Para Asian Games : ਭਾਰਤੀ ਐਥਲੀਟਾਂ ਦਾ ਤੂਫ਼ਾਨੀ ਪ੍ਰਦਰਸ਼ਨ, ਵਿਸ਼ਵ ਰਿਕਾਰਡ ਬਣਾਉਂਦਿਆਂ ਝੋਲੀ ਪਾਏ 65 ਤਮਗ਼ੇ
ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਸੰਯੁਕਤ ਐੱਫ42-44/61-64 ਜੈਵਲਿਨ ਥ੍ਰੋਅ ’ਚ 72.46 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗ਼ਾ ਜਿੱਤ ਕੇ ਆਪਣੇ ਖਿਤਾਬ ਦਾ ਬਚਾਅ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਤੇ ਵਿਸ਼ਵ ਰਿਕਾਰਡ ਧਾਰਕ ਸੁਮਿਤ ਨੇ 2020 ਤੇ 2024 ਪੈਰਾਲੰਪਿਕ ’ਚ ਵੀ ਸੋਨ ਤਮਗ਼ਾ ਜਿੱਤਿਆ
Publish Date: Sat, 24 Oct 2026 11:30 AM (IST)
Updated Date: Sat, 24 Oct 2026 11:36 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਟ੍ਰੈਕ ਐਂਡ ਫੀਲਡ ਐਥਲੀਟਾਂ ਨੇ ਆਈਚੀ-ਨਾਗੋਯਾ ਪੈਰਾ ਏਸ਼ੀਅਨ ਖੇਡਾਂ ’ਚ ਭਾਰਤ ਦੇ 114 ਤਮਗ਼ਿਆਂ ਦੀ ਰਿਕਾਰਡ ਤੋੜ ਜਿੱਤ ’ਚ ਸਭ ਤੋਂ ਵੱਡਾ ਯੋਗਦਾਨ ਪਾਇਆ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਚਾਰ ਸੋਨ ਤਮਗ਼ਿਆ ਸਮੇਤ ਕੁੱਲ 13 ਤਮਗ਼ੇ ਜਿੱਤੇ। ਭਾਰਤ ਐਥਲੈਟਿਕਸ ’ਚ ਚੀਨ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਤੇ 22 ਸੋਨ, 19 ਚਾਂਦੀ ਤੇ 24 ਕਾਂਸੀ ਦੇ ਤਮਗ਼ੇ ਜਿੱਤੇ। ਇਹ 2023 ’ਚ ਹਾਂਗਜ਼ੂ ’ਚ ਜਿੱਤੇ ਗਏ 53 ਤਮਗ਼ਿਆਂ ਨਾਲੋਂ 12 ਵੱਧ ਹੈ। ਚੀਨ 98 ਤਮਗਿਆਂ (54 ਸੋਨ, 24 ਚਾਂਦੀ ਤੇ 20 ਕਾਂਸੀ) ਨਾਲ ਪਹਿਲੇ ਸਥਾਨ ’ਤੇ ਰਿਹਾ। ਉਜ਼ਬੇਕਿਸਤਾਨ 64 ਤਮਗਿਆਂ (20 ਸੋਨ, 21 ਚਾਂਦੀ, 23 ਕਾਂਸੀ) ਨਾਲ ਤੀਜੇ ਸਥਾਨ ’ਤੇ ਰਿਹਾ ਤੇ ਮੇਜ਼ਬਾਨ ਜਾਪਾਨ 51 ਤਮਗਿਆਂ (19 ਸੋਨ, 18 ਚਾਂਦੀ ਤੇ 14 ਕਾਂਸੀ) ਨਾਲ ਚੌਥੇ ਸਥਾਨ ’ਤੇ ਰਿਹਾ। ਭਾਰਤ ਦੇ 62 ਮੈਂਬਰੀ ਦਲ ਨੇ ਆਪਣਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਸੰਯੁਕਤ ਐੱਫ42-44/61-64 