ਦੇਸ਼ ਲਈ ਤਮਗ਼ਿਆਂ 'ਤੇ ਨਿਸ਼ਾਨੇ ਲਾ ਰਿਹੈ ਪਟਿਆਲਾ ਦਾ ਅਰਜੁਨ, ਕਾਮਨਵੈਲਥ 'ਚ ਚਮਕਾਇਆ ਨਾਮ
ਅਰਜੁਨ ਦੀ ਇਹ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਮੌਜੂਦਾ ਸਮੇਂ ’ਚ ਪੰਜਾਬ ਸਰਕਾਰ ਦੇ ਖੇਡ ਵਿਭਾਗ ’ਚ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਉਹ ਆਪ ਖਿਡਾਰੀ ਹੋਣ ਦੇ ਨਾਲ-ਨਾਲ ਨਵੇਂ ਉੱਭਰਦੇ ਤਲਵਾਰਬਾਜ਼ਾਂ ਨੂੰ ਖੇਡਾਂ ਦੀਆਂ ਬਾਰੀਕੀਆਂ ਸਿਖਾ ਕੇ ਉਨ੍ਹਾਂ ਦਾ ਭਵਿੱਖ ਸੰਵਾਰ ਰਿਹਾ ਹੈ।
Publish Date: Tue, 25 Aug 2026 11:28 AM (IST)
Updated Date: Tue, 25 Aug 2026 11:35 AM (IST)
ਦੇਸ਼ ਲਈ ਤਗਮਿਆਂ 'ਤੇ ਨਿਸ਼ਾਨੇ ਲਾ ਰਿਹਾ ਪਟਿਆਲਾ ਦਾ ਅਰਜੁਨ ਅੱਜ ਪੰਜਾਬ ’ਚ ਤਲਵਾਰਬਾਜ਼ੀ ਦਾ ਇੱਕ ਚਮਕਦਾ ਸਿਤਾਰਾ ਬਣ ਕੇ ਉੱਭਰਿਆ ਹੈ। ਆਪਣੀ ਸ਼ਾਨਦਾਰ ਖੇਡ ਤੇ ਸਖ਼ਤ ਮਿਹਨਤ ਦੇ ਦਮ 'ਤੇ ਅਰਜੁਨ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਹੁਨਰ ਦਾ ਲੋਹਾ ਮੰਨਵਾਇਆ ਹੈ। ਨਾਈਜੀਰੀਆ ’ਚ ਹੋਈ ਅੰਤਰਰਾਸ਼ਟਰੀ ਕਾਮਨਵੈਲਥ ਚੈਂਪੀਅਨਸ਼ਿਪ ’ਚ ਭਾਰਤੀ ਖੇਡ ਜਗਤ ਲਈ ਇੱਕ ਵੱਡੀ ਤੇ ਮਾਣਮੱਤੀ ਖੁਸ਼ਖਬਰੀ ਆਈ ਹੈ। ਰੋਮਾਂਚਕ ਤੇ ਫ਼ਸਵੇਂ ਮੁਕਾਬਲਿਆਂ ਦੇ ਆਖਰੀ ਦਿਨ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬਰਾਊਂਜ਼ ਮੈਡਲ 'ਤੇ ਕਬਜ਼ਾ ਕੀਤਾ। ਇਸ ਇਤਿਹਾਸਕ ਉਪਲੱਬਧੀ ’ਚ ਪੰਜਾਬ ਦੇ ਇਤਿਹਾਸਕ ਸ਼ਹਿਰ ਪਟਿਆਲਾ ਦੇ ਤਲਵਾਰਬਾਜ਼ ਅਰਜੁਨ ਨੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਅਹਿਮ ਭੂਮਿਕਾ ਨਿਭਾਈ ਹੈ।
