- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਦੀਪ ਹਾਲੇ ਅੱਠਵੀਂ ਜਮਾਤ ’ਚ ਹੀ ਸੀ ਕਿ 9 ਸਤੰਬਰ 2001 ਨੂੰ ਪਿਤਾ ਦੀ ਮੌਤ ਹੋ ਗਈ। ਛੋਟੀ ਉਮਰੇ ਬਾਪ ਦਾ ਸਾਇਆ ਉੱਠ ਜਾਣ ਨਾਲ ਪਰਿਵਾਰ ਗਹਿਰੇ ਦੁੱਖ ’ਚ ਡੁੱਬ ਗਿਆ। ਪਿਤਾ ਦੀ ਮੌਤ ਤੋਂ ਮਹਿਜ਼ ਦੋ ਮਹੀਨਿਆਂ ਬਾਅਦ (ਨਵੰਬਰ 2001) ਨਵਦੀਪ ਕੌਰ ਨੈਸ਼ਨਲ ਖੇਡਣ ਲਈ ਦਿੱਲੀ ਦੇ ਮੈਦਾਨ ’ਚ ਉੱਤਰੀ।

ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ‘ਕੁਝ ਰੁੱਖ ਆਪਣੇ ਜਾਣ ਤੋਂ ਬਾਅਦ ਵੀ ਆਪਣੀ ਛਾਂ ਹਮੇਸ਼ਾ ਲਈ ਛੱਡ ਜਾਂਦੇ ਹਨ।’ ਸਵ. ਬਲਜੀਤ ਸਿੰਘ ਸੈਣੀ ਵੱਲੋਂ ਹਾਕੀ ਦੇ ਮੈਦਾਨਾਂ ’ਚ ਲਾਇਆ ਨਿਸ਼ਕਾਮ ਸੇਵਾ ਦਾ ਬੂਟਾ ਅੱਜ ਵੀ ਉਨ੍ਹਾਂ ਦੀ ਧੀ ਦੇ ਰੂਪ ’ਚ ਹਰਿਆ-ਭਰਿਆ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਨ੍ਹਾਂ ਦੇ ਸੁਪਨਿਆਂ ’ਚ ਜਾਨ ਹੁੰਦੀ ਹੈ, ਹਾਲਾਤ ਜਿੰਨੇ ਵੀ ਮਰਜ਼ੀ ਮਾੜੇ ਹੋਣ, ਉਨ੍ਹਾਂ ਦਾ ਹੌਸਲਾ ਕਦੇ ਨਹੀਂ ਟੁੱਟਦਾ। ਹਾਕੀ ਦੀ ਸਾਬਕਾ ਰਾਸ਼ਟਰੀ ਖਿਡਾਰਨ ਨਵਦੀਪ ਕੌਰ ਲਖਿਆਣ ਦੀ ਜੀਵਨ ਕਹਾਣੀ ਸਿਰਫ਼ ਇਕ ਖਿਡਾਰੀ ਦੇ ਮੈਦਾਨੀ ਸਫ਼ਰ ਦੀ ਦਾਸਤਾਨ ਨਹੀਂ ਸਗੋਂ ਪਿਤਾ ਦੇ ਸੁਪਨਿਆਂ ਨੂੰ ਜਿਉਂਦਾ ਰੱਖਣ, ਪਰਿਵਾਰਕ ਜ਼ਿੰਮੇਵਾਰੀਆਂ ਨੂੰ ਹੱਸ ਕੇ ਚੁੱਕਣ ਤੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਮਾਤ ਦੇਣ ਦੀ ਅਨੋਖੀ ਤੇ ਪ੍ਰੇਰਣਾਦਾਇਕ ਗਾਥਾ ਹੈ।