ਜੈਵਲਿਨ ਥ੍ਰੋਅ ’ਚ 72.46 ਮੀਟਰ ਦੀ ਕੋਸ਼ਿਸ਼ ਨਾਲ ਸੋਨ ਤਮਗ਼ਾ ਜਿੱਤ ਕੇ ਆਪਣੇ ਖਿਤਾਬ ਦਾ ਬਚਾਅ ਕੀਤਾ। ਮੌਜੂਦਾ ਵਿਸ਼ਵ ਚੈਂਪੀਅਨ ਤੇ ਵਿਸ਼ਵ ਰਿਕਾਰਡ ਧਾਰਕ ਸੁਮਿਤ ਨੇ 2020 ਤੇ 2024 ਪੈਰਾਲੰਪਿਕ ’ਚ ਵੀ ਸੋਨ ਤਮਗ਼ਾ ਜਿੱਤਿਆ। ਭਾਰਤ ਨੇ ਇਸ ਈਵੈਂਟ ’ਚ ਤਿੰਨੋਂ ਤਮਗ਼ੇ ਜਿੱਤੇ। ਮਹਿੰਦਰ ਗੁਰਜਰ ਨੇ 59.03 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ ਤੇ ਸੰਦੀਪ ਸੰਜੇ ਸਰਗਰ ਨੇ 64.48 ਮੀਟਰ ਦੇ ਥ੍ਰੋਅ ਨਾਲ ਕਾਂਸੀ ਦਾ ਤਮਗ਼ਾ ਜਿੱਤਿਆ। ਗੁਰਜਰ ਨੂੰ ਰਜ਼ਾ ਅੰਕਾਂ ਦੇ ਆਧਾਰ ’ਤੇ ਸਰਗਰ ਤੋਂ ਉੱਚਾ ਦਰਜਾ ਦਿੱਤਾ ਗਿਆ, ਜੋ ਸੰਯੁਕਤ ਸ਼੍ਰੇਣੀ ’ਚ ਦਰਜਾਬੰਦੀ ਨਿਰਧਾਰਤ ਕਰਦੇ ਹਨ।
ਪ੍ਰਣਵ ਨੇ ਦੂਜਾ ਸੋਨ ਤਮਗ਼ਾ ਜਿੱਤਿਆ ਪ੍ਰਣਵ ਸੁਰਮਾ ਨੇ ਪੁਰਸ਼ਾਂ ਦੇ ਕਲੱਬ ਥਰੋਅ ਐੱਫ਼51 ਈਵੈਂਟ ’ਚ 32.87 ਮੀਟਰ ਦੇ ਗੇਮਜ਼ ਰਿਕਾਰਡ ਥਰੋਅ ਨਾਲ ਸੋਨ ਤਮਗ਼ਾ ਜਿੱਤ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ। ਧਰਮਵੀਰ ਨੇ ਇਸੇ ਈਵੈਂਟ ’ਚ ਕਾਂਸੀ ਦਾ ਤਮਗ਼ਾ ਜਿੱਤਿਆ। ਸੰਦੀਪ ਨੇ ਪੁਰਸ਼ਾਂ ਦੀ 400 ਮੀਟਰ ਟੀ64 ਦੌੜ ’ਚ 52.28 ਸਕਿੰਟ ਦੇ ਵਿਸ਼ਵ ਰਿਕਾਰਡ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ। ਅਜੈ ਕੁਮਾਰ ਨੇ 53.61 ਸਕਿੰਟ ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਹਨੀ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ਼37/38 ਈਵੈਂਟ ’ਚ 60.49 ਮੀਟਰ ਦੇ ਵਿਸ਼ਵ ਰਿਕਾਰਡ ਯਤਨ ਨਾਲ ਸੋਨ ਤਮਗ਼ਾ ਜਿੱਤਿਆ। ਨਿਮਿਸ਼ਾ ਚੱਕੁੰਗਲਪਰਾਂਬਿਲ ਨੇ ਔਰਤਾਂ ਦੀ ਲੰਬੀ ਛਾਲ ਟੀ47 ’ਚ 5.37 ਮੀਟਰ ਦੇ ਯਤਨ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ। ਪਰਮੋਦ ਬਿਜਾਰਨੀਆ ਨੇ ਪੁਰਸ਼ਾਂ ਦੀ 1500 ਮੀਟਰ ਟੀ46 ਦੌੜ ’ਚ 4:09.65 ਮਿੰਟ ਦੇ ਸਮੇਂ ਨਾਲ ਚਾਂਦੀ ਦਾ ਤਮਗ਼ਾ ਜਿੱਤਿਆ।