ਦੋਹਰੀ ਜ਼ਿੰਮੇਵਾਰੀ : ਖਿਡਾਰੀ ਤੇ ਕੋਚ ਵਜੋਂ ਵਚਨਬੱਧਤਾ ਅਰਜੁਨ ਦੀ ਇਹ ਜਿੱਤ ਇਸ ਲਈ ਵੀ ਖ਼ਾਸ ਹੈ ਕਿਉਂਕਿ ਉਹ ਮੌਜੂਦਾ ਸਮੇਂ ’ਚ ਪੰਜਾਬ ਸਰਕਾਰ ਦੇ ਖੇਡ ਵਿਭਾਗ ’ਚ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ। ਉਹ ਆਪ ਖਿਡਾਰੀ ਹੋਣ ਦੇ ਨਾਲ-ਨਾਲ ਨਵੇਂ ਉੱਭਰਦੇ ਤਲਵਾਰਬਾਜ਼ਾਂ ਨੂੰ ਖੇਡਾਂ ਦੀਆਂ ਬਾਰੀਕੀਆਂ ਸਿਖਾ ਕੇ ਉਨ੍ਹਾਂ ਦਾ ਭਵਿੱਖ ਸੰਵਾਰ ਰਿਹਾ ਹੈ। ਇੱਕ ਪਾਸੇ ਜਿੱਥੇ ਉਸ ’ਤੇ ਖਿਡਾਰੀਆਂ ਨੂੰ ਤਰਾਸ਼ਣ ਦੀ ਜ਼ਿੰਮੇਵਾਰੀ ਹੈ, ਉੱਥੇ ਹੀ ਆਪਣੇ ਖੁਦ ਦੇ ਅਭਿਆਸ ਨੂੰ ਕਾਇਮ ਰੱਖਣਾ ਵੀ ਇੱਕ ਵੱਡੀ ਚੁਣੌਤੀ ਹੈ। ਅਰਜੁਨ ਨੇ ਸਾਬਿਤ ਕਰ ਦਿੱਤਾ ਹੈ ਕਿ ਜੇ ਮਨ ’ਚ ਦ੍ਰਿੜ੍ਹ ਇਰਾਦਾ ਹੋਵੇ ਤਾਂ ਕਿਸੇ ਵੀ ਮੁਸ਼ਕਲ 'ਤੇ ਜਿੱਤ ਪਾਈ ਜਾ ਸਕਦੀ ਹੈ।
ਜਿੱਤ ਦਾ ਰੋਮਾਂਚਕ ਤਜਰਬਾ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਆਪਣੇ ਤਜਰਬੇ ਸਾਂਝੇ ਕਰਦਿਆਂ ਅਰਜੁਨ ਨੇ ਦੱਸਿਆ ਕਿ ਨਾਈਜੀਰੀਆ ’ਚ ਖੇਡਣਾ ਉਸ ਲਈ ਇੱਕ ਵੱਖਰਾ ਤੇ ਚੁਣੌਤੀਪੂਰਨ ਤਜਰਬਾ ਸੀ। ਉਥੋਂ ਦੇ ਵਾਤਾਵਰਣ ਤੇ ਅੰਤਰਰਾਸ਼ਟਰੀ ਪੱਧਰ ਦੇ ਤਕੜੇ ਮੁਕਾਬਲੇਬਾਜ਼ਾਂ ਵਿਚਾਲੇ ਖੇਡਣਾ ਆਸਾਨ ਨਹੀਂ ਸੀ। ‘ਅੰਤਰਰਾਸ਼ਟਰੀ ਮੰਚ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਾ ਤੇ ਜਿੱਤ ਤੋਂ ਬਾਅਦ ਤਿਰੰਗਾ ਲਹਿਰਾਉਂਦਾ ਦੇਖਣਾ ਹਰ ਖਿਡਾਰੀ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ। ਆਖਰੀ ਦਿਨ ਦੇ ਮੁਕਾਬਲੇ ਬਹੁਤ ਹੀ ਸੰਘਰਸ਼ਪੂਰਨ ਸਨ ਪਰ ਟੀਮ ਦੇ ਮਜ਼ਬੂਤ ਇਰਾਦੇ ਤੇ ਸਖ਼ਤ ਮਿਹਨਤ ਸਦਕਾ ਅਸੀਂ ਬਰਾਊਂਜ਼ ਮੈਡਲ ਜਿੱਤਣ ’ਚ ਸਫਲ ਰਹੇ।’ ਉਸਨੇ ਆਪਣੀ ਇਸ ਇਤਿਹਾਸਕ ਜਿੱਤ ਦਾ ਪੂਰਾ ਸਿਹਰਾ ਆਪਣੇ ਪਰਿਵਾਰ ਦੇ ਅਣਥੱਕ ਸਹਿਯੋਗ, ਆਪਣੇ ਕੋਚਾਂ ਦੇ ਮਾਰਗਦਰਸ਼ਨ ਤੇ ਪੰਜਾਬ ਖੇਡ ਵਿਭਾਗ ਵੱਲੋਂ ਮਿਲੀ ਹੌਸਲਾ ਅਫਜ਼ਾਈ ਨੂੰ ਦਿੱਤਾ।
ਸ਼ਾਨਦਾਰ ਖੇਡ ਪਿਛੋਕੜ ਤੇ ਮੁੱਖ ਉਪਲੱਬਧੀਆਂ ਅਰਜੁਨ ਦਾ ਖੇਡ ਸਫਰ ਸ਼ੁਰੂ ਤੋਂ ਹੀ ਬਹੁਤ ਹੀ ਪ੍ਰੇਰਣਾਦਾਇਕ ਰਿਹਾ ਹੈ। ਅਰਜੁਨ ਨੇ ਰਾਸ਼ਟਰੀ ਪੱਧਰ ਦੀਆਂ ਕਈ ਚੈਂਪੀਅਨਸ਼ਿਪਾਂ ’ਚ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕਈ ਸੋਨੇ, ਚਾਂਦੀ ਤੇ ਕਾਂਸੀ ਦੇ ਮੈਡਲ ਆਪਣੇ ਨਾਂ ਕੀਤੇ ਹਨ। ਇਸ ਚੈਂਪੀਅਨਸ਼ਿਪ ਤੋਂ ਪਹਿਲਾਂ ਵੀ ਅਰਜੁਨ ਕਈ ਅੰਤਰਰਾਸ਼ਟਰੀ ਖੇਡ ਮੰਚਾਂ 'ਤੇ ਭਾਰਤ ਦੀ ਨੁਮਾਇੰਦਗੀ ਕਰਦਾ ਹੋਇਆ ਤਲਵਾਰਬਾਜ਼ੀ ’ਚ ਆਪਣੀ ਸ਼ਾਨਦਾਰ ਖੇਡ ਦਾ ਲੋਹਾ ਮੰਨਵਾ ਚੁੱਕਾ ਹੈ। ਖੇਡ ਵਿਭਾਗ ’ਚ ਸੇਵਾਵਾਂ ਦਿੰਦਿਆਂ ਉਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਦੂਰ ਕਰ ਕੇ ਖੇਡਾਂ ਨਾਲ ਜੋੜਨ ਲਈ ਅਹਿਮ ਉਪਰਾਲੇ ਕੀਤੇ ਹਨ।
ਇਲਾਕੇ ’ਚ ਖ਼ੁਸ਼ੀ ਦੀ ਲਹਿਰ ਤੇ ਭਵਿੱਖ ਦੇ ਨਿਸ਼ਾਨੇ ਅਰਜੁਨ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਪਟਿਆਲਾ ਤੇ ਪੂਰੇ ਪੰਜਾਬ ’ਚ ਖੁਸ਼ੀ ਦੀ ਲਹਿਰ ਦੌੜ ਗਈ। ਖੇਡ ਪ੍ਰੇਮੀਆਂ, ਖੇਡ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਥਾਨਕ ਨਿਵਾਸੀਆਂ ਨੇ ਉਸ ਨੂੰ ਵਧਾਈਆਂ ਦਿੱਤੀਆਂ। ਅਰਜੁਨ ਨੇ ਦੱਸਿਆ ਕਿ ਉਸਦਾ ਅਗਲਾ ਮੁੱਖ ਨਿਸ਼ਾਨਾ ਆਉਣ ਵਾਲੀਆਂ ਵੱਡੀਆਂ ਅੰਤਰਰਾਸ਼ਟਰੀ ਚੈਂਪੀਅਨਸ਼ਿਪਾਂ ’ਚ ਭਾਰਤ ਲਈ ਗੋਲਡ ਮੈਡਲ ਜਿੱਤਣਾ ਹੈ।