ਭਾਰਤ ਆਵੇਗੀ ਪਾਕਿਸਤਾਨੀ ਟੀਮ, ਪੰਜਾਬ 'ਚ ਖੇਡੇਗੀ ਟੂਰਨਾਮੈਂਟ; ਮੁੱਖ ਮੰਤਰੀ ਨੇ ਕੀਤਾ ਐਲਾਨ ਇਹ ਕੋਈ ਕ੍ਰਿਕਟ ਟੂਰਨਾਮੈਂਟ ਨਹੀਂ ਹੈ ਸਗੋਂ ਹਾਕੀ ਦਾ ਵੱਡਾ ਟੂਰਨਾਮੈਂਟ 'ਏਸ਼ੀਅਨ ਚੈਂਪੀਅਨਜ਼ ਟਰਾਫੀ' ਹੈ। ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਆਯੋਜਨ ਪੰਜਾਬ 'ਚ ਹੋਣਾ ਹੈ। ਇਹ ਟੂਰਨਾਮੈਂਟ ਅਗਲੇ ਮਹੀਨੇ ਖੇਡਿਆ ਜਾਣਾ ਹੈ। ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਪਾਕਿਸਤਾਨੀ ਟੀਮ ਭਾਰਤ ਆਵੇਗੀ।
Publish Date: Mon, 14 Sep 2026 02:49 PM (IST)
Updated Date: Mon, 14 Sep 2026 04:57 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧ ਇਸ ਸਮੇਂ ਠੀਕ ਨਹੀਂ ਹਨ। ਇਸ ਦਾ ਅਸਰ ਖੇਡ ਦੇ ਮੈਦਾਨ 'ਤੇ ਵੀ ਨਜ਼ਰ ਆਉਂਦਾ ਹੈ। ਕ੍ਰਿਕਟ 'ਚ ਤਾਂ ਦੋਵੇਂ ਟੀਮਾਂ ਇਕ-ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਂਦੀਆਂ। ਬੀਤੀ ਰਾਤ ਏਸ਼ੀਆ ਕੱਪ ਦੇ ਫਾਈਨਲ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਾਕਿਸਤਾਨ ਦੇ ਮੋਹਸਿਨ ਨਕਵੀ ਤੋਂ ਟਰਾਫੀ ਤੱਕ ਨਹੀਂ ਲਈ। ਦੋਵੇਂ ਟੀਮਾਂ ਇਕ-ਦੂਜੇ ਦਾ ਦੌਰਾ ਨਹੀਂ ਕਰਦੀਆਂ ਪਰ ਅਗਲੇ ਮਹੀਨੇ ਹੋਣ ਵਾਲੇ ਇਕ ਟੂਰਨਾਮੈਂਟ ਲਈ ਪਾਕਿਸਤਾਨੀ ਟੀਮ ਭਾਰਤ ਆਵੇਗੀ।
ਇਹ ਕੋਈ ਕ੍ਰਿਕਟ ਟੂਰਨਾਮੈਂਟ ਨਹੀਂ ਹੈ ਸਗੋਂ ਹਾਕੀ ਦਾ ਵੱਡਾ ਟੂਰਨਾਮੈਂਟ 'ਏਸ਼ੀਅਨ ਚੈਂਪੀਅਨਜ਼ ਟਰਾਫੀ' ਹੈ। ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਆਯੋਜਨ ਪੰਜਾਬ 'ਚ ਹੋਣਾ ਹੈ। ਇਹ ਟੂਰਨਾਮੈਂਟ ਅਗਲੇ ਮਹੀਨੇ ਖੇਡਿਆ ਜਾਣਾ ਹੈ। ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਲਈ ਪਾਕਿਸਤਾਨੀ ਟੀਮ ਭਾਰਤ ਆਵੇਗੀ।
