- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
20ਵੀਆਂ ਏਸ਼ਿਆਈ ਖੇਡਾਂ ਦੀ ਮਹਿਲਾ ਕਬੱਡੀ ਟੀਮ ਦੀ ਕਪਤਾਨੀ ਹਿਮਾਚਲ ਪ੍ਰਦੇਸ਼ ਦੀ ਪੁਸ਼ਪਾ ਰਾਣਾ ਸੰਭਾਲੇਗੀ। ਸਿਰਮੌਰ ਦੇ ਸ਼ਿਲਾਈ ਖੇਤਰ ਦੇ ਮਿੱਲਾਹ ਪਿੰਡ ਦੀ ਪੁਸ਼ਪਾ ਤਿੰਨ ਏਸ਼ਿਆਈ ਖੇਡਾਂ ਤੇ ਇਕ ਵਿਸ਼ਵ ਕੱਪ ਖੇਡ ਚੁੱਕੀ ਹੈ ਤੇ ਇਨ੍ਹੀਂ ਦਿਨੀਂ ਗੁਜਰਾਤ ਦੇ ਗਾਂਧੀਨਗਰ ’ਚ ਟ੍ਰੇਨਿੰਗ ਕੈਂਪ ’ਚ ਹੈ।

ਸਪੋਰਟਸ ਡੈਸਕ : ਜਾਪਾਨ ਦੇ ਆਇਚੀ-ਨਾਗੋਯਾ ’ਚ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ 20ਵੀਆਂ ਏਸ਼ਿਆਈ ਖੇਡਾਂ ਦੀ ਮਹਿਲਾ ਕਬੱਡੀ ਟੀਮ ਦੀ ਕਪਤਾਨੀ ਹਿਮਾਚਲ ਪ੍ਰਦੇਸ਼ ਦੀ ਪੁਸ਼ਪਾ ਰਾਣਾ ਸੰਭਾਲੇਗੀ। ਸਿਰਮੌਰ ਦੇ ਸ਼ਿਲਾਈ ਖੇਤਰ ਦੇ ਮਿੱਲਾਹ ਪਿੰਡ ਦੀ ਪੁਸ਼ਪਾ ਤਿੰਨ ਏਸ਼ਿਆਈ ਖੇਡਾਂ ਤੇ ਇਕ ਵਿਸ਼ਵ ਕੱਪ ਖੇਡ ਚੁੱਕੀ ਹੈ ਤੇ ਇਨ੍ਹੀਂ ਦਿਨੀਂ ਗੁਜਰਾਤ ਦੇ ਗਾਂਧੀਨਗਰ ’ਚ ਟ੍ਰੇਨਿੰਗ ਕੈਂਪ ’ਚ ਹੈ। ਭਾਰਤੀ ਟੀਮ ਦੀਆਂ ਤਿਆਰੀਆਂ ਨੂੰ ਲੈ ਕੇ ਪੁਸ਼ਪਾ ਰਾਣਾ ਨਾਲ ਅਜੇ ਅੱਤਰੀ ਨੇ ਗੱਲਬਾਤ ਕੀਤੀ। ਪੇਸ਼ ਹਨ ਉਸਦੇ ਕੁਝ ਅਹਿਮ ਹਿੱਸੇ ਹਨ :
ਏਸ਼ਿਆਈ ਖੇਡਾਂ ਲਈ ਤਿਆਰੀ ਕਿਵੇਂ ਚੱਲ ਰਹੀ ਹੈ, ਕਿਹੜੀਆਂ ਗੱਲਾਂ ’ਤੇ ਵਧ ਧਿਆਨ ਦਿੱਤਾ ਜਾ ਰਿਹੈ?
