ਮੀਂਹ ਨੇ ਭਾਰਤ ਦੀ ਜਿੱਤ ਦਾ ਇੰਤਜ਼ਾਰ ਵਧਾਇਆ, ਤੀਜਾ ਵਨਡੇ ਰੱਦ; ਆਖਰੀ ਦੋ ਮੈਚਾਂ ਲਈ ਟੀਮ 'ਚ ਹੋਣਗੇ ਵੱਡੇ ਬਦਲਾਅ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਨੂੰ ਘਟਾ ਕੇ 40-40 ਓਵਰਾਂ ਦਾ ਕਰਨ ਦੀ ਤਿਆਰੀ ਕੀਤੀ ਗਈ ਸੀ ਤੇ ਮੈਦਾਨ ਤੋਂ ਕਵਰ ਵੀ ਹਟਾ ਦਿੱਤੇ ਗਏ ਸਨ, ਪਰ ਥੋੜ੍ਹੀ ਦੇਰ ਬਾਅਦ ਹੀ ਮੀਂਹ ਦੁਬਾਰਾ ਸ਼ੁਰੂ ਹੋ ਗਿਆ
Publish Date: Wed, 11 Nov 2026 11:13 AM (IST)
Updated Date: Wed, 11 Nov 2026 11:20 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਇਕ ਰੋਜ਼ਾ ਲੜੀ ਨੂੰ ਆਪਣੇ ਨਾਂ ਕਰਨ ਲਈ ਭਾਰਤ ਦੀ ਉਡੀਕ ਜੋ ਲਗਾਤਾਰ ਤੀਜੀ ਜਿੱਤ ਨਾਲ ਪੂਰੀ ਹੋਣੀ ਸੀ, ਮੀਂਹ ਕਾਰਨ ਹੋਰ ਲੰਮੀ ਹੋ ਗਈ ਹੈ। ਹੈਮਿਲਟਨ ਦੇ ਸੇਡਨ ਪਾਰਕ ’ਚ ਮੰਗਲਵਾਰ ਨੂੰ ਹੋਣ ਵਾਲਾ ਤੀਜਾ ਵਨਡੇ ਮੈਚ ਬਿਨਾਂ ਇਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ। ਭਾਰਤ ਇਸ ਸਮੇਂ ਲੜੀ ’ਚ 2-0 ਨਾਲ ਅੱਗੇ ਹੈ ਤੇ ਹੁਣ ਬਾਕੀ ਦੋਵੇਂ ਮੈਚ ਜਿੱਤ ਕੇ ਲੜੀ ’ਚ ‘ਕਲੀਨ ਸਵੀਪ’ ਦਾ ਟੀਚਾ ਰੱਖੇਗਾ। ਚੌਥਾ ਤੇ ਪੰਜਵਾਂ ਵਨਡੇ ਮੈਚ 13 ਤੇ 15 ਨਵੰਬਰ ਨੂੰ ਮਾਊਂਟ ਮੌਂਗਾਨੁਈ ’ਚ ਖੇਡੇ ਜਾਣਗੇ।
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਲਗਾਤਾਰ ਤੀਜੀ ਵਾਰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਨੂੰ ਘਟਾ ਕੇ 40-40 ਓਵਰਾਂ ਦਾ ਕਰਨ ਦੀ ਤਿਆਰੀ ਕੀਤੀ ਗਈ ਸੀ ਤੇ ਮੈਦਾਨ ਤੋਂ ਕਵਰ ਵੀ ਹਟਾ ਦਿੱਤੇ ਗਏ ਸਨ, ਪਰ ਥੋੜ੍ਹੀ ਦੇਰ ਬਾਅਦ ਹੀ ਮੀਂਹ ਦੁਬਾਰਾ ਸ਼ੁਰੂ ਹੋ ਗਿਆ। ਅੰਪਾਇਰਾਂ ਨੇ ਸ਼ਾਮ 7:50 ਵਜੇ ਦੀ ਨਿਰਧਾਰਤ ਸਮਾਂ-ਸੀਮਾ ਤੋਂ ਲਗਪਗ 70 ਮਿੰਟ ਪਹਿਲਾਂ ਹੀ ਮੈਚ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਮੌਸਮ ਵਿਭਾਗ ਨੇ ਪੂਰੇ ਦਿਨ ਦੌਰਾਨ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਜਤਾਈ ਸੀ।
