ਪੰਜਾਬ ਦੀ ਹਾਕੀ ਨੂੰ ਨਵਾਂ ਰੂਪ ਦੇ ਰਹੇ ਓਲੰਪੀਅਨ ਸੰਜੀਵ ਕੁਮਾਰ, ਪਿੰਡਾਂ ਦੀ ਪ੍ਰਤਿਭਾ ਨੂੰ ਤਰਾਸ਼ ਕੇ ਬਣਾ ਰਹੇ ਨੇ ਚੈਂਪੀਅਨ
ਪੰਜਾਬ ਦੀ ਧਰਤੀ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਇਸ ਧਰਤੀ ਨੇ ਦੇਸ਼ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਇਨ੍ਹਾਂ ’ਚੋਂ ਹੀ ਪ੍ਰਮੁੱਖ ਨਾਂ ਹੈ ਓਲੰਪੀਅਨ ਸੰਜੀਵ ਕੁਮਾਰ, ਜਿਨ੍ਹਾਂ ਨੇ ਆਪਣੇ ਖੇਡ ਜੀਵਨ ਵਿਚ ਦੇਸ਼ ਲਈ ਅਨੇਕਾਂ ਮੈਡਲ ਜਿੱਤੇ
Publish Date: Fri, 23 Oct 2026 11:33 AM (IST)
Updated Date: Fri, 23 Oct 2026 11:39 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੀ ਧਰਤੀ ਨੂੰ ਹਾਕੀ ਦੀ ਨਰਸਰੀ ਕਿਹਾ ਜਾਂਦਾ ਹੈ ਤੇ ਇਸ ਧਰਤੀ ਨੇ ਦੇਸ਼ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਇਨ੍ਹਾਂ ’ਚੋਂ ਹੀ ਪ੍ਰਮੁੱਖ ਨਾਂ ਹੈ ਓਲੰਪੀਅਨ ਸੰਜੀਵ ਕੁਮਾਰ, ਜਿਨ੍ਹਾਂ ਨੇ ਆਪਣੇ ਖੇਡ ਜੀਵਨ ਵਿਚ ਦੇਸ਼ ਲਈ ਅਨੇਕਾਂ ਮੈਡਲ ਜਿੱਤੇ ਤੇ ਅੱਜ ਵੀ ਪੰਜਾਬ ਵਿਚ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਨ। ਸੰਜੀਵ ਕੁਮਾਰ ਦਾ ਹਾਕੀ ਸਫ਼ਰ ਸਕੂਲ ਪੱਧਰ ਤੋਂ ਸ਼ੁਰੂ ਹੋਇਆ ਤੇ ਕਾਲਜ ਤੇ ਯੂਨੀਵਰਸਿਟੀ ਪੱਧਰ ’ਤੇ ਖੇਡਦਿਆਂ ਹੋਰ ਨਿਖਰਦਾ ਗਿਆ। ਉਨ੍ਹਾਂ ਨੇ ਨਾਮਧਾਰੀ ਇਲੈਵਨ, ਰੇਲ ਕੋਚਿੰਗ ਫੈਕਟਰੀ (ਆਰਸੀਐੱਫ), ਕਪੂਰਥਲਾ ਤੇ ਪੰਜਾਬ ਐਂਡ ਸਿੰਧ ਬੈਂਕ ਵਰਗੀਆਂ ਟੀਮਾਂ ਵੱਲੋਂ ਖੇਡਦਿਆਂ ਆਪਣੀ ਖੇਡ ਨੂੰ ਨਵੀਆਂ ਬੁਲੰਦੀਆਂ ’ਤੇ ਪਹੁੰਚਾਇਆ। ਲਗਾਤਾਰ ਮਿਹਨਤ, ਅਨੁਸ਼ਾਸਨ ਤੇ ਖੇਡ ਪ੍ਰਤੀ ਲਗਨ ਸਦਕਾ ਉਨ੍ਹਾਂ ਨੂੰ ਭਾਰਤੀ ਹਾਕੀ ਟੀਮ ਵਿਚ ਥਾਂ ਬਣਾਉਣ ਦਾ ਮੌਕਾ ਮਿਲਿਆ।
ਉਨ੍ਹਾਂ ਦੀਆਂ ਪ੍ਰਮੁੱਖ ਪ੍ਰਾਪਤੀਆਂ ਇਸ ਤਰ੍ਹਾਂ ਹਨ - ਓਲੰਪਿਕ ਖੇਡਾਂ: ਅਟਲਾਂਟਾ, ਯੂਐੱਸਏ (1996) ’ਚ ਭਾਰਤ ਦੀ ਨੁਮਾਇੰਦਗੀ।
