Para Asian Games 2026 : ਜਾਪਾਨ 'ਚ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ ਪੈਰਾ ਏਸ਼ਿਆਈ ਖੇਡਾਂ, ਛੋਟੇ ਦਲ ਦੇ ਬਾਵਜੂਦ ਭਾਰਤੀ ਖਿਡਾਰੀਆਂ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ
ਏਸ਼ਿਆਈ ਖੇਡਾਂ ਦੇ ਸਫਲ ਆਯੋਜਨ ਤੋਂ ਬਾਅਦ ਹੁਣ ਪੈਰਾ ਏਸ਼ਿਆਈ ਖੇਡਾਂ 2026 ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਭਾਰਤ 2023 ’ਚ ਹਾਂਗਜ਼ੂ ’ਚ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਵਾਰ ਭਾਰਤ ਦੇ ਲਗਭਗ 168 ਖਿਡਾਰੀ 11 ਖੇਡਾਂ ’ਚ ਚੁਣੌਤੀ ਦੇਣਗੇ
Publish Date: Sun, 18 Oct 2026 11:20 AM (IST)
Updated Date: Sun, 18 Oct 2026 11:23 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਏਸ਼ਿਆਈ ਖੇਡਾਂ ਦੇ ਸਫਲ ਆਯੋਜਨ ਤੋਂ ਬਾਅਦ ਹੁਣ ਪੈਰਾ ਏਸ਼ਿਆਈ ਖੇਡਾਂ 2026 ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਭਾਰਤ 2023 ’ਚ ਹਾਂਗਜ਼ੂ ’ਚ ਆਪਣਾ ਸਰਬੋਤਮ ਪ੍ਰਦਰਸ਼ਨ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਇਸ ਵਾਰ ਭਾਰਤ ਦੇ ਲਗਭਗ 168 ਖਿਡਾਰੀ 11 ਖੇਡਾਂ ’ਚ ਚੁਣੌਤੀ ਦੇਣਗੇ। 303 ਖਿਡਾਰੀਆਂ ਨਾਲ ਹਾਂਗਜ਼ੂ ’ਚ ਪ੍ਰਵੇਸ਼ ਕਰਨ ਵਾਲੇ ਭਾਰਤ ਨੇ 111 ਤਮਗੇ ਜਿੱਤੇ ਸਨ।
ਭਾਰਤ ਨੇ 2023 ’ਚ 29 ਸੋਨੇ, 31 ਚਾਂਦੀ ਤੇ 51 ਕਾਂਸੀ ਦੇ ਤਮਗਿਆਂ ਨਾਲ ਪੰਜਵਾਂ ਸਥਾਨ ਹਾਸਲ ਕੀਤਾ ਸੀ। ਹਾਲਾਂਕਿ ਇਸ ਵਾਰ ਸਖਤ ਕੋਟੇ ਤੇ ਈਵੈਂਟਸ ’ਚ ਬਦਲਾਅ ਕਾਰਨ ਭਾਰਤੀ ਦਲ ਛੋਟਾ ਹੈ। ਪੈਰਾ ਐਥਲੈਟਿਕਸ ’ਚ ਖਿਡਾਰੀਆਂ ਦੀ ਗਿਣਤੀ 123 ਤੋਂ ਘਟ ਕੇ 62 ਹੋ ਗਈ ਹੈ। ਪਿਛਲੇ ਐਡੀਸ਼ਨ ’ਚ ਭਾਰਤ ਨੇ ਇਸ ਖੇਡ ’ਚੋਂ 55 ਤਮਗੇ ਜਿੱਤੇ ਸਨ, ਜਿਸ ’ਚ 18 ਸੋਨੇ ਦੇ ਤਮਗੇ ਸ਼ਾਮਲ ਸਨ। ਇਸ ਵਾਰ ਪੈਰਾਲੰਪਿਕ ਚੈਂਪੀਅਨ ਸੁਮਿਤ ਅੰਤਿਲ, ਹਾਈ ਜੰਪਰ ਨਿਸ਼ਾਦ ਕੁਮਾਰ, ਦੌੜਾਕ ਪ੍ਰੀਤੀ ਪਾਲ ਤੇ ਕਲੱਬ ਥਰੋਅਰ ਧਰਮਬੀਰ ਸਿੰਘ ਤੋਂ ਤਮਗੇ ਦੀਆਂ ਉਮੀਦਾਂ ਹਨ। ਤੀਰਅੰਦਾਜ਼ੀ ’ਚ ਸ਼ੀਤਲ ਦੇਵੀ, ਹਰਵਿੰਦਰ ਸਿੰਘ ਤੇ ਤੋਮਨ ਕੁਮਾਰ ’ਤੇ ਨਜ਼ਰਾਂ ਰਹਿਣਗੀਆਂ, ਜਦਕਿ ਪੈਰਾ ਬੈਡਮਿੰਟਨ ’ਚ ਪ੍ਰਮੋਦ ਭਗਤ, ਸੁਹਾਸ ਐੱਲਵਾਈ ਤੇ ਪੈਰਿਸ ਪੈਰਾਲੰਪਿਕ ਚੈਂਪੀਅਨ ਨਿਤੀਸ਼ ਕੁਮਾਰ ਭਾਰਤੀ ਚੁਣੌਤੀ ਪੇਸ਼ ਕਰਨਗੇ। ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਤੇ ਟੇਬਲ ਟੈਨਿਸ ’ਚ ਭਾਵਨਾ ਪਟੇਲ ਵੀ ਤਮਗੇ ਦੀਆਂ ਮੁੱਖ ਦਾਅਵੇਦਾਰ ਹੋਣਗੀਆਂ।