ਨੀਤੀ ਦਾ ਦਿੱਤਾ ਹਵਾਲਾ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੀਤੀ ਤਹਿਤ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਾਨ ਨੇ ਕਿਹਾ, "ਮਲਟੀ-ਨੈਸ਼ਨਲ (ਬਹੁ-ਰਾਸ਼ਟਰੀ) ਟੂਰਨਾਮੈਂਟ 'ਚ ਕੋਈ ਪਰੇਸ਼ਾਨੀ ਨਹੀਂ ਹੈ। ਸਮੱਸਿਆ ਸ਼ਾਇਦ ਦੋਪੱਖੀ ਸੀਰੀਜ਼ 'ਚ ਹੁੰਦੀ ਹੈ।"
ਕੇਂਦਰੀ ਖੇਡ ਨੀਤੀ ਅਨੁਸਾਰ ਭਾਰਤ-ਪਾਕਿਸਤਾਨ ਦੋਪੱਖੀ ਸੀਰੀਜ਼ ਨਹੀਂ ਖੇਡਣਗੇ। ਹਾਲਾਂਕਿ, ਓਲੰਪਿਕ ਦੇ ਨਿਯਮਾਂ ਨੂੰ ਧਿਆਨ 'ਚ ਰੱਖਦਿਆਂ ਖੇਡ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਟੀਮਾਂ ਮਲਟੀ-ਟੀਮ ਈਵੈਂਟਸ 'ਚ ਇਕ-ਦੂਜੇ ਖ਼ਿਲਾਫ਼ ਖੇਡ ਸਕਦੀਆਂ ਹਨ ਅਤੇ ਭਾਰਤ, ਸਰਹੱਦ ਪਾਰ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਦੇ ਟੂਰਨਾਮੈਂਟਾਂ 'ਚ ਆਪਣੇ ਇੱਥੇ ਖੇਡਣ ਤੋਂ ਨਹੀਂ ਰੋਕੇਗਾ। ਹਾਲਾਂਕਿ, ਇਸ ਤੋਂ ਬਾਅਦ ਵੀ ਪਾਕਿਸਤਾਨ ਨੇ ਪਿਛਲੇ ਸਾਲ ਜੂਨੀਅਰ ਹਾਕੀ ਵਿਸ਼ਵ ਕੱਪ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ, ਜੋ ਤਾਮਿਲਨਾਡੂ 'ਚ ਖੇਡਿਆ ਗਿਆ ਸੀ।
ਅਜਿਹਾ ਹੈ ਸ਼ਡਿਊਲ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ 27 ਅਕਤੂਬਰ ਤੋਂ ਹੋਵੇਗੀ ਅਤੇ ਇਹ ਟੂਰਨਾਮੈਂਟ 5 ਨਵੰਬਰ ਤੱਕ ਚੱਲੇਗਾ। ਲੀਗ ਪੜਾਅ ਦੇ ਮੈਚ ਜਲੰਧਰ 'ਚ ਖੇਡੇ ਜਾਣਗੇ ਅਤੇ ਸੈਮੀਫਾਈਨਲ, ਫਾਈਨਲ ਮੈਚ ਮੋਹਾਲੀ 'ਚ ਹੋਣਗੇ। ਟੂਰਨਾਮੈਂਟ 'ਚ ਭਾਰਤ, ਪਾਕਿਸਤਾਨ, ਚੀਨ, ਜਾਪਾਨ, ਮਲੇਸ਼ੀਆ ਅਤੇ ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ। ਓਮਾਨ ਅਤੇ ਬੰਗਲਾਦੇਸ਼ ਦੇ ਰੂਪ 'ਚ ਦੋ ਰਿਜ਼ਰਵ ਟੀਮਾਂ ਦਾ ਵੀ ਐਲਾਨ ਕੀਤਾ ਗਿਆ ਹੈ। ਜੇਕਰ ਕੋਈ ਟੀਮ ਨਾਂ ਵਾਪਸ ਲੈਂਦੀ ਹੈ ਤਾਂ ਉਨ੍ਹਾਂ ਨੂੰ ਜਗ੍ਹਾ ਦਿੱਤੀ ਜਾਵੇਗੀ।