- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਊਂਡਗਲਾਸ ਹਾਕੀ ਅਕੈਡਮੀ ਨੇ ਪੰਜਾਬ ਹਾਕੀ ਲੀਗ 2026 ਦੇ ਅੱਠਵੇਂ ਦਿਨ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੂੰ ਸਖ਼ਤ ਮੁਕਾਬਲੇ ’ਚ 2-1 ਨਾਲ ਹਰਾ ਕੇ ਆਪਣਾ ਅਜੇਤੂ ਸਿਲਸਿਲਾ ਬਰਕਰਾਰ ਰੱਖਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਰਾਊਂਡਗਲਾਸ ਹਾਕੀ ਅਕੈਡਮੀ ਨੇ ਪੰਜਾਬ ਹਾਕੀ ਲੀਗ 2026 ਦੇ ਅੱਠਵੇਂ ਦਿਨ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੂੰ ਸਖ਼ਤ ਮੁਕਾਬਲੇ ’ਚ 2-1 ਨਾਲ ਹਰਾ ਕੇ ਆਪਣਾ ਅਜੇਤੂ ਸਿਲਸਿਲਾ ਬਰਕਰਾਰ ਰੱਖਿਆ। ਇਸ ਜਿੱਤ ਨਾਲ ਟੀਮ ਨੇ ਲਗਾਤਾਰ ਪੰਜਵੀਂ ਜਿੱਤ ਦਰਜ ਕੀਤੀ ਤੇ ਇੱਥੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ’ਚ ਖੇਡੀ ਜਾ ਰਹੀ ਲੀਗ ਦੀ ਅੰਕ ਸੂਚੀ ’ਚ ਆਪਣੀ ਪਹਿਲੀ ਪੁਜ਼ੀਸ਼ਨ ਹੋਰ ਮਜ਼ਬੂਤ ਕਰ ਲਈ।
ਇਸ ਦੌਰਾਨ, ਗਵਰਨਮੈਂਟ ਹਾਕੀ ਅਕੈਡਮੀ, ਸੋਨੀਪਤ ਨੇ ਘੁਮਨਹੇੜਾ ਰਾਈਜ਼ਰਜ਼ ਅਕੈਡਮੀ, ਨਵੀਂ ਦਿੱਲੀ ਨੂੰ 3-1 ਨਾਲ ਹਰਾਇਆ, ਜਦਕਿ ਨਾਮਧਾਰੀ ਇਲੈਵਨ ਨੇ ਰਿਪਬਲਿਕਨ ਸਪੋਰਟਸ ਕਲੱਬ, ਮੁੰਬਈ ਨੂੰ 7-1 ਨਾਲ ਕਰਾਰੀ ਮਾਤ ਦਿੱਤੀ। ਰਾਊਂਡਗਲਾਸ ਹਾਕੀ ਅਕੈਡਮੀ ਨੇ ਸ਼ੁਰੂਆਤੀ ਝਟਕੇ ਤੋਂ ਉੱਭਰਦਿਆਂ ਸੁਰਜੀਤ ਹਾਕੀ ਅਕੈਡਮੀ, ਜਲੰਧਰ ਨੂੰ 2-1 ਨਾਲ ਹਰਾਇਆ ਤੇ ਟੂਰਨਾਮੈਂਟ ’ਚ ਆਪਣਾ ਸੌ ਫ਼ੀਸਦੀ ਜਿੱਤ ਦਾ ਰਿਕਾਰਡ ਬਰਕਰਾਰ ਰੱਖਿਆ।
ਦਿਨ ਦੇ ਪਹਿਲੇ ਮੁਕਾਬਲੇ ’ਚ ਗਵਰਨਮੈਂਟ ਹਾਕੀ ਅਕੈਡਮੀ, ਸੋਨੀਪਤ ਨੇ ਘੁਮਨਹੇੜਾ ਰਾਈਜ਼ਰਜ਼ ਅਕੈਡਮੀ, ਨਵੀਂ ਦਿੱਲੀ ਨੂੰ 3-1 ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ। ਦਿਨ ਦੇ ਦੂਜੇ ਮੁਕਾਬਲੇ ’ਚ ਨਾਮਧਾਰੀ ਇਲੈਵਨ ਨੇ ਹਮਲਾਵਰ ਹਾਕੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਿਪਬਲਿਕਨ ਸਪੋਰਟਸ ਕਲੱਬ, ਮੁੰਬਈ ਨੂੰ 7-1 ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਦੇ ਹੀਰੋ ਮਿਸਬਾਹ ਖ਼ਾਨ ਰਹੇ, ਜਿਨ੍ਹਾਂ ਨੇ ਚਾਰ ਗੋਲ ਕੀਤੇ।
ਅੱਠਵੇਂ ਦਿਨ ਦੀ ਖੇਡ ਤੋਂ ਬਾਅਦ ਰਾਊਂਡਗਲਾਸ ਹਾਕੀ ਅਕੈਡਮੀ ਪੰਜ ਮੈਚਾਂ ’ਚ 15 ਅੰਕਾਂ ਨਾਲ ਅੰਕ ਸੂਚੀ ’ਚ ਸਿਖ਼ਰ 'ਤੇ ਮਜ਼ਬੂਤੀ ਨਾਲ ਕਾਇਮ ਹੈ। ਟੀਮ ਨੇ ਆਪਣੇ ਨੇੜਲੇ ਵਿਰੋਧੀਆਂ ਤੋਂ ਤਿੰਨ ਅੰਕਾਂ ਦੀ ਬੜ੍ਹਤ ਬਣਾ ਰੱਖੀ ਹੈ। ਓਡੀਸ਼ਾ ਨੇਵਲ ਟਾਟਾ ਹਾਕੀ ਐੱਚਪੀਸੀ (ਚਾਰ ਮੈਚ), ਘੁਮਨਹੇੜਾ ਰਾਈਜ਼ਰਜ਼ ਅਕੈਡਮੀ, ਨਵੀਂ ਦਿੱਲੀ (ਛੇ ਮੈਚ) ਅਤੇ ਨੇਵਲ ਟਾਟਾ ਹਾਕੀ ਅਕੈਡਮੀ, ਜਮਸ਼ੇਦਪੁਰ (ਪੰਜ ਮੈਚ) ਦੇ ਖਾਤੇ ’ਚ 12-12 ਅੰਕ ਹਨ।
ਅੱਜ ਦੇ ਮੁਕਾਬਲੇ
ਸਵੇਰੇ 11 ਵਜੇ : ਮੇਜਰ ਧਿਆਨਚੰਦ ਸਪੋਰਟਸ ਕਾਲਜ, ਸੈਫਈ ਬਨਾਮ ਗਵਰਨਮੈਂਟ ਹਾਕੀ ਅਕੈਡਮੀ, ਸੋਨੀਪਤ।
ਦੁਪਹਿਰ ਇਕ ਵਜੇ : ਓਡੀਸ਼ਾ ਨੇਵਲ ਟਾਟਾ ਹਾਕੀ ਐੱਚਪੀਸੀ ਬਨਾਮ ਨਾਮਧਾਰੀ ਇਲੈਵਨ।
ਦੁਪਹਿਰ ਤਿੰਨ ਵਜੇ : ਸਪੋਰਟਸ ਡਿਵੈਲਪਮੈਂਟ ਅਥਾਰਟੀ ਆਫ਼ ਤਾਮਿਲਨਾਡੂ (ਐੱਸਡੀਏਟੀ) ਬਨਾਮ ਨੇਵਲ ਟਾਟਾ ਹਾਕੀ ਅਕੈਡਮੀ, ਜਮਸ਼ੇਦਪੁਰ।