ਦੇਸ਼ ਦੀ ਨੁਮਾਇੰਦਗੀ ਕਰਨਾ ਹਮੇਸ਼ਾ ਮਾਣ ਵਾਲੀ ਗੱਲ ਹੁੰਦੀ ਹੈ। ਜਿਥੋਂ ਤੱਕ ਕਬੱਡੀ ਟੀਮ ਦੀਆਂ ਤਿਆਰੀਆਂ ਦੀ ਗੱਲ ਹੈ ਤਾਂ ਇਹ ਬਹੁਤ ਵਧੀਆ ਚੱਲ ਰਹੀ ਹੈ। ਟੀਮ ਦੀ ਹਰ ਖਿਡਾਰਨ ਦਾ ਇਕ-ਦੂਜੇ ਨਾਲ ਤਾਲਮੇਲ ਬਹੁਤ ਚੰਗਾ ਹੈ। ਉਂਜ ਵੀ ਏਸ਼ਿਆਈ ਖੇਡਾਂ ਕਿਸੇ ਵੀ ਖਿਡਾਰੀ ਲਈ ਵੱਡਾ ਮੰਚ ਹੈ, ਇਸ ਲਈ ਫਿਟਨੈੱਸ, ਰਣਨੀਤੀ ਤੇ ਮਾਨਸਿਕ ਮਜ਼ਬੂਤੀ ’ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ।
ਏਸ਼ਿਆਈ ਖੇਡਾਂ ’ਚ ਵੱਡੀ ਚੁਣੌਤੀ ਕੀ ਰਹੇਗੀ?
ਦੇਖੋ, ਚੁਣੌਤੀ ਤਾਂ ਹਰ ਟੂਰਨਾਮੈਂਟ ’ਚ ਰਹਿੰਦੀ ਹੈ। ਕੁਝ ਚੰਗੀਆਂ ਟੀਮਾਂ ਹਨ, ਜਿਨ੍ਹਾਂ ਨਾਲ ਮੁਕਾਬਲਾ ਆਸਾਨ ਨਹੀਂ ਹੋਵੇਗਾ। ਕੋਸ਼ਿਸ ਇਸ ਗੱਲ ਦੀ ਰਹੇਗੀ ਕਿ ਮੈਚ ਤੋਂ ਪਹਿਲਾਂ ਜੋ ਰਣਨੀਤੀ ਬਣਾਈ ਹੁੰਦੀ ਹੈ, ਉਹ ਮੁਕਾਬਲੇ ’ਚ ਉਸੇ ਤਰ੍ਹਾਂ ਵਰਤੀ ਜਾਵੇ। ਸਾਡੀ ਟੀਮ ਇਕਜੁੱਟ ਹੈ, ਜੇ ਚੀਜ਼ਾਂ ਨੂੰ ਸਕਾਰਾਤਮਕ ਲੈ ਕੇ ਚੱਲਾਂਗੇ ਤਾਂ ਕੋਈ ਦੋ-ਰਾਵਾਂ ਨਹੀਂ ਕਿ ਇਸ ਵਾਰ ਵੀ ਅਸੀਂ ਦੇਸ਼ ਲਈ ਗੋਲਡ ਮੈਡਲ ਲੈ ਕੇ ਆਵਾਂਗੇ।
ਇਨ੍ਹਾਂ ਖੇਡਾਂ ’ਚ ਸਭ ਤੋਂ ਮਜ਼ਬੂਤ ਮੁਕਾਬਲੇਬਾਜ਼ ਕਿਹੜੀ ਟੀਮ ਨੂੰ ਮੰਨਦੇ ਹੋ?