ਘਰ ’ਚ ਸੀ ਖੇਡਾਂ ਦਾ ਮਾਹੌਲ
ਨਵਦੀਪ ਨੂੰ ਖੇਡ ਪ੍ਰੇਮ ਦਾ ਅਹਿਸਾਸ ਆਪਣੇ ਘਰ ਤੋਂ ਹੀ ਮਿਲਿਆ। ਉਨ੍ਹਾਂ ਦੀ ਮਾਤਾ ਬਲਜੀਤ ਕੌਰ, ਜੋ ਖ਼ੁਦ ਭਾਰਤੀ ਜੈਵਲਿਨ ਅਥਲੀਟ ਰਹੇ ਤੇ ਸਿੰਚਾਈ ਵਿਭਾਗ ’ਚ ਸਰਕਾਰੀ ਨੌਕਰੀ ਕਰਦੇ ਸਨ, ਨੇ ਹਮੇਸ਼ਾ ਘਰ ’ਚ ਖੇਡ ਦਾ ਮਾਹੌਲ ਬਣਾਈ ਰੱਖਿਆ। ਚੰਡੀਗੜ੍ਹ ਦੇ ਸੈਕਟਰ-44 ਵਿਖੇ ਸਕੂਲ ’ਚ ਚੌਥੀ ਜਮਾਤ ’ਚ ਪੜ੍ਹਦੇ ਸਮੇਂ ਨਵਦੀਪ ਨੇ ਪਹਿਲੀ ਵਾਰ ਹਾਕੀ ਫੜੀ ਪਰ ਇਸ ਖੇਡ ਦੇ ਪਿੱਛੇ ਸਭ ਤੋਂ ਵੱਡੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਸਵਰਗੀ ਬਲਜੀਤ ਸਿੰਘ ਸੈਣੀ ਸਨ। ਸੈਕਟਰ-44 ਦੇ ਸਟੇਡੀਅਮ ’ਚ ਬੱਚਿਆਂ ਨੂੰ ਬਿਨਾਂ ਕਿਸੇ ਲਾਲਚ ਦੇ ਮੁਫ਼ਤ ਕੋਚਿੰਗ ਦੇਣਾ ਤੇ ਆਪਣੀ ਜੇਬ ’ਚੋਂ ਪੈਸੇ ਖ਼ਰਚ ਕੇ ਲੋੜਵੰਦ ਬੱਚਿਆਂ ਨੂੰ ਹਾਕੀ ਕਿੱਟਾਂ ਦੇਣਾ ਪਿਤਾ ਦੀ ਨਿਸ਼ਕਾਮ ਸੇਵਾ ਸੀ। ਪਿਤਾ ਦੀ ਇਸੇ ਰੂਹ ਨੇ ਨਵਦੀਪ ਤੇ ਉਨ੍ਹਾਂ ਦੇ ਭਰਾ ਅਮਨਦੀਪ ਸਿੰਘ ਸੈਣੀ (ਜੋ ਹੁਣ ਅਮਰੀਕਾ ’ਚ ਹਨ) ਦੇ ਮਨ ’ਚ ਹਾਕੀ ਲਈ ਜਨੂੰਨ ਭਰ ਦਿੱਤਾ।
