ਸੱਟ ਤੋਂ ਬਾਅਦ 10 ਗੁਣਾ ਬਿਹਤਰ ਵਾਪਸੀ ਕਰਨੀ ਹੁੰਦੀ ਹੈ, ਵੈਸਟਇੰਡੀਜ਼ ਸੀਰੀਜ਼ ਤੋਂ ਪਹਿਲਾਂ ਪ੍ਰਸਿੱਧ ਕ੍ਰਿਸ਼ਨਾ ਨੇ ਭਰੀ ਹੁੰਕਾਰ ਸਿੱਧ ਕ੍ਰਿਸ਼ਨਾ ਨੇ JioStar ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਟ ਕਾਰਨ ਕ੍ਰਿਕਟ ਤੋਂ ਦੂਰ ਰਹਿਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੁੰਦਾ। ਰਿਹੈਬ ਦਾ ਦੌਰ ਕਾਫ਼ੀ ਥਕਾਉਣ ਵਾਲਾ ਹੁੰਦਾ ਹੈ ਤੇ ਇਸ ਦੌਰਾਨ ਟੀਮ, ਸਪੋਰਟਸ ਸਾਇੰਸ ਸਟਾਫ਼, ਪਰਿਵਾਰ ਤੇ ਦੋਸਤਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ।
Publish Date: Fri, 25 Sep 2026 04:46 PM (IST)
Updated Date: Fri, 25 Sep 2026 04:48 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਤੇ ਵੈਸਟਇੰਡੀਜ਼ ਵਿਚਾਲੇ 27 ਸਤੰਬਰ ਤੋਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਤੋਂ ਪਹਿਲਾਂ ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਸੱਟ ਤੋਂ ਵਾਪਸੀ ਨੂੰ ਲੈ ਕੇ ਆਪਣਾ ਤਜਰਬਾ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਖਿਡਾਰੀ ਸੱਟ ਤੋਂ ਬਾਅਦ ਵਾਪਸੀ ਕਰਦਾ ਹੈ ਤਾਂ ਉਸ ਦਾ ਟੀਚਾ ਪਹਿਲਾਂ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕਰਨਾ ਹੋਣਾ ਚਾਹੀਦਾ ਹੈ। ਪ੍ਰਸਿੱਧ ਕ੍ਰਿਸ਼ਨਾ ਨੇ JioStar ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਟ ਕਾਰਨ ਕ੍ਰਿਕਟ ਤੋਂ ਦੂਰ ਰਹਿਣਾ ਕਿਸੇ ਵੀ ਖਿਡਾਰੀ ਲਈ ਆਸਾਨ ਨਹੀਂ ਹੁੰਦਾ। ਰਿਹੈਬ ਦਾ ਦੌਰ ਕਾਫ਼ੀ ਥਕਾਉਣ ਵਾਲਾ ਹੁੰਦਾ ਹੈ ਤੇ ਇਸ ਦੌਰਾਨ ਟੀਮ, ਸਪੋਰਟਸ ਸਾਇੰਸ ਸਟਾਫ਼, ਪਰਿਵਾਰ ਤੇ ਦੋਸਤਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੁੰਦਾ ਹੈ।
ਸੱਟ ਤੋਂ ਵਾਪਸੀ ’ਤੇ ਕੀ ਬੋਲੇ ਪ੍ਰਸਿੱਧ ਕ੍ਰਿਸ਼ਨਾ?
