ਰਿਬਾਕਿਨਾ ਨੇ ਰਚਿਆ ਇਤਿਹਾਸ : ਸਬਾਲੇਂਕਾ ਨੂੰ ਹਰਾ ਕੇ ਜਿੱਤਿਆ ਯੂ.ਐੱਸ. ਓਪਨ ਦਾ ਖ਼ਿਤਾਬ, ਬਣੀ ਦੁਨੀਆ ਦੀ ਨੰਬਰ-1 ਖਿਡਾਰਨ
ਜੀਵ ਵਿਗਿਆਨ ਕਹਿੰਦਾ ਹੈ ਕਿ ਮਧੂਮੱਖੀ ਸਿਰਫ ਇਕ ਵਾਰ ਡੰਗ ਮਾਰਦੀ ਹੈ ਪਰ ਇਹੀ ਵਿਗਿਆਨ ਕਹਿੰਦਾ ਹੈ ਕਿ ਇਨ੍ਹਾਂ ਦੇ ਕਾਲੇ-ਪੀਲੇ ਰੰਗ ’ਚ ਰੰਗੀ, ਭੰਵਰਿਆਂ ਦੇ ਸਮੂਹ ’ਚ ਰਹਿਣ ਵਾਲੀਆਂ ਮਾਦਾਵਾਂ, ਜਿਨ੍ਹਾਂ ਨੂੰ ਰਾਣੀ ਜਾਂ ਲੇਬਰ ਵੀ ਕਿਹਾ ਜਾਂਦਾ ਹੈ
Publish Date: Mon, 14 Sep 2026 12:22 PM (IST)
Updated Date: Mon, 14 Sep 2026 12:29 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਜੀਵ ਵਿਗਿਆਨ ਕਹਿੰਦਾ ਹੈ ਕਿ ਮਧੂਮੱਖੀ ਸਿਰਫ ਇਕ ਵਾਰ ਡੰਗ ਮਾਰਦੀ ਹੈ ਪਰ ਇਹੀ ਵਿਗਿਆਨ ਕਹਿੰਦਾ ਹੈ ਕਿ ਇਨ੍ਹਾਂ ਦੇ ਕਾਲੇ-ਪੀਲੇ ਰੰਗ ’ਚ ਰੰਗੀ, ਭੰਵਰਿਆਂ ਦੇ ਸਮੂਹ ’ਚ ਰਹਿਣ ਵਾਲੀਆਂ ਮਾਦਾਵਾਂ, ਜਿਨ੍ਹਾਂ ਨੂੰ ਰਾਣੀ ਜਾਂ ਲੇਬਰ ਵੀ ਕਿਹਾ ਜਾਂਦਾ ਹੈ, ਅਣਗਿਣਤ ਵਾਰ ਡੰਗ ਮਾਰ ਸਕਦੀਆਂ ਹਨ। ਕਾਲੇ-ਪੀਲੇ ਕੱਪੜਿਆਂ ’ਚ ਯੂਐੱਸ ਓਪਨ ਦਾ ਫਾਈਨਲ ਖੇਡਣ ਉਤਰੀ ਐਲੀਨਾ ਰਿਬਾਕਿਨਾ ਨੇ ਦੋ ਵਾਰ ਦੀ ਚੈਂਪੀਅਨ ਐਰੀਨਾ ਸਬਾਲੇਂਕਾ ਨੂੰ ਇਕ ਹਫ਼ਤੇ ’ਚ ਦੂਜੀ ਵਾਰ ਡੰਗ ਮਾਰਦੇ ਹੋਏ ਯੂਐੱਸ ਓਪਨ ਦਾ ਖ਼ਿਤਾਬ ਜਿੱਤ ਲਿਆ, ਇਸੇ ਹਫ਼ਤੇ ਉਸਨੇ ਸਬਾਲੇਂਕਾ ਤੋਂ ਵਿਸ਼ਵ ਰੈਂਕਿੰਗ ’ਚ ਸਿਖਰਲਾ ਸਥਾਨ ਵੀ ਖੋਹਿਆ ਸੀ। ਰੂਸ ’ਚ ਪੈਦਾ ਹੋਈ ਕਜ਼ਾਕਿਸਤਾਨ ਦੀ ਰਹਿਣ ਵਾਲੀ ਰਿਬਾਕਿਨਾ ਨੇ ਬੇਲਾਰੂਸ ਦੀ ਸਬਾਲੇਂਕਾ ਨੂੰ 6-4, 5-7, 6-2 ਨਾਲ ਹਰਾ ਕੇ ਆਪਣਾ ਤੀਜਾ ਗਰੈਂਡਸਲੈਮ ਜਿੱਤਿਆ।
