂ ਮੈਨੂੰ ਪਤਾ ਲੱਗਾ ਕਿ ਖਿਡਾਰੀ ਦੀ ਅਸਲ ਪ੍ਰੀਖਿਆ ਸਿਰਫ਼ ਰਿੰਗ 'ਚ ਨਹੀਂ ਹੁੰਦੀ, ਸਗੋਂ ਉਸ ਸਮੇਂ 'ਚ ਵੀ ਹੁੰਦੀ ਹੈ, ਜਦੋਂ ਉਸ ਨੂੰ ਵਾਪਸੀ ਲਈ ਸਬਰ ਨਾਲ ਇੰਤਜ਼ਾਰ ਕਰਨਾ ਪੈਂਦਾ ਹੈ। ਉਸ ਸਮੇਂ ਪਰਿਵਾਰ, ਕੋਚ ਤੇ ਮੇਰੀ ਪੂਰੀ ਟੀਮ ਨੇ ਮੇਰਾ ਬਹੁਤ ਸਾਥ ਦਿੱਤਾ। ਉਸ ਤਜਰਬੇ ਨੇ ਮੈਨੂੰ ਸਿਖਾਇਆ ਕਿ ਔਖੇ ਸਮਿਆਂ ਦੌਰਾਨ ਆਪਣੇ ਆਪ ’ਚ ਵਿਸ਼ਵਾਸ ਰੱਖਣਾ ਕਿੰਨਾ ਜ਼ਰੂਰੀ ਹੈ। ਇਹੀ ਸੋਚ ਮੈਨੂੰ ਏਸ਼ਿਆਈ ਖੇਡਾਂ ਚ ਕਿਸੇ ਵੀ ਚੁਣੌਤੀ ਨਾਲ ਮਜ਼ਬੂਤੀ ਨਾਲ ਨਜਿੱਠਣ ’ਚ ਮਦਦ ਕਰੇਗੀ।
ਜੇਕਰ ਤੁਸੀਂ ਏਸ਼ੀਅਨ ਖੇਡਾਂ ’ਚ ਸੋਨ ਤਮਗਾ ਜਿੱਤਦੇ ਹੋ ਤਾਂ ਤੁਹਾਡਾ ਅਗਲਾ ਵੱਡਾ ਟੀਚਾ ਕੀ ਹੋਵੇਗਾ? ਉਲੰਪਿਕ ਸੋਨ ਤਮਗਾ ਮੇਰਾ ਸਭ ਤੋਂ ਵੱਡਾ ਸੁਪਨਾ ਹੈ ਤੇ ਜਦੋਂ ਤੋਂ ਮੈਂ ਮੁੱਕੇਬਾਜ਼ੀ ਸ਼ੁਰੂ ਕੀਤੀ ਹੈ, ਮੈਂ ਇਸ ਸੁਪਨੇ ਲਈ ਸਖ਼ਤ ਮਿਹਨਤ ਕਰ ਰਹੀ ਹਾਂ। ਏਸ਼ਿਆਈ ਖੇਡਾਂ ’ਚ ਸੋਨ ਤਮਗਾ ਜਿੱਤਣਾ ਉਸ ਸਫ਼ਰ ਵਿੱਚ ਬਹੁਤ ਮਹੱਤਵਪੂਰਨ ਕਦਮ ਹੋਵੇਗਾ ਪਰ ਮੈਂ ਹੁਣ ਤੋਂ ਅੱਗੇ ਦੀਆਂ ਚੀਜ਼ਾਂ ਬਾਰੇ ਬਹੁਤਾ ਨਹੀਂ ਸੋਚ ਰਹੀ ਹਾਂ. ਫਿਲਹਾਲ ਮੇਰਾ ਪੂਰਾ ਧਿਆਨ ਏਸ਼ੀਅਨ ਖੇਡਾਂ 'ਤੇ ਹੈ। ਇਸ ਤੋਂ ਬਾਅਦ ਮੇਰਾ ਟੀਚਾ ਲਾਸ ਏਂਜਲਸ 2028 ਦੀ ਤਿਆਰੀ ਤੇ ਉਲੰਪਿਕ 'ਚ ਦੇਸ਼ ਲਈ ਸੋਨ ਤਮਗਾ ਜਿੱਤਣਾ ਹੋਵੇਗਾ।