ਪ੍ਰਸਿੱਧ ਕ੍ਰਿਸ਼ਨਾ ਨੇ ਕਿਹਾ, “ਸੱਟ ਲੱਗਣਾ ਤੇ ਚੱਲ ਰਹੀ ਕ੍ਰਿਕਟ ’ਚ ਹਿੱਸਾ ਨਾ ਲੈ ਪਾਉਣਾ ਕਿਸੇ ਲਈ ਵੀ ਮੁਸ਼ਕਲ ਹੁੰਦਾ ਹੈ। ਰਿਹੈਬ ਦਾ ਸਫ਼ਰ ਬਹੁਤ ਥਕਾਉਣ ਵਾਲਾ ਹੁੰਦਾ ਹੈ, ਕਿਉਂਕਿ ਤੁਹਾਨੂੰ ਉਹੀ ਚੀਜ਼ਾਂ ਵਾਰ-ਵਾਰ ਕਰਨੀਆਂ ਪੈਂਦੀਆਂ ਹਨ। ਇੱਥੇ ਟੀਮ ਤੇ ਸਪੋਰਟਸ ਸਾਇੰਸ ਸਟਾਫ਼ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਵਾਪਸੀ ਲਈ ਮਾਨਸਿਕ ਮਜ਼ਬੂਤੀ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ, “ਮੈਂ ਹਮੇਸ਼ਾ ਆਪਣੇ ਆਪ ਨੂੰ ਕਹਿੰਦਾ ਹਾਂ ਕਿ ਜੇ ਸੱਟ ਲੱਗਣ ਵੇਲੇ ਮੈਂ ਕਿਸੇ ਖ਼ਾਸ ਪੱਧਰ ’ਤੇ ਸੀ ਤਾਂ ਵਾਪਸੀ ਕਰਦੇ ਸਮੇਂ ਮੈਨੂੰ ਉਸ ਤੋਂ 10 ਗੁਣਾ ਬਿਹਤਰ ਹੋਣਾ ਚਾਹੀਦਾ ਹੈ। ਇਹ ਸੋਚ ਬਹੁਤ ਜ਼ਰੂਰੀ ਹੈ।”
ਨਿਊਜ਼ੀਲੈਂਡ ਦੀਆਂ ਹਾਲਾਤਾਂ ’ਚ ਹੋਵੇਗੀ ਤੇਜ਼ ਗੇਂਦਬਾਜ਼ਾਂ ਦੀ ਪ੍ਰੀਖਿਆ ਨਿਊਜ਼ੀਲੈਂਡ ਦੌਰੇ ਬਾਰੇ ਗੱਲ ਕਰਦਿਆਂ ਪ੍ਰਸਿੱਧ ਕ੍ਰਿਸ਼ਨਾ ਨੇ ਕਿਹਾ ਕਿ ਉੱਥੇ ਖੇਡਣਾ ਤੇਜ਼ ਗੇਂਦਬਾਜ਼ਾਂ ਲਈ ਵੱਖਰੀ ਚੁਣੌਤੀ ਹੋਵੇਗੀ। ਉਨ੍ਹਾਂ ਮੁਤਾਬਕ ਨਿਊਜ਼ੀਲੈਂਡ ’ਚ ਗੇਂਦਬਾਜ਼ਾਂ ਦੀ ਸਕਿੱਲ, ਸਹਿਣਸ਼ਕਤੀ ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਸਮਰੱਥਾ ਦੀ ਪ੍ਰੀਖਿਆ ਹੁੰਦੀ ਹੈ। ਉਨ੍ਹਾਂ ਕਿਹਾ ਕਿ ਟੀਮ ਇਸ ਸਮੇਂ ਬੁਨਿਆਦੀ ਚੀਜ਼ਾਂ ਨੂੰ ਮਜ਼ਬੂਤ ਕਰਨ ’ਤੇ ਧਿਆਨ ਦੇ ਰਹੀ ਹੈ। ਨਿਊਜ਼ੀਲੈਂਡ ਪਹੁੰਚਣ ਤੋਂ ਬਾਅਦ ਉੱਥੋਂ ਦੇ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਪੰਜ ਟੈਸਟ ਮੈਚਾਂ ਦੀ ਸੀਰੀਜ਼ ਲਈ ਵੀ ਤਿਆਰ 2027 ’ਚ ਬਾਰਡਰ-ਗਾਵਸਕਰ ਟਰਾਫੀ ਖੇਡਣ ਬਾਰੇ ਕ੍ਰਿਸ਼ਨਾ ਨੇ ਕਿਹਾ ਕਿ ਉਹ ਪਹਿਲਾਂ ਹੀ ਦੋ ਵਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਖੇਡ ਚੁੱਕੇ ਹਨ। ਇੱਕ ਵਾਰ ਆਸਟ੍ਰੇਲੀਆ ਤੇ ਇੱਕ ਵਾਰ ਇੰਗਲੈਂਡ ’ਚ ਖੇਡੀ ਗਈ ਸੀਰੀਜ਼ ਤੋਂ ਉਨ੍ਹਾਂ ਨੂੰ ਕਾਫ਼ੀ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਪੰਜ ਮੈਚਾਂ ਤੇ ਲੰਬੇ ਕ੍ਰਿਕਟ ਸ਼ਡਿਊਲ ਦੌਰਾਨ ਲੈਅ ਤੇ ਮੋਮੈਂਟਮ ਕਾਇਮ ਰੱਖਣਾ ਵੱਖਰੀ ਚੁਣੌਤੀ ਹੁੰਦੀ ਹੈ। ਟੀਮ ਇਸ ਚੁਣੌਤੀ ਲਈ ਪਹਿਲਾਂ ਤੋਂ ਤਿਆਰੀ ਕਰ ਰਹੀ ਹੈ।