ਨਵਦੀਪ ਹਾਲੇ ਅੱਠਵੀਂ ਜਮਾਤ ’ਚ ਹੀ ਸੀ ਕਿ 9 ਸਤੰਬਰ 2001 ਨੂੰ ਪਿਤਾ ਦੀ ਮੌਤ ਹੋ ਗਈ। ਛੋਟੀ ਉਮਰੇ ਬਾਪ ਦਾ ਸਾਇਆ ਉੱਠ ਜਾਣ ਨਾਲ ਪਰਿਵਾਰ ਗਹਿਰੇ ਦੁੱਖ ’ਚ ਡੁੱਬ ਗਿਆ। ਪਿਤਾ ਦੀ ਮੌਤ ਤੋਂ ਮਹਿਜ਼ ਦੋ ਮਹੀਨਿਆਂ ਬਾਅਦ (ਨਵੰਬਰ 2001) ਨਵਦੀਪ ਕੌਰ ਨੈਸ਼ਨਲ ਖੇਡਣ ਲਈ ਦਿੱਲੀ ਦੇ ਮੈਦਾਨ ’ਚ ਉੱਤਰੀ। ਅੱਖਾਂ ’ਚ ਹੰਝੂ ਤੇ ਦਿਲ ’ਚ ਪਿਤਾ ਦੇ ਸੁਪਨੇ ਪੂਰੇ ਕਰਨ ਦੀ ਜ਼ਿੱਦ ਨਾਲ ਖੇਡਦਿਆਂ ਨੈਸ਼ਨਲ ਤੱਕ ਦਾ ਸਫ਼ਰ ਤੈਅ ਕਰਨਾ, ਧੀ ਵੱਲੋਂ ਆਪਣੇ ਬਾਪ ਨੂੰ ਦਿੱਤੀ ਸਭ ਤੋਂ ਵੱਡੀ ਸ਼ਰਧਾਂਜਲੀ ਸੀ। ਨੌਵੀਂ-ਦਸਵੀਂ ’ਚ ਪੜ੍ਹਦੇ ਸਮੇਂ ਮਾਤਾ ਦੀ ਬਿਮਾਰੀ ਤੇ ਘਰ ਦੀਆਂ ਜ਼ਿੰਮੇਵਾਰੀਆਂ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਛੱਡਿਆ।
ਨਵਦੀਪ ਨੇ ਮੁੱਢਲੀ ਪੜ੍ਹਾਈ 35 ਮਾਡਲ ਤੋਂ ਕੀਤੀ। ਫਿਰ ਗਿਆਰਵੀਂ ’ਚ ਦਾਖ਼ਲਾ 18 ਮਾਡਲ ਸਕੂਲ ’ਚ ਇਸ ਕਰਕੇ ਲਿਆ ਕਿਉਂਕਿ ਉੱਥੇ ਹਾਕੀ ਅਕੈਡਮੀ ਸੀ ਪ੍ਰੰਤੂ ਮੈਡੀਕਲ ਗਰੁੱਪ ਵਾਲੇ ਬੱਚਿਆਂ ਨੂੰ ਖੇਡਣ ਤੋਂ ਰੋਕਿਆ ਗਿਆ। ਜਦੋਂ ਨਵਦੀਪ ਨੇ ਦੇਖਿਆ ਕਿ ਇੱਥੇ ਖੇਡਾਂ ਨੂੰ ਤਵੱਜੋ ਨਹੀਂ ਦਿੱਤੀ ਜਾ ਰਹੀ ਤਾਂ ਉਸ ਨੇ ਵਿਚਾਲੇ ਹੀ ਆਪਣੀ ਪੜ੍ਹਾਈ ਛੱਡ ਦਿੱਤੀ। ਇਕ ਸਾਲ ਦਾ ਗੈਪ ਪਾ ਕੇ ਉਸ ਨੇ 35 ਮਾਡਲ ’ਚ ਦਾਖ਼ਲਾ ਲੈ ਲਿਆ ਤੇ ਉਥੇ ਬਾਰ੍ਹਵੀਂ ਪਾਸ ਕੀਤੀ। ਉਪਰੰਤ ਲਾਂਡਰਾ ਕਾਲਜ ਤੋਂ ਬੀਐੱਸਸੀ ਏਅਰਲਾਈਨ ਟੂਰਿਜ਼ਮ ਹੌਸਪੀਟੈਲਿਟੀ ਮੈਨੇਜਮੈਂਟ (2006) ਤੇ ਐੱਮਬੀਏ ਹੋਟਲ ਮੈਨੇਜਮੈਂਟ (2011) ਕੀਤੀ। ਵੱਡੇ ਸ਼ਹਿਰਾਂ ਜਾਂ ਵਿਦੇਸ਼ ਜਾਣ ਦੇ ਮੌਕੇ ਹੋਣ ਦੇ ਬਾਵਜੂਦ ਉਸ ਨੇ ਪਰਿਵਾਰ ਦਾ ਸਹਾਰਾ ਬਣਨ ਲਈ ਸਥਾਨਕ ਨੌਕਰੀ ਨੂੰ ਚੁਣਿਆ।