ਅਗਲੇ ਦੋ ਮੈਚਾਂ ਲਈ ਭਾਰਤੀ ਟੀਮ ’ਚ ਬਦਲਾਅ ਹੋਣਗੇ ਆਖਰੀ ਦੋ ਮੁਕਾਬਲਿਆਂ ਲਈ ਭਾਰਤੀ ਟੀਮ ਦੀ ਬਣਤਰ ਵੱਖਰੀ ਹੋਵੇਗੀ। ਕਪਤਾਨ ਸ਼ੁਭਮਨ ਗਿੱਲ ਤੇ ਤਜਰਬੇਕਾਰ ਵਿਕਟਕੀਪਰ-ਬੱਲੇਬਾਜ਼ ਕੇ.ਐੱਲ. ਰਾਹੁਲ ਟੈਸਟ ਟੀਮ ਨਾਲ ਜੁੜਨ ਲਈ ਵੈਲਿੰਗਟਨ ਰਵਾਨਾ ਹੋਣਗੇ। ਉਨ੍ਹਾਂ ਦੇ ਨਾਲ ਕੁਲਦੀਪ ਯਾਦਵ, ਅੰਸ਼ੁਲ ਕੰਬੋਜ ਤੇ ਮੁਹੰਮਦ ਸਿਰਾਜ ਵੀ ਜਾਣਗੇ, ਜੋ ਟੈਸਟ ਲੜੀ ਦੀਆਂ ਤਿਆਰੀਆਂ ’ਚ ਸ਼ਾਮਲ ਹੋਣਗੇ। ਗਿੱਲ ਦੀ ਗੈਰ-ਮੌਜੂਦਗੀ ’ਚ, ਸ਼੍ਰੇਅਸ ਅਈਅਰ ਟੀਮ ਦੀ ਅਗਵਾਈ ਕਰਨਗੇ, ਜਦਕਿ ਰੁਤੁਰਾਜ ਗਾਇਕਵਾੜ ਅਤੇ ਈਸ਼ਾਨ ਕਿਸ਼ਨ ਨੂੰ ਪਲੇਇੰਗ ਇਲੈਵਨ ’ਚ ਮੌਕਾ ਮਿਲ ਸਕਦਾ ਹੈ। ਈਸ਼ਾਨ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲ ਸਕਦੇ ਹਨ।
ਸਪੋਰਟ ਸਟਾਫ ਵੀ ਵੰਡਿਆ ਜਾਵੇਗਾ ਖਿਡਾਰੀਆਂ ਦੇ ਨਾਲ-ਨਾਲ, ਭਾਰਤੀ ਟੀਮ ਦਾ ਸਪੋਰਟ ਸਟਾਫ ਵੀ ਦੋ ਸਮੂਹਾਂ ’ਚ ਵੰਡਿਆ ਜਾ ਸਕਦਾ ਹੈ। ਮੁੱਖ ਕੋਚ ਗੌਤਮ ਗੰਭੀਰ ਅਤੇ ਸਪਿਨ-ਬੌਲਿੰਗ ਕੋਚ ਸੈਰਾਜ ਬਹੁਤੁਲੇ ਵਨਡੇ ਟੀਮ ਦੇ ਨਾਲ ਰਹਿ ਸਕਦੇ ਹਨ, ਜਦਕਿ ਬੈਟਿੰਗ ਕੋਚ ਸਿਤਾਂਸ਼ੂ ਕੋਟਕ ਤੇ ਫਾਸਟ-ਬੌਲਿੰਗ ਕੋਚ ਮੋਰਨੇ ਮੋਰਕਲ ਟੈਸਟ ਟੀਮ ਦੀਆਂ ਤਿਆਰੀਆਂ ਦੀ ਦੇਖ-ਰੇਖ ਲਈ ਵੈਲਿੰਗਟਨ ਜਾਣਗੇ। ਇਸ ਪ੍ਰਬੰਧ ਨਾਲ ਦੋਵਾਂ ਫਾਰਮੈਟਾਂ ਦੀਆਂ ਟੀਮਾਂ ਨੂੰ ਆਪਣੀਆਂ ਖਾਸ ਰਣਨੀਤੀਆਂ ਅਨੁਸਾਰ ਤਿਆਰੀ ਕਰਨ ਦਾ ਮੌਕਾ ਮਿਲੇਗਾ। ਲੜੀ ’ਚ 2-0 ਦੀ ਅਗੇਤ ਭਾਰਤ ਲਈ ਵੱਡੀ ਰਾਹਤ ਹੈ। ਇਸ ਨਾਲ ਹੁਣ ਨਵੇਂ ਖਿਡਾਰੀਆਂ ਨੂੰ ਪਰਖਣ ਅਤੇ ਸ਼੍ਰੇਅਸ ਦੀ ਕਪਤਾਨੀ ਦਾ ਮੁਲਾਂਕਣ ਕਰਨ ਦਾ ਮੌਕਾ ਮਿਲ ਗਿਆ ਹੈ। ਹਾਲਾਂਕਿ, ਨਿਊਜ਼ੀਲੈਂਡ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ ’ਤੇ ਹਰਾਉਣਾ ਖਾਸ ਕਰਕੇ ਗਿੱਲ ਤੇ ਰਾਹੁਲ ਵਰਗੇ ਤਜਰਬੇਕਾਰ ਖਿਡਾਰੀਆਂ ਦੀ ਗੈਰ-ਮੌਜੂਦਗੀ ’ਚ ਇੱਕ ਚੁਣੌਤੀਪੂਰਨ ਕੰਮ ਹੋਵੇਗਾ। ਟੀਮ ਦੇ ਢਾਂਚੇ ’ਚ ਬਦਲਾਅ ਦੇ ਬਾਵਜੂਦ, ਭਾਰਤ ਆਪਣੀ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਤੇ ਲੜੀ ਨੂੰ 4-0 ਨਾਲ ਜਿੱਤਣ ਦਾ ਟੀਚਾ ਰੱਖੇਗਾ।