- ਓਲੰਪਿਕ ਕੁਆਲੀਫਾਇੰਗ: ਬਾਰਸੀਲੋਨਾ, ਸਪੇਨ (1995) ਚਾਂਦੀ ਦਾ ਤਗ਼ਮਾ।
- ਏਸ਼ਿਆਈ ਖੇਡਾਂ : ਹੀਰੋਸ਼ਿਮਾ, ਜਪਾਨ (1994) ਚਾਂਦੀ ਦਾ ਤਗ਼ਮਾ।
- ਸੀਨੀਅਰ ਏਸ਼ੀਆ ਕੱਪ : ਹੀਰੋਸ਼ਿਮਾ, ਜਪਾਨ (1993) ਚਾਂਦੀ ਦਾ ਤਗ਼ਮਾ।
- ਸੈਫ ਗੇਮਜ਼ (SAF Games): ਚੇਨਈ (1995) ਸੋਨੇ ਦਾ ਤਗ਼ਮਾ।
- ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ: ਕੁਆਲਾਲੰਪੁਰ, ਮਲੇਸ਼ੀਆ (1995) ਸੋਨੇ ਦਾ ਤਗ਼ਮਾ।
- ਚੈਂਪੀਅਨਜ਼ ਟਰਾਫੀ: ਬਰਲਿਨ (ਜਰਮਨੀ) ਤੇ ਚੇਨਈ (1989 ਅਤੇ 1996)।
- ਭੀਮ ਐਵਾਰਡ 1996।
- ਵੱਕਾਰੀ ਸਨਮਾਨ: ਪੰਜਾਬ ਸਰਕਾਰ ਵੱਲੋਂ ਸਾਲ 2006 ਵਿਚ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ।
ਪਿੰਡਾਂ ’ਚੋਂ ਤਰਾਸ਼ ਰਹੇ ਹੁਨਰਮੰਦ ਨੌਜਵਾਨ ਪੰਜਾਬ ਐਂਡ ਸਿੰਧ ਬੈਂਕ ਤੋਂ ਮੁੱਖ ਮੈਨੇਜਰ ਤੇ ਚੀਫ਼ ਕੋਚ ਵਜੋਂ ਸੇਵਾ-ਮੁਕਤ ਹੋਣ ਤੋਂ ਬਾਅਦ ਸੰਜੀਵ ਕੁਮਾਰ ਵਰਤਮਾਨ ’ਚ ਰਾਊਂਡਗਲਾਸ ਹਾਕੀ ਅਕੈਡਮੀ ਵਿਖੇ ਅਸਿਸਟੈਂਟ ਟੈਕਨੀਕਲ ਲੀਡ (ਗ੍ਰਾਸਰੂਟ ਐਂਡ ਡਿਵੈਲਪਮੈਂਟ ਸੈਂਟਰ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਦੇ ਨਾਲ ਹੀ ਉਹ ਹਾਕੀ ਪੰਜਾਬ ਦੇ ਸਿਲੈਕਟਰ ਤੇ ਟਰੱਸ਼ਰ ਵਜੋਂ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦੀ ਦੇਖ-ਰੇਖ ਹੇਠ ਸੂਬੇ ’ਚ ਲਗਪਗ 60 ਰਾਊਂਡਗਲਾਸ ਸੈਂਟਰ ਚੱਲ ਰਹੇ ਹਨ, ਜੋ ਪਿੰਡਾਂ ’ਚੋਂ ਨੌਜਵਾਨ ਪ੍ਰਤਿਭਾ ਨੂੰ ਤਰਾਸ਼ ਰਹੇ ਹਨ। ਪੰਜਾਬ ਦੇ ਪਿੰਡਾਂ ’ਚ ਹਾਕੀ ਪ੍ਰਤੀ ਲਗਨ ਅੱਜ ਵੀ ਦੇਖਣ ਨੂੰ ਮਿਲਦੀ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਲਗਨ ਨੂੰ ਸਹੀ ਸਿਖਲਾਈ, ਵਧੀਆ ਖੇਡ ਸਹੂਲਤਾਂ ਤੇ ਤਜਰਬੇਕਾਰ ਕੋਚਾਂ ਦੀ ਅਗਵਾਈ ਮਿਲੇ।