ਹਾਕੀ ਦੀ ਕਰ ਰਹੀ ਪਨੀਰੀ ਤਿਆਰ
ਸਾਲ 2012 ’ਚ ਨਵਦੀਪ ਦਾ ਵਿਆਹ ਬਾਡੀ ਬਿਲਡਰ ਦੇ ਇੰਟਰਨੈਸ਼ਨਲ ਖਿਡਾਰੀ ਕਿਰਤ ਪਾਲ ਸਿੰਘ ਨਾਲ ਹੋਇਆ। ਹੁਣ ਉਹ ਆਪਣੇ ਬੇਟੇ ਕਰਨਵ ਸਿੰਘ ਤੇ ਪਤੀ ਨਾਲ ਮੁਹਾਲੀ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ ’ਚ ਖ਼ੁਸ਼ਹਾਲ ਜੀਵਨ ਜੀਅ ਰਹੇ ਹਨ। ਹਾਕੀ ਛੱਡਿਆਂ 10 ਸਾਲ ਤੋਂ ਵੱਧ ਸਮਾਂ ਬੀਤ ਗਿਆ ਪਰ ਹਾਕੀ ਦੀ ਰੂਹ ਅੱਜ ਵੀ ਜਿਉਂਦੀ ਹੈ। ਵਿਆਹ ਤੋਂ ਬਾਅਦ ਭਾਵੇਂ ਉਸ ਕੋਲੋਂ ਹਾਕੀ ਛੁੱਟ ਗਈ ਪਰ ਉਹ ਅੱਜ ਮੁਹਾਲੀ ਦੇ ਸਟੇਡੀਅਮ ’ਚ ਹਾਕੀ ਦੀ ਪਨੀਰੀ ਤਿਆਰ ਕਰ ਰਹੀ ਹੈ ਤੇ ਲੜਕੀਆਂ ਨੂੰ ਸਿਖਲਾਈ ਦੇ ਰਹੀ ਹੈ।
ਨਵਦੀਪ ਕੌਰ ਲਖਿਆਣ ਤੇ ਉਸ ਦਾ ਭਰਾ ਅਮਨਦੀਪ ਸਿੰਘ ਸੈਣੀ ਆਪਣੇ ਪਿਤਾ ਦੀ ਯਾਦ ’ਚ ‘ਬਲਜੀਤ ਸਿੰਘ ਮੈਮੋਰੀਅਲ ਟੂਰਨਾਮੈਂਟ’ ਕਰਵਾਉਂਦੇ ਹਨ। ਉਸ ਦਾ ਪਤੀ ਵੀ ਪੂਰਾ ਸਾਥ ਦਿੰਦਾ ਹੈ। ਉਹ ਉੱਭਰਦੀਆਂ ਧੀਆਂ ਤੇ ਬੱਚਿਆਂ ਨੂੰ ਅਡਾਪਟ ਕਰ ਕੇ ਹਾਕੀ ਕਿੱਟਾਂ ਤੇ ਵਿੱਤੀ ਸਹਾਇਤਾ ਦਿੰਦੇ ਹਨ ਤਾਂ ਜੋ ਪਿਤਾ ਦੀ ਸ਼ੁਰੂ ਕੀਤੀ ਸੇਵਾ ਨਿਰੰਤਰ ਚੱਲਦੀ ਰਹੇ। ਨਵਦੀਪ ਦੀ ਜ਼ਿੰਦਗੀ ਸਿਖਾਉਂਦੀ ਹੈ ਕਿ ਮਜ਼ਬੂਤ ਇੱਛਾ-ਸ਼ਕਤੀ ਨਾਲ ਹਰ ਚੁਣੌਤੀ ਨੂੰ ਜਿੱਤਿਆ ਜਾ ਸਕਦਾ ਹੈ।