ਫਲੱਸ਼ਿੰਗ ਮੀਡੋਵਸ ’ਚ ਲਗਾਤਾਰ 20 ਮੈਚ ਜਿੱਤ ਚੁੱਕੀ ਸਬਾਲੇਂਕਾ ਇਸਦੇ ਨਾਲ ਹੀ ਸੇਰੇਨਾ ਵਿਲੀਅਮਸ ਤੇ ਕ੍ਰਿਸ ਐਵਰਟ ਦੀ ਬਰਾਬਰੀ ਕਰਨ ਤੋਂ ਵੀ ਖੁੰਜ ਗਈ ਹੈ। ਹਾਲੇ ਤੱਕ ਦੇ ਇਤਿਹਾਸ ’ਚ ਇਨ੍ਹਾਂ ਦੋ ਖਿਡਾਰੀਆਂ ਨੇ ਲਗਾਤਾਰ ਤਿੰਨ ਵਾਰ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਹੈ। ਟੂਰਨਾਮੈਂਟ ਤੋਂ ਪਹਿਲਾਂ ਗਿੱਟੇ ’ਚ ਲੱਗੀ ਸੱਟ ਨੇ ਰਿਬਾਕਿਨਾ ਦੇ ਯੂਐੱਸ ਓਪਨ ’ਚ ਖੇਡਣ ’ਤੇ ਹੀ ਸ਼ੱਕ ਪੈਦਾ ਕਰ ਦਿੱਤਾ ਸੀ ਪਰ ਉਸਨੇ ਤਮਾਮ ਸ਼ੱਕਾਂ ਨੂੰ ਪਰੇ ਰੱਖਦੇ ਹੋਏ ਇਥੇ ਖਿਤਾਬ ਹੀ ਜਿੱਤ ਲਿਆ।
ਰਿਬਾਕਿਨਾ ਨੇ ਇਸੇ ਸਾਲ ਦਾ ਆਸਟ੍ਰੇਲੀਅਨ ਓਪਨ ਵੀ ਜਿੱਤਿਆ ਸੀ, ਜਦਕਿ 2022 ’ਚ ਉਸਨੇ ਵਿੰਬਲ਼ਡਨ ਦਾ ਖ਼ਿਤਾਬ ਆਪਣੇ ਨਾਂ ਕੀਤਾ ਸੀ। ਇਸ ਸਦੀ ’ਚ ਸਬਾਲੇਂਕਾ ਤੇ ਐਂਜੇਲਿਕ ਕਰਬਰ ਤੋਂ ਬਾਅਦ ਸਾਲ ਦੇ ਦੋਵੇਂ ਹਾਰਡਕੋਰਟ ਖ਼ਿਤਾਬ ਜਿੱਤਣ ਵਾਲੀ ਸਿਰਫ ਤੀਜੀ ਮਹਿਲਾ ਬਣੀ ਰਿਬਾਕਿਨਾ ਨੇ ਜਿੱਤ ਤੋਂ ਬਾਅਦ ਕਿਹਾ ਕਿ ਇਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਲ ਹੈ, ਇਸ ਟੂਰਨਾਮੈਂਟ ’ਚ ਆਉਂਦੇ ਹੋਏ ਮੈਂ ਅਜਿਹਾ ਕੁਝ ਨਹੀਂ ਸੋਚਿਆ ਸੀ। ਮੈਂ ਥੋੜ੍ਹੀ ਸੱਟ ਨਾਲ ਜੂਝ ਰਹੀ ਸੀ। ਐਰੀਨਾ, ਤੇਰੇ ਵਿਰੁੱਧ ਖੇਡਣਾ ਬਹੁਤ ਮੁਸ਼ਕਲ ਹੈ। ਤੂੰ ਮੈਨੂੰ ਬਹੁਤ ਪਰੇਸ਼ਾਨ ਕੀਤਾ।
ਕੋਰਟ ’ਤੇ ਸਬਾਲੇਂਕਾ ਨੇ ਕੱਢੀ ਹਾਰ ਦੀ ਖਿੱਝ, ਤੋੜਿਆ ਰੈਕੇਟ ਰਿਬਾਕਿਨਾ ਦੇ ਵਿਰੁੱਧ ਮੈਚ ਜਿਵੇਂ-ਜਿਵੇਂ ਹੱਥੋਂ ਤਿਲਕ ਰਿਹਾ ਸੀ, ਸਬਾਲੇਂਕਾ ਦਾ ਗੁੱਸਾ ਕੋਰਟ ’ਤੇ ਦਿਸਣ ਲੱਗਾ। ਉਸਨੇ ਮੈਚ ’ਚ ਹਾਰਣ ਤੋਂ ਬਾਅਦ ਜ਼ਮੀਨ ’ਤੇ ਮਾਰ-ਮਾਰ ਕੇ ਆਪਣਾ ਰੈਕੇਟ ਤੋੜ ਦਿੱਤਾ। ਇਕ ਪਾਸੇ ਰਿਬਾਕਿਨਾ ਮੈਚ ਤੋਂ ਬਾਅਦ ਆਪਣਾ ਸਾਮਾਨ ਪੈਕ ਕਰ ਰਹੀ ਸੀ ਤਾਂ ਦੂਜੇ ਪਾਸੇ ਸਬਾਲੇਂਕਾ ਗੁੱਸੇ ’ਚ ਆਪਣੇ ਤੋੜੇ ਰੈਕੇਟ ਨਾਲ ਬੈਠੀ ਸੀ। ਹਾਲਾਂਕਿ, ਮੈਚ ਤੋਂ ਬਾਅਦ ਉਸਨੇ ਰਿਬਾਕਿਨਾ ਨੂੰ ਜਿੱਤ ਦੀ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮੈਂ ਨਿਰਾਸ਼ ਹਾਂ ਪਰ ਐਲੀਨਾ ਨੂੰ ਮੁਬਾਰਕਬਾਦ ਦੇਣਾ ਚਾਹਾਂਗੀ। ਕਾ•ਸ਼, ਮੈਂ ਥੋੜ੍ਹਾ ਬਿਹਤਰ ਖੇਡ ਪਾਉਂਦੀ ਪਰ ਅਗਲੇ ਸਾਲ ਦੇਖਦੇ ਹਾਂ।