ਰਾਊਂਡਗਲਾਸ ਹਾਕੀ ਅਕੈਡਮੀ ਦੇ ਵਿਕਾਸ ਕੇਂਦਰ ਇਸੇ ਦਿਸ਼ਾ ’ਚ ਕੰਮ ਕਰ ਰਹੇ ਹਨ। ਸੰਜੀਵ ਕੁਮਾਰ ਵਰਗੇ ਤਜਰਬੇਕਾਰ ਓਲੰਪੀਅਨ ਦੀ ਅਗਵਾਈ ਨੌਜਵਾਨ ਖਿਡਾਰੀਆਂ ਨੂੰ ਖੇਡ ਦੀਆਂ ਬਾਰੀਕੀਆਂ ਸਿੱਖਣ ਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕਰਦੀ ਹੈ।
ਜਲੰਧਰ ਤੇ ਮੋਹਾਲੀ ਵਿਖੇ ਹਾਕੀ ਦਾ ਨਵਾਂ ਦੌਰ ਪੰਜਾਬ ’ਚ ਹਾਕੀ ਦੇ ਮਾਹੌਲ ਬਾਰੇ ਗੱਲ ਕਰਦਿਆਂ ਓਲੰਪੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਸੂਬੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇੱਥੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਬਰਲਟਨ ਪਾਰਕ ਦੀ ਕਾਇਆ-ਕਲਪ ਕੀਤੀ ਗਈ ਹੈ, ਜਿੱਥੇ ਫਲੱਡ ਲਾਈਟਾਂ ਤੇ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਾਂ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ ਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਦੇ ਵਿਸ਼ੇਸ਼ ਯਤਨਾਂ ਨਾਲ ਸੂਬੇ ’ਚ ਖੇਡਾਂ ਦਾ ਮਾਹੌਲ ਉਤਸ਼ਾਹਜਨਕ ਬਣਿਆ ਹੋਇਆ ਹੈ। ਅੱਜ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਘਰਾਂ ਦੇ ਨੇੜੇ ਅੰਤਰਰਾਸ਼ਟਰੀ ਪੱਧਰ ਦਾ ਮਾਹੌਲ ਦੇਖਣ ਨੂੰ ਮਿਲੇਗਾ। ਇਸ ਨਾਲ ਨਵੀਂ ਪਨੀਰੀ ਨੂੰ ਪ੍ਰੇਰਣਾ ਮਿਲੇਗੀ ਤੇ ਖੇਡ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਵੀ ਵਧੇਗਾ। ਇੰਡੀਆ ਟੀਮ ਦੇ ਨੌਂ ਖਿਡਾਰੀਆਂ ਦੇ ਮਾਪਿਆਂ ਸਮੇਤ ਸੂਬੇ ਦੇ ਨੌਜਵਾਨ ਸਟੇਡੀਅਮਾਂ ’ਚ ਪਹੁੰਚ ਕੇ ਹਾਕੀ ਦੇ ਮੁਕਾਬਲਿਆਂ ਦਾ ਆਨੰਦ ਮਾਣਨਗੇ। ਇਹ ਉਤਸ਼ਾਹ ਤੇ ਸ਼ਮੂਲੀਅਤ ਪੰਜਾਬ ਵਿਚ ਹਾਕੀ ਦੀ ਮੁੜ-ਸੁਰਜੀਤੀ ਤੇ ਇਸ ਦੇ ਸੁਨਹਿਰੀ ਭਵਿੱਖ ਦੀ ਆਸ ਨੂੰ ਹੋਰ ਮਜ਼ਬੂਤ ਕਰੇਗੀ।