ਇੰਨੇ ਵੱਡੇ ਪੱਧਰ ’ਤੇ ਖੇਡਣ ਵਾਲੀਆਂ ਸਾਰੀਆਂ ਟੀਮਾਂ ਆਮ ਤੌਰ ’ਤੇ ਮਜ਼ਬੂਤ ਹੀ ਹੁੰਦੀਆਂ ਹਨ ਪਰ ਇਕ ਜਾਂ ਦੋ ਦੀ ਗੱਲ ਕੀਤੀ ਜਾਵੇ ਤਾਂ ਚੀਨੀ ਤਾਈਪੇ ਤੇ ਈਰਾਨ ਦੀਆਂ ਟੀਮਾਂ ਬਹੁਤ ਚੰਗੀ ਕਬੱਡੀ ਖੇਡਦੀਆਂ ਹਨ। ਚੀਨੀ ਤਾਈਪੇ ਨੇ ਹਾਲ ਹੀ ਦੇ ਸਾਲਾਂ ’ਚ ਆਪਣੇ ਪੱਧਰ ਨੂੰ ਕਾਫੀ ਉੱਚਾ ਚੁੱਕਿਆ ਹੈ। ਇਸ ਟੀਮ ਨੂੰ ਹਰਾਉਣਾ ਹਮੇਸ਼ਾ ਔਖਾ ਕੰਮ ਰਿਹਾ ਹੈ।
ਸਾਲ 2022 ’ਚ ਚੀਨ ਦੇ ਗਵਾਂਗਝੂ ਦੀ ਸੁਨਹਿਰੀ ਸਫਲਤਾ ਨੂੰ ਦੋਹਰਾ ਪਾਓਗੇ?
ਜ਼ਰੂਰ, ਸਾਡੀ ਟੀਮ ਹੋਰਨਾਂ ਨਾਲੋਂ ਮਜ਼ਬੂਤ ਹੈ। ਪਿਛਲੀਆਂ ਏਸ਼ਿਆਈ ਖੇਡਾਂ ਦੇ ਖਿਤਾਬੀ ਮੁਕਾਬਲੇ ’ਚ ਅਸੀਂ ਚੀਨੀ ਤਾਈਪੇ ਨੂੰ ਰੋਮਾਂਚਕ ਮੁਕਾਬਲੇ ’ਚ 26-25 ਨਾਲ ਹਰਾਇਆ ਸੀ। ਇਸ ਵਾਰ ਕੋਸ਼ਿਸ਼ ਰਹੇਗੀ ਕਿ ਕੋਈ ਵੀ ਮੈਚ ਇੰਨਾ ਨੇੜਲਾ ਨਾ ਰਹੇ। ਜਿਥੋਂ ਤੱਕ ਸੁਨਹਿਰੀ ਸਫਲਤਾ ਨੂੰ ਦੋਹਰਾਉਣ ਦੀ ਗੱਲ ਹੈ ਤਾਂ ਤੁਸੀਂ ਵਿਸ਼ਵਾਸ ਰੱਖੋ, ਅਸੀਂ ਲਗਾਤਾਰ ਦੇਸ਼ ਲਈ ਦੂਜਾ ਗੋਲਡ ਮੈਡਲ ਜਿੱਤ ਕੇ ਲਿਆਵਾਂਗੇ।
ਕਰੀਅਰ ’ਚ ਕੋਈ ਅਜਿਹਾ ਸਮਾਂ, ਜਿਸਨੇ ਤੁਹਾਨੂੰ ਅਪਾਰ ਖ਼ੁਸ਼ੀ ਦਿੱਤੀ ਹੋਵੇ?
ਸਾਲ 2019 ’ਚ ਨੇਪਾਲ ’ਚ ਹੋਈਆਂ 13ਵੀਆਂ ਏਸ਼ਿਆਈ ਖੇਡਾਂ ’ਚ ਕਬੱਡੀ ਦੇ ਫਾਈਨਲ ਮੁਕਾਬਲੇ ਦੌਰਾਨ ਜਦੋਂ ਭਾਰਤ ਨੇ ਨੇਪਾਲ ਨੂੰ 50-13 ਦੇ ਵੱਡੇ ਅੰਤਰ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ, ਉਹ ਦਿਨ ਮੇਰੇ ਲਈ ਖ਼ਾਸ ਮਾਇਨੇ ਰੱਖਦਾ ਹੈ।