ਟੈਸਟ ਟੀਮ ’ਚ ਰੈਗੂਲਰ ਜਗ੍ਹਾ ਬਣਾਉਣ ਲਈ ਇਹ ਹੈ ਕ੍ਰਿਸ਼ਨਾ ਦਾ ਫਾਰਮੂਲਾ ਭਾਰਤੀ ਟੈਸਟ ਟੀਮ ’ਚ ਨਿਯਮਤ ਖਿਡਾਰੀ ਬਣਨ ਬਾਰੇ ਕ੍ਰਿਸ਼ਨਾ ਨੇ ਕਿਹਾ ਕਿ ਹਾਲਾਤਾਂ ਮੁਤਾਬਕ ਆਪਣੇ ਆਪ ਨੂੰ ਢਾਲਣਾ ਤੇ ਚੰਗਾ ਪ੍ਰਦਰਸ਼ਨ ਕਰਨਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੇਂਦਬਾਜ਼ੀ ’ਚ ਵੀ ਪਾਰਟਨਰਸ਼ਿਪ ਮਹੱਤਵਪੂਰਨ ਹੁੰਦੀ ਹੈ। ਆਪਣੇ ਗੇਂਦਬਾਜ਼ੀ ਸਾਥੀਆਂ ਨੂੰ ਸਮਝਣਾ, ਇੱਕ-ਦੂਜੇ ਦਾ ਸਾਥ ਦੇਣਾ ਤੇ ਟੀਮ ਦੀ ਲੋੜ ਮੁਤਾਬਕ ਪ੍ਰਦਰਸ਼ਨ ਕਰਨਾ ਜ਼ਰੂਰੀ ਹੈ।
ਵਿਸ਼ਵ ਕੱਪ 2027 ਨੂੰ ਲੈ ਕੇ ਉਤਸ਼ਾਹਿਤ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ 2027 ਬਾਰੇ ਕ੍ਰਿਸ਼ਨਾ ਨੇ ਕਿਹਾ ਕਿ ਵਨਡੇ ਫਾਰਮੈਟ ਕਾਫ਼ੀ ਦਿਲਚਸਪ ਤੇ ਚੁਣੌਤੀਪੂਰਨ ਹੈ। ਇੱਕ ਗੇਂਦਬਾਜ਼ ਨੂੰ ਪਾਵਰਪਲੇ ਸਮੇਤ ਖੇਡ ਦੇ ਵੱਖ-ਵੱਖ ਪੜਾਵਾਂ ’ਚ ਗੇਂਦਬਾਜ਼ੀ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ’ਚ ਹੋਣ ਵਾਲਾ ਵਿਸ਼ਵ ਕੱਪ ਤੇਜ਼ ਗੇਂਦਬਾਜ਼ਾਂ ਲਈ ਖ਼ਾਸ ਤੌਰ ’ਤੇ ਰੋਮਾਂਚਕ ਹੋਵੇਗਾ। ਮੌਜੂਦਾ ਸਮੇਂ ’ਚ ਵਨਡੇ ਕ੍ਰਿਕਟ ’ਚ 300 ਤੇ 350 ਦੌੜਾਂ ਦੇ ਸਕੋਰ ਆਮ ਹੁੰਦੇ ਜਾ ਰਹੇ ਹਨ। ਅਜਿਹੇ ’ਚ ਗੇਂਦਬਾਜ਼ਾਂ ਲਈ ਵਿਰੋਧੀ ਟੀਮ ਨੂੰ ਘੱਟ ਸਕੋਰ ’ਤੇ ਰੋਕਣਾ ਵੱਡੀ ਚੁਣੌਤੀ ਹੋਵੇਗੀ।
ਕਦੋਂ ਹੋਣਗੇ ਭਾਰਤ-ਵੈਸਟਇੰਡੀਜ਼ ਵਨਡੇ? ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 27 ਸਤੰਬਰ ਤੋਂ 3 ਅਕਤੂਬਰ ਤੱਕ ਖੇਡੀ ਜਾਵੇਗੀ। ਸਾਰੇ ਮੈਚ ਦੁਪਹਿਰ 2 ਵਜੇ ਤੋਂ JioHotstar ਤੇ Star Sports Network ’ਤੇ ਲਾਈਵ ਦੇਖੇ ਜਾ ਸਕਦੇ ਹਨ।
ਪਹਿਲਾ ਵਨਡੇ: 27 ਸਤੰਬਰ ਦੂਜਾ ਵਨਡੇ: 30 ਸਤੰਬਰ ਤੀਜਾ ਵਨਡੇ: 3 ਅਕਤੂਬਰ